ਪੰਜਾਬ ਕਲਾ ਪ੍ਰੀਸ਼ਦ ਵਲੋਂ ਜਸਵੀਰ ਸਿੰਘ 'ਸ਼ਮੀਲ' ਨਾਲ ਰੂਬਰੂ

ਖ਼ਬਰਾਂ, ਪੰਜਾਬ

ਸ਼ਿਕਾਰੀ ਤੋਂ ਪੰਛੀ ਪ੍ਰੇਮੀ ਬਣੇ ਕਿਸਾਨ 'ਤੇ ਆਧਾਰਤ 'ਪੰਜਾਬ ਦੇ ਪੰਛੀ' ਕਿਤਾਬ ਜਾਰੀ
ਚੰਡੀਗੜ੍ਹ, 26 ਫ਼ਰਵਰੀ (ਨੀਲ ਭਲਿੰਦਰ ਸਿੰਘ): ਪੰਜਾਬ ਕਲਾ ਪ੍ਰੀਸ਼ਦ ਵਲੋਂ ਅੱਜ ਇਥੇ ਪੰਜਾਬ ਕਲਾ ਭਵਨ ਵਿਖੇ ਲੇਖਕ, ਸ਼ਾਇਰ ਅਤੇ ਪ੍ਰਸਿੱਧ ਪੱਤਰਕਾਰ ਜਸਵੀਰ ਸਿੰਘ 'ਸ਼ਮੀਲ' ਨਾਲ ਰੂਬਰੂ ਆਯੋਜਤ ਕੀਤਾ। ਸਮਾਗਮ ਦੀ ਪ੍ਰਧਾਨਗੀ ਪੰਜਾਬ ਕਲਾ ਪ੍ਰੀਸ਼ਦ ਦੇ ਚੇਅਰਮੈਨ ਅਤੇ ਸਿਰਤਾਜ ਸ਼ਾਇਰ ਸੁਰਜੀਤ ਪਾਤਰ ਨੇ ਕੀਤੀ ਅਤੇ ਪ੍ਰੀਸ਼ਦ ਦੇ ਸਕੱਤਰ ਜਰਨਲ ਲਖਵਿੰਦਰ ਸਿੰਘ ਜੌਹਲ, ਸਮਾਜ ਸੇਵਕ ਐਨ.ਆਰ.ਆਈ ਐਡਵੋਕੇਟ ਹਰਮਿੰਦਰ ਢਿੱਲੋਂ, ਅਮਰਜੀਤ ਘੁੰਮਣ, ਡਾ. ਜਸਪਾਲ ਸਿੰਘ, ਡਾ. ਮਦਨਦੀਪ, ਸ਼ਾਇਰਾ ਸੁਖਵਿੰਦਰ ਅੰਮ੍ਰਿਤ, ਡਾ. ਮਨਮੋਹਨ ਸਿੰਘ ਦਾਉ, ਜਸਵੀਰ ਮੰਡ, ਪੰਜਾਬ ਲੇਖਕ ਸਭਾ ਚੰਡੀਗੜ੍ਹ ਦੇ ਜਨਰਲ ਸਕੱਤਰ ਦੀਪਕ ਸ਼ਰਮਾ ਚਨਾਰਥਲ ਆਦਿ ਸਮੇਤ ਵੱਡੀ ਗਿਣਤੀ ਵਿਚ ਪੱਤਰਕਾਰ ਪਤਵੰਤੇ ਅਤੇ ਸਾਹਿਤ ਪ੍ਰੇਮੀ ਮੌਜੂਦ ਸਨ।ਇਸ ਮੌਕੇ ਪੰਜਾਬ ਦੇ ਕਰੀਬ 300 ਪੰਛੀਆਂ 'ਤੇ ਰਾਜਪਾਲ ਸਿੰਘ ਸਿੱਧੂ ਵਲੋਂ ਦਹਾਕਿਆਂ ਬੱਧੀ ਕੀਤੇ ਖੋਜ ਕਾਰਜਾਂ 'ਤੇ ਆਧਾਰਤ 'ਪੰਜਾਬ ਦੇ ਪੰਛੀ' ਨਾਮ ਦੀ ਪੰਜਾਬੀ ਕਿਤਾਬ ਨੂੰ ਜਾਰੀ ਕੀਤਾ ਗਿਆ ਜਿਸ ਨੂੰ ਸ਼ਮੀਲ ਨੇ ਸੰਪਾਦਤ ਅਤੇ ਹਰਮਿੰਦਰ ਢਿੱਲੋਂ ਵਲੋਂ ਪ੍ਰਕਾਸ਼ਤ ਕੀਤਾ ਗਿਆ। 'ਪੰਜਾਬ ਦੇ ਪੰਛੀ' ਬਾਰੇ ਹਰਮਿੰਦਰ ਢਿੱਲੋਂ ਨੇ ਦਸਿਆ ਕਿ ਇਸ ਦਾ ਮੂਲ ਰਚੇਤਾ ਜਲੰਧਰ ਜ਼ਿਲ੍ਹੇ ਨਾਲ ਸਬੰਧਤ ਇਕ ਖੇਤੀਬਾੜੀ ਕਰਨ ਵਾਲਾ ਸਾਧਾਰਨ ਪਰ ਸਿਰੜੀ ਇਨਸਾਨ ਰਾਜਪਾਲ ਸਿੰਘ ਸਿੱਧੂ ਹੈ ਜਿਸ ਦਾ ਪੰਛੀਆਂ ਨਾਲ ਵਾਹ ਇਕ ਸ਼ਿਕਾਰੀ ਵਜੋਂ ਪਿਆ ਪਰ ਬਾਅਦ ਵਿਚ ਪੰਛੀਆਂ ਨਾਲ ਐੈਸਾ ਪਿਆਰ ਹੋਇਆ ਕਿ ਪੂਰੀ ਉਮਰ ਹੀ ਪੰਛੀ ਜਗਤ ਨੂੰ ਸਮਰਪਿਤ ਕਰ ਦਿਤੀ। ਪਰੰਤੂ ਚਾਰ ਦਹਾਕਿਆਂ ਉਪਰੰਤ ਪੰਛੀ ਜਗਤ 'ਤੇ ਖੋਜ ਕਾਰਜ ਮੁਕੰਮਲ ਕਰਨ ਦੇ ਬਾਵਜੂਦ ਉਹ ਅਪਣੇ ਜਿੰਦਾ ਜੀ ਕਿਤਾਬ ਪ੍ਰਕਾਸ਼ਤ ਨਹੀਂ ਕਰਵਾ ਸਕੇ ਅਤੇ ਸ਼ਮੀਲ ਨੇ ਸਾਲ ਭਰ ਅਣਥੱਕ ਮਿਹਨਤ ਕਰ ਕੇ ਉਨ੍ਹਾਂ ਦੇ ਅਧੂਰੇ ਕਾਰਜ  ਨੂੰ ਇਕ ਸ਼ਾਨਦਾਰ ਕੌਫ਼ੀ ਟੇਬਲ ਕਿਤਾਬ ਦੇ ਰੂਪ ਨੂੰ ਪੂਰਨ ਕੀਤਾ।