ਪੰਜਾਬ 'ਚ ਭਰਵਾਂ ਮੀਂਹ, ਔੜ-ਮਾਰੀਆਂ ਫ਼ਸਲਾਂ 'ਚ ਜਾਨ ਪਈ

ਖ਼ਬਰਾਂ, ਪੰਜਾਬ

ਕਾਹਨੂੰਵਾਨ, 11 ਦਸੰਬਰ (ਨਿਸ਼ਾਨ ਸਿੰਘ ਚਾਹਲ) :  ਪੰਜਾਬ ਸਮੇਤ ਪੂਰੇ ਉੱਤਰੀ ਭਾਰਤ ਵਿਚ ਅੱਜ ਤੜਕਸਾਰ ਤੋਂ ਹਲਕਾ ਮੀਂਹ ਪੈਣ ਲੱਗ ਪਿਆ ਜਿਹੜਾ ਸ਼ਾਮ ਤਕ ਭਰਵੇਂ ਮੀਂਹ ਵਿਚ ਬਦਲ ਗਿਆ। ਦੁਪਹਿਰ ਅਤੇ ਸ਼ਾਮ ਸਮੇਂ ਕਈ ਖੇਤਰਾਂ ਵਿਚ ਭਾਰੀ ਮੀਂਹ ਪਿਆ ਹੈ। ਪਿਛਲੇ ਦੋ ਮਹੀਨੇ ਤੋਂ ਵੱਧ ਸਮੇਂ ਵਿਚ ਇਹ ਦੂਜੀ ਬਰਸਾਤ ਹੋਈ ਹੈ।
ਇਨ੍ਹਾਂ ਦਿਨਾਂ ਵਿਚ ਹਾੜ੍ਹੀ ਦੀਆਂ ਫ਼ਸਲਾਂ ਯਾਨੀ ਕਣਕ, ਸਰ੍ਹੋਂ, ਗੰਨਾ, ਦਾਲਾਂ ਆਦਿ ਫ਼ਸਲਾਂ ਨੂੰ ਪਾਣੀ ਦੀ ਲੋੜ ਹੁੰਦੀ ਹੈ। ਪੰਜਾਬ ਵਿਚ ਇਨ੍ਹੀਂ ਦਿਨੀਂ ਕਿਸਾਨ ਕਣਕ ਦੀ ਫ਼ਸਲ ਨੂੰ ਪਹਿਲਾ ਪਾਣੀ ਦੇ ਰਹੇ ਹੁੰਦੇ ਹਨ। ਮੌਸਮ ਵਿਭਾਗ ਨੇ ਮੌਸਮ ਖ਼ਰਾਬ ਹੋਣ ਤੇ ਮੀਂਹ ਪੈਣ ਦੀ ਪਹਿਲਾਂ ਹੀ ਭਵਿੱਖਬਾਣੀ ਕਰ ਦਿਤੀ ਸੀ। ਮੀਂਹ ਦੀ ਆਮਦ ਮਗਰੋਂ ਕਿਸਾਨਾਂ ਦੇ ਕਣਕ ਨੂੰ ਪਾਣੀ ਦੇਣ ਦੇ ਰੁਝੇਵੇਂ ਕਾਫ਼ੀ ਘੱਟ ਜਾਣਗੇ।
ਕਈ ਕਿਸਾਨਾਂ ਨੇ ਗੱਲਬਾਤ ਦੌਰਾਨ ਦਸਿਆ ਕਿ ਹਲਕੀ ਅਤੇ ਦਰਮਿਆਨੀ ਬਰਸਾਤ ਕਣਕ ਲਈ ਬਹੁਤ ਲਾਹੇਵੰਦ ਹੈ। ਦੂਜੀਆਂ ਫ਼ਸਲਾਂ ਲਈ ਵੀ ਇਹ ਬਰਸਾਤ ਜੀਵਨ ਬੂਟੀ ਦਾ ਕੰਮ ਕਰਦੀ ਹੈ।
ਕਿਸਾਨ ਗੁਰਦੀਪ ਸਿੰਘ ਨੇ ਕਿਹਾ ਕਿ ਛੋਲਿਆਂ ਅਤੇ ਮਸਰਾਂ ਦੀ ਫ਼ਸਲ ਲਈ ਬਰਸਾਤ ਹਾਨੀਕਾਰਕ ਹੈ। ਕਿਸਾਨ ਜਸਬੀਰ ਸਿੰਘ ਨੇ ਦਸਿਆ ਕਿ ਹਰੇ ਚਾਰੇ ਲਈ ਇਹ ਬਰਸਾਤ ਲਾਹੇਵੰਦ ਹੈ। ਖੇਤੀ ਅਧਿਕਾਰੀ ਜਸਪਾਲ ਸਿੰਘ ਨੇ ਕਿਹਾ ਕਿ ਸਰਦੀਆਂ ਦੀ ਬਰਸਾਤ ਦਸੰਬਰ ਦੇ ਪਹਿਲੇ ਪੰਦਰਵਾੜੇ ਵਿਚ ਬਹੁਤ ਲਾਭਦਾਇਕ ਹੈ। ਕਿਸਾਨਾਂ ਨੂੰ ਹੁਣ ਟਿਊਬਵੈਬਲ ਦਾ ਪਾਣੀ ਬਹੁਤ ਹੀ ਸਾਵਧਾਨੀ ਨਾਲ ਵਰਤਣਾ ਚਾਹੀਦਾ ਹੈ।