ਮਲੋਟ, 3 ਸਤੰਬਰ (ਹਰਦੀਪ ਸਿੰਘ ਖ਼ਾਲਸਾ)
ਪਿੰਡ ਲਾਲਬਾਈ ਵਿਚ ਬੀਤੀ ਰਾਤ ਨੂੰ ਪੈਸਿਆਂ ਦੇ ਲਾਲਚ ਵਿਚ ਸਿੰਚਾਈ ਵਿਭਾਗ ਦੇ ਬੇਲਦਾਰ
ਦਾ ਗਲਾ ਕੱਟ ਕੇ ਬੇਰਿਹਮੀ ਨਾਲ ਕਤਲ ਕਰ ਦਿਤਾ। ਲੰਬੀ ਥਾਣਾ ਪੁਲਿਸ ਨੇ ਦੋ ਵਿਅਕਤੀਆਂ
ਵਿਰੁਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਹੈ। ਮ੍ਰਿਤਕ ਬੇਲਦਾਰ ਗੁਰਤੇਜ ਸਿੰਘ
ਹਰਿਆਣਾ ਦੀ ਮੰਡੀ ਕਾਲਾਂਵਾਲੀ ਤੋਂ ਅਕਾਲੀ ਦਲ ਬਾਦਲ ਦੇ ਵਿਧਾਇਕ ਬਲਕੌਰ ਸਿੰਘ ਦਾ ਸਾਲਾ
ਸੀ, ਬਲਕੌਰ ਸਿੰਘ ਅਪਣੇ ਹੋਰ ਰਿਸ਼ਤੇਦਾਰਾਂ ਨਾਲ ਮਲੋਟ ਦੇ ਸਰਕਾਰੀ ਹਸਪਤਾਲ ਵਿਚ ਪਹੁੰਚ
ਕੇ ਮ੍ਰਿਤਕ ਦਾ ਪੁਲਿਸ ਦੀ ਮੌਜੂਦਗੀ ਵਿਚ ਪੋਸਟਮਾਰਟਮ ਕਰਵਾ ਕੇ ਪੁਲਿਸ ਨੂੰ ਦੋਸ਼ੀਆਂ
ਵਿਰੁਧ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਪੁਲਿਸ ਦੇ ਦਿਤੇ ਗਏ ਬਿਆਨਾਂ ਵਿਚ ਮ੍ਰਿਤਕ
ਬਲਵਿੰਦਰ ਸਿੰਘ ਨੇ ਦਸਿਆ ਕਿ ਉਸ ਦਾ ਪਿਤਾ ਗੁਰਤੇਜ ਸਿੰਘ ਪੁੱਤਰ ਚੰਦ ਸਿੰਘ ਸਿੰਚਾਈ
ਵਿਭਾਗ ਵਿਚ ਬੇਲਦਾਰ ਸੀ ਅਤੇ ਉਸ ਨੂੰ ਤਨਖ਼ਾਹ ਮਿਲੀ ਸੀ ਕਿ ਸ਼ਨੀਵਾਰ ਨੂੰ ਪਿੰਡ ਲਾਲਬਾਈ
ਵਿਚ ਅਪਣੇ ਭਰਾ ਰੇਸ਼ਮ ਸਿੰਘ ਨੂੰ ਮਿਲਣ ਗਿਆ ਸੀ ਕਿ ਪਿੰਡ ਦੇ ਹੀ ਵਿਅਕਤੀਆਂ ਨੂੰ ਉਸ ਦੇ
ਕੋਲ ਪੈਸੇ ਹੋਣ ਦਾ ਪਤਾ ਚੱਲਣ ਤੇ ਪਹਿਲਾਂ ਉਸ ਤੇ ਹਮਲਾ ਕਰ ਉਸ ਦਾ ਗਲਾ ਘੁੱਟ ਕੇ ਮਾਰਨ
ਦਾ ਯਤਨ ਕੀਤਾ ਗਿਆ, ਪ੍ਰੰਤੂ ਲੱਗਿਆ ਉਹ ਅਜੇ ਤਕ ਨਹੀਂ ਮਰਿਆ ਤਾਂ ਉਨ੍ਹਾਂ ਨੇ ਤੇਜ਼ਧਾਰ
ਹਥਿਆਰ ਨਾਲ ਬੇਰਹਮੀ ਨਾਲ ਉਸ ਦਾ ਗਲਾ ਵੱਢ ਕੇ ਮੌਤ ਦੇ ਘਾਟ ਉਤਾਰ ਦਿਤਾ।
ਥਾਣਾ
ਲੰਬੀ ਦੇ ਮੁਖੀ ਬਿਕਰਮਜੀਤ ਸਿੰਘ ਨੇ ਦਸਿਆ ਕਿ ਮ੍ਰਿਤਕ ਗੁਰਤੇਜ ਸਿੰਘ ਦੇ ਪੁੱਤਰ
ਬਲਵਿੰਦਰ ਸਿੰਘ ਦੇ ਬਿਆਨਾਂ 'ਤੇ ਨਵਜੋਤ ਸਿੰਘ ਪੁੱਤਰ ਸੁਖਮੰਦਰ ਸਿੰਘ ਅਤੇ ਲਖਵਿੰਦਰ
ਸਿੰਘ ਪੁੱਤਰ ਬਲਵੰਤ ਸਿੰਘ ਦੋਵੇਂ ਵਾਸੀ ਲਾਲਬਾਈ ਵਿਰੁਧ ਮਾਮਲਾ ਦਰਜ ਕਰ ਕੇ ਮ੍ਰਿਤਕ
ਸਰਕਾਰੀ ਹਸਪਤਾਲ ਮਲੋਟ ਵਿਖੇ ਪੋਸਟਮਾਰਟਮ ਕਰਨ ਤੋਂ ਬਾਅਦ ਲਾਸ਼ ਪਰਵਾਰ ਵਾਲਿਆਂ ਨੂੰ ਸੌਂਪ
ਦਿਤੀ ਹੈ।