ਪੰਜਾਬ 10 ਸਾਲ ਦੀ ਲੁੱਟ ਮਗਰੋਂ ਚੰਗੇ ਸਮੇਂ ਵਲ ਵਧਣ ਲੱਗਾ : ਨਵਜੋਤ ਸਿੰਘ ਸਿੱਧੂ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 16 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਸਥਾਨਕ ਸਰਕਾਰਾ ਮੰਤਰੀ ਬਾਰੇ ਨਵਜੋਤ ਸਿੰਘ ਸਿੱਧੂ ਨੇ ਸਰਕਾਰ ਵਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਦੀ ਸਮੀਖਿਆ ਕਰਦਿਆਂ ਕਿਹਾ ਕਿ ਪੰਜਾਬ 10 ਸਾਲ ਦੇ ਕੁਸ਼ਾਸ਼ਣ ਤੋਂ ਪ੍ਰਸਾਸ਼ਨ ਵਲ ਵੱਧਣ ਲੱਗਾ ਹੈ। 6 ਮਹੀਨੇ ਅਸੀਂ ਫ਼ੰਡ ਪ੍ਰਬੰਧ, ਨੀਤੀ ਘੜਨ ਅਤੇ ਫ਼ੰਡਾਂ ਦੀ ਵੰਡ ਵਿਚ ਬਿਤਾਏ ਹਨ ਅਤੇ ਹੁਣ ਵੇਲਾ ਹੈ ਕਿ ਅਸੀਂ ਇਸ ਨੂੰ ਸਹੀ ਰੂਪ ਵਿਚ ਲੋਕਾਂ ਤਕ ਪੁੱਜਦਾ ਕਰੀਏ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਹੁਣ ਹਫ਼ਤੇ ਵਿੱਚ ਤਿੰਨ ਦਿਨ ਗੁਰੂ ਨਗਰੀ ਅੰਮ੍ਰਿਤਸਰ ਵਿਖੇ ਹਾਜ਼ਰ ਰਹਿ ਕੇ ਸਾਰਾ ਪ੍ਰਬੰਧ ਖ਼ੁਦ ਦੇਖਣਗੇ। ਨੀਤੀਆਂ ਲਾਗੂ ਕਰਨ ਵਿੱਚ ਰਤੀ ਭਰ ਵੀ ਢਿੱਲ ਨਹੀਂ ਵਰਤਾਂਗੇ ਅਤੇ ਨਾ ਹੀ ਕਿਸੇ ਨੂੰ ਵਰਤਣ ਦਿਆਂਗੇ। ਚੰਗਾ ਕੰਮ ਕਰਨ ਵਾਲੇ ਅਧਿਕਾਰੀ ਮੇਰੀ ਪੱਗ ਦਾ ਲੜ੍ਹ ਹਨ ਉਨ੍ਹਾਂ ਨੂੰ ਸਨਮਾਨਿਆ ਜਾਵੇਗਾ। ਮਾੜਾ ਕੰਮ ਕਰਨ ਵਾਲੇ ਅਧਿਕਾਰੀਆਂ ਤੇ ਸਖ਼ਤ ਕਾਰਵਾਈ ਹੋਵੇਗੀ।
ਅੰਮ੍ਰਿਤਸਰ ਸ਼ਹਿਰ ਦੀ ਗੱਲ ਕਰਦੇ ਨਵਜੋਤ ਸਿੰਘ ਸਿੱਧੂ ਨੇ ਦਸਿਆ ਕਿ ਪੰਜਾਬ ਸਰਕਾਰ ਵਲੋਂ ਸ਼ਹਿਰ ਦੇ ਵਿਕਾਸ ਲਈ 125 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ ਜੋ ਕਿ ਹਰੇਕ ਹਲਕੇ ਦੇ ਵਿਧਾਇਕ ਨਾਲ ਸਲਾਹ ਮਸ਼ਵਰਾ ਕਰ ਕੇ ਵਰਤੇ ਜਾਣਗੇ। ਅੰਮ੍ਰਿਤਸਰ ਸ਼ਹਿਰ ਦੀ ਸੁਰੱਖਿਆ ਲਈ ਸਾਰੇ ਸ਼ਹਿਰ ਵਿੱਚ ਸੀ.ਸੀ.ਟੀ.ਵੀ. ਕੈਮਰੇ ਛੇਤੀ ਹੀ ਲਗਾ ਦਿਤਾ ਜਾਣਗੇ।  ਸਿੱਧੂ ਨੇ ਕੰਪਨੀ ਬਾਗ ਲਈ 3 ਕਰੋੜ ਰੁਪਏ ਦੇਣ ਦਾ ਐਲਾਨ ਵੀ ਕੀਤਾ।
ਮਨਰੇਗਾ ਸਕੀਮ ਬਾਰੇ ਸ. ਸਿੱਧੂ ਨੇ ਕਿਹਾ ਕਿ ਉਹ ਇਸ ਸਕੀਮ ਵਿਚ ਛੋਟੇ ਕਿਸਾਨਾਂ ਨੂੰ ਸ਼ਾਮਲ ਕਰਨ ਲਈ ਸਰਕਾਰ ਤੱਕ ਪਹੁੰਚ ਕਰਾਂਗਾ ਅਤੇ ਇਸ ਵਿਚ ਲੋੜੀਂਦੀ ਤਰਮੀਮ ਕੀਤੀ ਜਾਵੇਗੀ। ਉਨ੍ਹਾਂ ਮੰਨਿਆ ਕਿ ਨੀਲਾ ਕਾਰਡ ਧਾਰਕਾਂ ਵਿਚ ਵੰਡੀ ਜਾਣ ਵਾਲੀ ਕਣਕ ਦਾ ਵੱਡਾ ਘੋਟਾਲਾ ਅੰਮ੍ਰਿਤਸਰ ਵਿੱਚ ਹੋਇਆ ਹੈ ਅਤੇ ਇਸ ਵਿੱਚ ਸ਼ਾਮਲ ਅਧਿਕਾਰੀ ਬਖ਼ਸ਼ੇ ਨਹੀਂ ਜਾਣਗੇ।
ਪੈਨਸ਼ਨਾਂ ਦੀ ਗੱਲ ਕਰਦਿਆਂ ਉਨ੍ਹਾਂ ਸਪੱਸ਼ਟ ਕੀਤਾ ਕਿ ਸਾਰੇ ਲੋੜਵੰਦ ਲੋਕਾਂ ਤਕ ਪੈਨਸ਼ਨ ਦਾ ਲਾਭ ਜਾਣਾ ਚਾਹੀਦਾ ਹੈ ਅਤੇ ਇਸ ਲਈ ਹਰੇਕ ਹਲਕੇ ਦੇ ਵਿਧਾਇਕ ਨਾਲ ਮਸ਼ਵਰਾ ਕਰ ਕੇ ਹਲਕਾ ਵਾਈਜ਼ ਕੈਂਪ ਲਾਏ ਜਾਣ, ਜਿਸ ਵਿਚ ਨਵੇਂ ਲੋਕਾਂ ਨੂੰ ਸ਼ਾਮਲ ਕੀਤਾ ਜਾਵੇ ਅਤੇ ਪੁਰਾਣੀਆਂ ਪੈਨਸ਼ਨਾਂ ਦੀ ਪੜਤਾਲ ਕੀਤੀ ਜਾਵੇ ਤਾਂ ਜੋ ਕੋਈ ਕਿਸੇ ਗ਼ਰੀਬ ਦਾ ਹੱਕ ਨਾ ਖਾਵੇ।
ਉਨ੍ਹਾਂ ਸ਼ਹਿਰ ਦਾ ਟਰੈਫ਼ਿਕ ਪ੍ਰਬੰਧ ਸੁਚਾਰੂ ਰੂਪ ਵਿਚ ਕਰਨ ਲਈ ਪੁਲਿਸ ਪ੍ਰਸਾਸ਼ਨ ਨੂੰ ਵਿਆਪਕ ਯੋਜਨਾਬੰਦੀ ਕਰਨ ਦੀ ਹਦਾਇਤ ਵੀ ਕੀਤੀ ਤਾਂ ਜੋ ਬੀ.ਆਰ.ਟੀ.ਐਸ. ਪ੍ਰਾਜੈਕਟ ਨੂੰ ਸਹੀ ਰੂਪ ਵਿਚ ਲਾਗੂ ਕਰ ਕੇ ਸੜਕਾਂ ਉਤੇ ਲਗਦੇ ਜਾਮ ਬੰਦ ਕੀਤੇ ਜਾ ਸਕਣ। ਇਸ ਲਈ ਉਨ੍ਹਾਂ ਬੱਸ ਸਟੈਂਡ ਨੂੰ ਬਾਹਰ ਕੱਢਣ, ਪਾਰਕਿੰਗ ਲਈ ਥਾਵਾਂ ਦਾ ਪ੍ਰਬੰਧ ਕਰਨ, ਰੇਹੜੀਆਂ ਲਈ ਸਥਾਨ ਨਿਰਧਾਰਤ ਕਰਨ ਅਤੇ ਆਟੋ ਟਰੈਫਿਕ ਨੂੰ ਮੈਨੇਜ ਕਰਨ ਦਾ ਸੁਝਾਅ ਦਿਤਾ। ਸ: ਸਿੱਧੂ ਨੇ ਕਿਹਾ ਕਿ ਕਿਸੇ ਨੂੰ ਵੀ ਸਰਕਾਰੀ ਥਾਵਾਂ ਉਤੇ ਕਬਜ਼ੇ ਨਹੀਂ ਕਰਨ ਦਿਤੇ ਜਾਣਗੇ ਅਤੇ ਹੈਰੀਟੇਜ ਵਾਕ ਦੇ ਰਸਤੇ ਨੂੰ ਸੁਧਾਰਿਆ ਜਾਵੇਗਾ ਤਾਂ ਜੋ ਯਾਤਰੂ ਸਾਡੇ ਇਤਿਹਾਸਕ ਸਥਾਨਾਂ ਦਾ ਪੁਰਾਤਨ ਰੂਪ ਵੇਖ ਸਕਣ।
ਇਸ ਮੌਕੇ ਓਮ ਪ੍ਰਕਾਸ਼ ਸੋਨੀ, ਡਾ ਰਾਜ ਕੁਮਾਰ ਵੇਰਕਾ, ਇੰਦਰਬੀਰ ਸਿੰਘ ਬੁਲਾਰੀਆ, ਸ੍ਰੀ ਸੁਨੀਲ ਦੱਤੀ (ਸਾਰੇ ਵਿਧਾਇਕ), ਡੀ.ਸੀ. ਕਮਲਦੀਪ ਸਿੰਘ ਸੰਘਾ, ਪੁਲਿਸ ਕਮਿਸ਼ਨਰ ਐਸ ਸ੍ਰੀਵਾਸਤਵ, ਜੁਗਲ ਕਿਸ਼ੋਰ, ਕੌਂਸਲਰ ਸੁਖਦੇਵ ਸਿੰਘ ਚਾਹਲ, ਅਵਤਾਰ ਸਿੰਘ ਟਰੱਕਾਂ ਵਾਲਾ ਆਦਿ ਹਾਜ਼ਰ ਸਨ।