ਪੰਜਾਬ ਦੀ ਤਰਜਮਾਨੀ ਕਰਦਿਆਂ ਐਲ.ਪੀ.ਯੂ. ਦੇ ਵਿਦਿਆਰਥੀ ਨੇ ਜਿੱਤਿਆ ਕਾਂਸੀ ਦਾ ਤਮਗ਼ਾ

ਖ਼ਬਰਾਂ, ਪੰਜਾਬ

ਜਲੰਧਰ , 27 ਜਨਵਰੀ ( ਅਮਰਿੰਦਰ ਸਿੱਧੂ )- 'ਜਿੱਥੇ ਚਾਹ, ਉਥੇ ਰਾਹ' ਕਹਾਵਤ ਨੂੰ ਯਕੀਨੀ ਬਣਾਉਂਦਿਆਂ ਲਵਲੀ ਪ੍ਰੋਫੈਸ਼ਨਲ ਯੂਨਿਵਰਸਟੀ ਦੇ ਸਪਾਈਨਲ ਕਾਰਡ ਇੰਜਰੀ ਤੋਂ ਪ੍ਰਭਾਵਤ ਇਕ ਵਿਦਿਆਰਥੀ ਮੁਹੰਮਦ ਗੁਲਜ਼ਾਰ ਸ਼ੇਖ ਨੇ ਰਾਸ਼ਟਰੀ ਪੱਧਰ 'ਤੇ ਕਾਂਸੀ ਦਾ ਤਮਗ਼ਾ ਜਿੱਤ ਕੇ ਨਾ ਸਿਰਫ਼ ਅਪਣੇ, ਸਗੋਂ ਯੂਨਿਵਰਸਟੀ ਤੇ ਪੰਜਾਬ ਲਈ ਵੀ ਮਾਣ ਹਾਸਲ ਕੀਤਾ ਹੈ। ਇਹ ਮੌਕਾ ਹੈਦਰਾਬਾਦ ਦੇ ਕੇ.ਵੀ.ਬੀ.ਆਰ. ਇੰਡੋਰ ਸਟੇਡੀਅਮ 'ਚ ਕਰਵਾਈ 5 ਦਿਨੀਂ ਚੌਥੇ ਨੈਸ਼ਨਲ ਵਹੀਲਚੇਅਰ ਬਾਸਕਿਟਬਾਲ (ਮੈਨ) ਚੈਂਪੀਅਨਸ਼ਿਪ ਦਾ ਸੀ। ਹਾਲਾਂਕਿ ਗੁਲਜ਼ਾਰ ਮੁੰਬਈ ਦਾ ਰਹਿਣ ਵਾਲਾ ਹੈ ਪਰ ਹਾਲ 'ਚ ਐਲ.ਪੀ.ਯੂ. ਦੇ ਸਕੂਲ ਆਫ਼ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ 'ਚ ਡਿਪਲੋਮੇ ਦਾ ਵਿਦਿਆਰਥੀ ਹੋਣ ਦੇ ਨਾਤੇ ਉਸ ਨੇ ਚੈਂਪਿਅਨਸ਼ਿਪ ਲਈ ਪੰਜਾਬ ਰਾਜ ਦੀ ਤਰਜ਼ਮਾਨੀ ਕੀਤੀ ਸੀ। ਇਸ ਚੈਂਪਿਅਨਸ਼ਿਪ ਦਾ ਆਯੋਜਨ ਵਹੀਲਚੇਅਰ ਬਾਸਕਿਟਬਾਲ ਫ਼ੈਡਰੇਸ਼ਨ ਆਫ਼ ਇੰਡੀਆ (ਡਬਲਿਊ.ਬੀ.ਐਫ਼.ਆਈ.) ਵਲੋਂ ਕੀਤਾ ਗਿਆ ਸੀ, ਜਿਸ ਦੇ ਮੁੱਖ ਮਹਿਮਾਨ ਸਾਬਕਾ ਕ੍ਰਿਕੇਟਰ ਵਰਿੰਦਰ ਸਹਿਵਾਗ ਸਨ।5 ਦਿਨੀਂ ਟੂਰਨਾਮੈਂਟ ਦੌਰਾਨ ਮੁਕਾਬਲੇ 'ਚ 14 ਸੂਬਿਆਂ ਦੀਆਂ ਟੀਮਾਂ ਮੈਦਾਨ 'ਚ ਉਤਰੀਆਂ ਸਨ, ਜਿਨ੍ਹਾਂ 'ਚ ਜੇ.ਐਂਡ.ਕੇ, ਪੰਜਾਬ, ਦਿੱਲੀ, ਯੂ.ਪੀ., ਹਰਿਆਣਾ, ਮਹਾਰਾਸ਼ਟਰ, ਤਮਿਲਨਾਡੂ, ਕਰਨਾਟਕ, ਕੇਰਲ, ਬਿਹਾਰ, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਅਤੇ ਉੜੀਸਾ ਸ਼ਾਮਲ ਸਨ। ਚੈਂਪੀਅਨਸ਼ਿਪ 'ਚ ਪਹਿਲੇ ਤਿੰਨ ਸਥਾਨ ਪ੍ਰਾਪਤ ਕਰਨ ਵਾਲੀਆਂ ਟੀਮਾਂ ਨੂੰ 25 ਹਜ਼ਾਰ, 15 ਹਜ਼ਾਰ ਤੇ 10 ਹਜ਼ਾਰ ਰੁਪਏ ਦੇ ਨਕਦ ਇਨਾਮ ਵੀ ਦਿਤੇ ਗਏ।