ਪੰਜਾਬ ਦੇ ਕਈ ਇਲਾਕਿਆਂ 'ਚ ਦੇਰ ਰਾਤ ਤੋਂ ਬਾਰਿਸ਼, ਪੈ ਸਕਦੇ ਹਨ ਗੜ੍ਹੇ

ਖ਼ਬਰਾਂ, ਪੰਜਾਬ

ਜਲੰਧਰ : ਐਤਵਾਰ ਨੂੰ ਪੰਜਾਬ 'ਚ ਦਿਨ ਭਰ ਬੱਦਲ ਛਾਏ ਰਹੇ। ਪਹਾੜਾਂ ਨਾਲ ਲੱਗਦੇ ਇਲਾਕਿਆਂ 'ਚ ਦੁਪਹਿਰ ਦੇ ਬਾਅਦ ਮਿੱਟੀ ਨਾਲ ਭਰੀਆਂ ਹਵਾਵਾਂ ਵੀ ਆਈਆਂ। ਉਥੇ ਹੀ ਦੇਰ ਰਾਤ ਕਈ ਇਲਾਕਿਆਂ 'ਚ ਹਲਕੀ ਬਾਰਿਸ਼ ਵੀ ਹੋਈ। ਰਾਤ ਦੇ ਤਾਪਮਾਨ 'ਚ ਕਰੀਬ 5 ਡਿਗਰੀ ਤੱਕ ਗਿਰਾਵਟ ਦਰਜ ਕੀਤੀ ਗਈ। ਮੌਸਮ ਵਿਭਾਗ ਮੁਤਾਬਕ ਹਵਾ ਦੇ ਘੱਟ ਦਬਾਅ ਦਾ ਖੇਤਰ ਬਣਿਆ ਹੈ। 

ਸੋਮਵਾਰ ਵੀ ਮੌਸਮ ਬਾਰਿਸ਼ ਵਾਲਾ ਹੀ ਬਣਿਆ ਹੋਇਆ ਹੈ। ਇਸ ਦੇ ਨਾਲ ਹੀ ਪਾਕਿਸਤਾਨ ਵੱਲੋਂ ਆਈ ਨਮੀ ਨਾਲ ਭਰੀਆਂ ਹਵਾਵਾਂ ਵੀ ਭਾਰਤ 'ਚ ਦਾਖਲ ਹੋਣ ਲੱਗੀਆਂ ਹਨ। ਇਸ ਨਾਲ ਪਹਾੜੀ ਇਲਾਕਿਆਂ 'ਚ ਬਰਫਬਾਰੀ ਹੋ ਰਹੀ ਹੈ। ਪੰਜਾਬ, ਹਰਿਆਣਾ ਸਮੇਤ ਕਈ ਸੂਬਿਆਂ 'ਚ ਸੋਮਵਾਰ ਨੂੰ ਬਾਰਿਸ਼ ਅਤੇ ਗੜ੍ਹੇ ਪੈਣ ਦੀ ਸੰਭਾਵਨਾ ਹੈ। 

ਮੌਸਮ ਵਿਭਾਗ ਮੁਤਾਬਕ ਸੋਮਵਾਰ ਨੂੰ ਵੀ ਦਿਨ ਅਤੇ ਰਾਤ ਦਾ ਤਾਪਮਾਨ ਹੋਰ ਡਿੱਗ ਸਕਦਾ ਹੈ। ਉਥੇ ਹੀ ਸ਼ਿਮਲਾ ਸਮੇਤ ਹਿਮਾਚਲ ਦੇ 6 ਜ਼ਿਲਿਆਂ 'ਚ ਐਤਵਾਰ ਨੂੰ ਮੌਸਮ ਵਿਭਾਗ ਨੇ ਬਰਫੀਲੇ ਤੂਫਾਨ ਦੀ ਚੇਤਾਵਨੀ ਜਾਰੀ ਕੀਤੀ ਹੈ। ਇਥੋਂ ਦੇ ਯੇਪਨ ਪੀਕ, ਕੁੰਜੁਮ ਦਰਰਾ, ਰੋਹਤਾਂਗ, ਬਾਰਾਲਾਚਾ, ਸਪਤ ਰਿਸ਼ੀ ਅਤੇ ਲੇਡੀ ਆਫ ਕੇਲਾਂਗ 'ਚ ਰੁੱਕ-ਰੁੱਕ ਕੇ ਬਰਫਬਾਰੀ ਜਾਰੀ ਹੈ।