ਪੰਜਾਬ ਦੇ ਐਡਵੋਕੇਟ ਜਨਰਲ ਅਤੇ ਸੀ.ਬੀ.ਆਈ ਨੂੰ ਨੋਟਿਸ ਜਾਰੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 10 ਫ਼ਰਵਰੀ (ਨੀਲ ਭਲਿੰਦਰ ਸਿੰਘ): ਬੇਅੰਤ ਸਿੰਘ ਕਤਲਕਾਂਡ ਵਿਚ ਬੁੜੈਲ ਜੇਲ ਵਿਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਉਰਾ ਵਲੋਂ ਅਪਣੀ ਬਜ਼ੁਰਗ ਮਾਤਾ ਦੀ ਮਿਲਣ ਦੀ ਅੰਤਮ ਇੱਛਾ ਸਬੰਧੀ ਦੋ ਘੰਟੇ ਦੀ ਕਸਟਡੀ ਪੈਰੋਲ ਨਾਲ ਸਬੰਧਤ ਕੇਸ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਹੋਈ। ਇਸ ਵਿਚ ਅਦਾਲਤ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੇ ਸੀ.ਬੀ.ਆਈ. ਨੂੰ 14 ਫਰਵਰੀ 2018 ਲਈ ਨੋਟਿਸ ਜਾਰੀ ਕਰਦੇ ਹੋਏ, ਪੰਜਾਬ ਦੇ ਐਡਵੋਕੈਟ ਜਨਰਲ ਨੂੰ ਭਾਈ ਪਰਮਜੀਤ ਸਿੰਘ ਭਿਉਰਾ ਨੂੰ ਉਸ ਦੀ ਮਾਂ ਨਾਲ ਮਿਲਾਉਣ ਲਈ ਲੋੜੀਂਦੀ ਸੁਰੱਖਿਆ ਮੁਹੱਈਆ ਕਰਾਉਣ ਸਬੰਧੀ ਰੀਪੋਰਟ ਦੇਣ ਦੇ ਹੁਕਮ ਦਿਤੇ ਹਨ। 

ਇਸ ਕੇਸ ਦੀ ਪੈਰਵਾਈ ਕਰ ਰਹੇ ਐਡਵੋਕੇਟ ਸਿਮਰਨਜੀਤ ਸਿੰਘ ਨੇ ਦਸਿਆ ਕਿ ਭਾਈ ਭਿਉਰਾ ਦੀ ਪੈਰੋਲ ਸਬੰਧੀ ਪਹਿਲਾਂ ਅਦਾਲਤ ਵਿਚ ਕੇਸ ਲਗਾਇਆ ਗਿਆ ਸੀ ਜਿਸ ਵਿਚ ਅਦਾਲਤ ਵਲੋਂ ਯੂ.ਟੀ. ਪ੍ਰਸ਼ਾਸਨ ਨੂੰ ਭਾਈ ਭਿਉਰਾ ਦੀ ਮਾਤਾ ਲਈ ਐਂਬੂਲੈਂਸ ਅਤੇ ਡਾਕਟਰ ਮੁਹਈਆ ਕਰਾਉਣ ਲਈ ਨਿਰਦੇਸ਼ ਜਾਰੀ ਕੀਤੇ ਸਨ ਪਰ ਉਨ੍ਹਾਂ ਦੀ ਮਾਤਾ ਦੀ ਸਿਹਤ ਖ਼ਰਾਬ ਹੋਣ ਕਰ ਕੇ ਉਹ ਅਪਣੇ ਪੁੱਤਰ ਨਾਲ ਮੁਲਾਕਾਤ ਲਈ ਜੇਲ ਵਿਚ ਨਹੀਂ ਆ ਸਕੇ ਜਿਸ ਕਰ ਕੇ ਦੁਬਾਰਾ ਪੈਰੋਲ ਲਈ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਉਨ੍ਹਾਂ ਦਸਿਆ ਕਿ ਪਟੀਸ਼ਨ ਵਿਚ ਹਾਈ ਕੋਰਟ ਨੂੰ ਦਸਿਆ ਗਿਆ ਹੈ ਕਿ ਮਦਰਾਸ ਹਾਈ ਕੋਰਟ ਵਲੋਂ ਰਾਜੀਵ ਗਾਂਧੀ ਕਤਲ ਕੇਸ ਵਿਚ ਸ਼ਾਮਲ ਮੁਜਰਮ ਰਵੀਚੰਦਰਨ ਨੂੰ ਵੀ 15 ਦਿਨਾਂ ਦੀ ਪੈਰੋਲ ਦਿਤੀ ਗਈ ਹੈ। ਉਨ੍ਹਾਂ ਦਸਿਆ ਕਿ ਮਾਤਾ ਦੀ ਸਿਹਤ ਵਿਗੜਨ ਕਰ ਕੇ ਉਹ ਸਫ਼ਰ ਕਰਨ ਤੋਂ ਅਸਮਰੱਥ ਹਨ।