ਪੰਜਾਬ ਦੇ ਸ਼ਹਿਰਾਂ 'ਚ ਮੁੱਖ ਮਾਰਗਾਂ 'ਤੇ ਮੁੜ ਸ਼ਰਾਬ ਦੇ ਠੇਕਿਆਂ ਦੀ ਹੋਈ ਭਰਮਾਰ

ਖ਼ਬਰਾਂ, ਪੰਜਾਬ

ਬਠਿੰਡਾ, 15 ਸਤੰਬਰ (ਸੁਖਜਿੰਦਰ ਮਾਨ) : ਸੁਪਰੀਮ ਕੋਰਟ ਦੇ ਪੁਨਰ ਫ਼ੈਸਲੇ ਤੋਂ ਬਾਅਦ ਸੂਬੇ ਦੇ ਪ੍ਰਮੁੱਖ ਸ਼ਹਿਰਾਂ ਦੇ ਮੁੱਖ ਮਾਰਗਾਂ 'ਤੇ ਸ਼ਰਾਬ ਦੇ ਠੇਕਿਆਂ ਦੀ ਮੁੜ ਭਰਮਾਰ ਹੋ ਗਈ ਹੈ। ਪਹਿਲਾਂ ਹੀ ਮੰਦੀ ਦਾ ਦੌਰ ਝੱਲ ਰਹੇ ਠੇਕੇਦਾਰਾਂ ਨੇ ਰਾਤੋ-ਰਾਤ ਜੀ.ਟੀ ਰੋਡਜ਼ ਉਪਰ ਸ਼ਰਾਬ ਦੇ ਠੇਕੇ ਖੋਲ੍ਹ ਦਿਤੇ ਹਨ। ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਪਹਿਲਾਂ ਇਨ੍ਹਾਂ ਮੁੱਖ ਮਾਰਗਾਂ 'ਤੇ ਚਲ ਰਹੇ ਠੇਕਿਆਂ ਉਪਰ ਹੀ ਸੱਭ ਤੋਂ ਜ਼ਿਆਦਾ ਸ਼ਰਾਬ ਦੀ ਵਿਕਰੀ ਹੁੰਦੀ ਰਹੀ ਹੈ।
ਐਨ.ਜੀ.ਓ ਵਲੋਂ ਦਾਇਰ ਕੀਤੀ ਜਨਹਿਤ ਪਟੀਸ਼ਨ ਦੇ ਆਧਾਰ 'ਤੇ ਦੇਸ਼ ਦੀ ਸਰਵਉੱਚ ਅਦਾਲਤ ਨੇ ਦੇਸ਼ ਭਰ 'ਚ ਚਾਲੂ ਵਿੱਤੀ ਸਾਲ ਤੋਂ ਮੁੱਖ ਮਾਰਗਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਪਾਬੰਦੀ ਲਗਾ ਦਿਤੀ ਸੀ। ਇਸ ਨਾਲ ਹੀ ਇਨ੍ਹਾਂ ਮੁੱਖ ਮਾਰਗਾਂ 'ਤੇ ਖੁੱਲ੍ਹੇ ਹੋਏ ਮੈਰਿਜ ਪੈਲੇਸਾਂ, ਹੋਟਲਾਂ, ਰੈਸਟੋਰੈਂਟਾਂ, ਬੀਅਰ ਬਾਰ ਤੇ ਢਾਬਿਆਂ ਆਦਿ ਉਪਰ ਸ਼ਰਾਬ ਦੀ ਵਿਕਰੀ 'ਤੇ ਵੀ ਰੋਕ ਲੱਗ ਗਈ ਸੀ। ਹਾਲਾਂਕਿ ਬਾਅਦ ਵਿਚ ਪੰਜਾਬ ਸਰਕਾਰ ਦੇ ਐਡਵੋਕੇਟ ਜਨਰਲ ਵਲੋਂ ਦਿਤੀ ਰਾਏ ਤੋਂ ਬਾਅਦ ਮੈਰਿਜ ਪੈਲੇਸਾਂ ਤੇ ਹੋਟਲਾਂ ਆਦਿ ਉਪਰ ਸ਼ਰਾਬ ਵਰਤਾਉਣ ਦੀ ਰੋਕ ਚੁਕ ਲਈ ਗਈ ਸੀ ਪ੍ਰੰਤੂ ਮੁੱਖ ਮਾਰਗਾਂ ਉਪਰ ਸ਼ਰਾਬ ਦੇ ਠੇਕੇ ਖੋਲ੍ਹਣ 'ਤੇ ਪੂਰੀ ਤਰ੍ਹਾਂ ਪਾਬੰਦੀ ਜਾਰੀ ਸੀ।
ਐਕਸਾਈਜ਼ ਵਿਭਾਗ ਦੇ ਸੂਤਰਾਂ ਮੁਤਾਬਕ ਪਿਛਲੇ ਦਿਨੀਂ ਚੰਡੀਗੜ੍ਹ ਪ੍ਰਸ਼ਾਸਨ ਵਲੋਂ ਦਾਇਰ ਕੀਤੀ ਪੁਨਰ ਪਟੀਸ਼ਨ ਉਪਰ ਸੁਪਰੀਮ ਕੋਰਟ ਨੇ ਸਪੱਸ਼ਟ ਕੀਤਾ ਸੀ ਕਿ ਸ਼ਹਿਰ ਦੀਆਂ ਹੱਦਾਂ 'ਚ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਸਕਦੇ ਹਨ ਪਰ ਸ਼ਹਿਰ ਤੋਂ ਬਾਹਰ ਮੁੱਖ ਮਾਰਗਾਂ 'ਤੇ ਇਹ ਰੋਕ ਜਾਰੀ ਰਹੇਗੀ। ਸੂਤਰਾਂ ਨੇ ਇਹ ਵੀ ਪ੍ਰਗਟਾਵਾ ਕੀਤਾ ਹੈ ਕਿ ਸੁਪਰੀਮ ਕੋਰਟ ਦੇ ਉਕਤ ਫ਼ੈਸਲੇ ਨੂੰ ਆਧਾਰ ਬਣਾÀੁਂਦੇ ਹੋਏ ਪੰਜਾਬ ਦੇ ਜ਼ਿਆਦਾਤਰ ਸ਼ਹਿਰਾਂ ਵਿਚੋਂ ਗੁਜਰਦੇ ਮੁੱਖ ਮਾਰਗਾਂ ਉਪਰ ਵੱਡੀ ਪੱਧਰ 'ਤੇ ਸ਼ਰਾਬ ਦੇ ਠੇਕੇ ਖੋਲ੍ਹ ਦਿਤੇ ਗਏ ਹਨ। ਸਾਬਕਾ ਅਕਾਲੀ ਵਿਧਾਇਕ ਦੀਪ ਮਲਹੋਤਰਾ ਦੀ ਅਜਾਰੇਦਾਰੀ ਵਾਲੇ ਬਠਿੰਡਾ ਜ਼ਿਲ੍ਹੇ ਦੇ ਸ਼ਹਿਰਾਂ ਦੇ ਮੁੱਖ ਮਾਰਗਾਂ ਉਪਰ ਪੁਰਾਣੇ ਸਥਾਨਾਂ ਉਪਰ ਫਿਰ ਠੇਕੇ ਖੋਲ੍ਹ ਦਿਤੇ ਹਨ। ਪਿਛਲੇ ਇਕ-ਦੋ ਦਿਨਾਂ ਵਿਚ ਹੀ ਸਥਾਨਕ ਬੱਸ ਸਟੈਂਡ, ਹਾਜ਼ੀਰਤਨ ਚੌਕ, ਤਿਨਕੌਣੀ, ਰੋਜ਼ਗਾਰਡਨ ਆਦਿ ਸਥਾਨਾਂ 'ਤੇ ਫਿਰ ਠੇਕਿਆਂ ਉਪਰ ਲਹਿਰਾਂ-ਬਹਿਰਾਂ ਲੱਗਣੀਆਂ ਸ਼ੁਰੂ ਹੋ ਗਈਆਂ ਹਨ। ਮਲਹੋਤਰਾ ਦੇ ਹਿੱਸੇਦਾਰ ਠੇਕੇਦਾਰ ਹਰੀਸ਼ ਕੁਮਾਰ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ ਸਥਾਨਕ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ਦੀ ਸਹਿਮਤੀ ਨਾਲ ਇਹ ਠੇਕੇ ਮੁੜ ਖੋਲ੍ਹੇ ਗਏ ਹਨ। ਉਨ੍ਹਾਂ ਮੰਨਿਆ ਕਿ ਮੁੱਖ ਮਾਰਗਾਂ 'ਤੇ ਠੇਕੇ ਬੰਦ ਹੋਣ ਕਾਰਨ ਠੇਕੇਦਾਰਾਂ ਦੀ ਆਮਦਨ ਨੂੰ ਸੱਟ ਲੱਗੀ ਸੀ। ਉਂਜ ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਉਹ 65 ਦੁਕਾਨਾਂ ਖੋਲ੍ਹ ਸਕਦੇ ਹਨ ਪ੍ਰੰਤੂ ਹਾਲੇ ਤਕ ਸਿਰਫ਼ 50 ਹੀ ਚਲ ਰਹੀਆਂ ਹਨ।
ਦਸਣਾ ਬਣਦਾ ਹੈ ਕਿ ਮੁੱਖ ਮਾਰਗਾਂ ਉਪਰ ਠੇਕੇ ਖੋਲ੍ਹਣ 'ਤੇ ਪਾਬੰਦੀ ਕਾਰਨ ਹੀ ਇਸ ਵਾਰ ਠੇਕਿਆਂ ਦੀ ਬੋਲੀ ਪਿਛਲੇ ਸਾਲ ਨਾਲੋਂ ਘੱਟ ਕੇ ਹੋਈ ਹੈ। ਜ਼ਿਲ੍ਹੇ ਵਿਚ ਸੱਤ ਜ਼ੋਨ ਬਣਾਏ ਗਏ ਹਨ ਜਿਨ੍ਹਾਂ ਉਪਰ ਸਿੱਧੇ ਤੇ ਅਸਿੱਧੇ ਤੌਰ 'ਤੇ ਦੀਪ ਮਲਹੋਤਰਾ ਦਾ ਹੀ ਕਬਜ਼ਾ ਹੈ। ਬਠਿੰਡਾ ਸਰਕਲ ਦੇ ਐਕਸਾਈਜ਼ ਐਂਡ ਟੈਕਟੇਸ਼ਨ ਅਧਿਕਾਰੀ ਸ: ਰੋਮਾਣਾ ਨੇ ਵੀ ਇਸ ਦੀ ਪੁਸ਼ਟੀ ਕਰਦੇ ਹੋਏ ਦਾਅਵਾ ਕੀਤਾ ਕਿ ''ਸੁਪਰੀਮ ਕੋਰਟ ਦੀਆਂ ਮੁੜ ਪ੍ਰਾਪਤ ਹਦਾਇਤਾਂ ਦੇ ਆਧਾਰ 'ਤੇ ਸ਼ਹਿਰ ਦੇ ਮੁੱਖ ਮਾਰਗਾਂ ਉਪਰ ਇਹ ਠੇਕੇ ਖੁਲ੍ਹਵਾਏ ਗਏ ਹਨ।'' ਹਾਲਾਂਕਿ ਕਈ ਜ਼ਿਲ੍ਹਿਆਂ ਵਿਚ ਵਿਭਾਗ ਦੇ ਅਧਿਕਾਰੀਆਂ ਨੇ ਸਰਕਾਰ ਤੋਂ ਇਸ ਸਬੰਧੀ ਹਦਾਇਤਾਂ ਮੰਗੀਆਂ ਹਨ। ਸੂਤਰਾਂ ਅਨੁਸਾਰ ਫ਼ਰੀਦਕੋਟ ਜ਼ਿਲ੍ਹੇ ਦੇ ਸ਼ਹਿਰਾਂ ਵਿਚ ਹਾਲੇ ਵੀ ਇਹ ਪਾਬੰਦੀ ਚਲ ਰਹੀ ਹੈ। ਉਥੋਂ ਦੇ ਅਧਿਕਾਰੀਆਂ ਨੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਹੈੱਡ ਆਫ਼ਿਸ ਤੋਂ ਇਸ ਸਬੰਧ ਵਿਚ ਸਫ਼ਾਈ ਮੰਗੀ ਹੈ। ਉਧਰ ਬਰਨਾਲਾ ਦੇ ਠੇਕੇਦਾਰ ਤੇਜਾ ਸਿੰਘ ਦੰਦੀਵਾਲ ਨੇ ਵੀ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਸਵਾਗਤ ਕਰਦੇ ਹੋਏ ਦਾਅਵਾ ਕੀਤਾ ਕਿ ਸ਼ਹਿਰਾਂ ਵਿਚ ਮੁੱਖ ਮਾਰਗਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹਣ ਉਪਰ ਪਾਬੰਦੀ ਹੋਣ ਕਾਰਨ ਪਿਛਲੇ 6 ਮਹੀਨਿਆਂ ਤੋਂ ਠੇਕੇਦਾਰ ਘਾਟੇ ਵਿਚ ਜਾ ਰਹੇ ਸਨ। ਉਨ੍ਹਾਂ ਮੰਨਿਆਂ ਕਿ ਇਸ ਫ਼ੈਸਲੇ ਨਾਲ ਠੇਕੇਦਾਰਾਂ ਨੂੰ ਕਾਫ਼ੀ ਰਾਹਤ ਮਿਲੇਗੀ।