ਪੰਜਾਬ ਮੰਤਰੀ ਮੰਡਲ 'ਚ ਵਾਧਾ ਟਲਿਆ, ਕਾਂਗਰਸ ਵੱਲੋ ਜਿੱਤ ਦੇ ਜਸ਼ਨ ਨਾ ਮਨਾਉਣ ਦਾ ਸੁਝਾਅ

ਖ਼ਬਰਾਂ, ਪੰਜਾਬ

ਗੁਜਰਾਤ ਅਤੇ ਹਿਮਾਚਲ ਦੀ ਹਾਰ ਦਾ ਮੰਥਨ ਪੰਜਾਬ 'ਚ

ਚੰਡੀਗੜ੍ਹ: ਗੁਜਰਾਤ ਅਤੇ ਹਿਮਾਚਲ ‘ਚ ਭਾਜਪਾ ਦੀ ਜਿੱਤ ਨੇ ਪੰਜਾਬ ਦੀ ਕਾਂਗਰਸ ਸਰਕਾਰ ਦੇ ਜਸ਼ਨ ਬੇਸੁਆਦੇ ਕਰ ਦਿੱਤੇ ਹਨ। ਨਗਰ ਨਿਗਮ, ਕੌਂਸਲ ਅਤੇ ਨਗਰ ਪੰਚਾਇਤ ਚੋਣਾਂ ਵਿਚ ਵੱਡੀ ਜਿੱਤ ਦਰਜ ਕਰਨ ਬਾਅਦ ਕਾਂਗਰਸ ਨੇ ਵਰਕਰਾਂ ਨੂੰ ਜਸ਼ਨ ਨਾ ਮਨਾਉਣ ਦਾ ਸੁਝਾਅ ਦਿੱਤਾ ਹੈ। ਸੂਤਰਾਂ ਅਨੁਸਾਰ, ਪੰਜਾਬ ਮੰਤਰੀ ਮੰਡਲ ਵਿਚ ਕੀਤਾ ਜਾਣ ਵਾਲਾ ਵਾਧਾ ਵੀ ਅਗਲੇ ਸਾਲ ਜਨਵਰੀ ਮਹੀਨੇ ਹੋਣ ਦੇ ਸੰਕੇਤ ਹਨ।

ਸੂਤਰਾਂ ਅਨੁਸਾਰ, ਨਿਗਮ ਅਤੇ ਕੌਂਸਲ ਚੋਣਾਂ ਦੀ ਜਿੱਤ ਵਿਚ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ ਵਿਖੇ ਕੀਤੀ ਜਾਣ ਵਾਲੀ ਪ੍ਰੈਸ ਕਾਨਫਰੰਸ ਵੀ ਟਾਲ ਦਿੱਤੀ ਗਈ, ਇਸ ਪ੍ਰੈਸ ਕਾਨਫਰੰਸ ਦੇ ਹੁਣ ਜਲੰਧਰ ਹੋਣ ਦੀ ਸੰਭਾਵਨਾ ਹੈ। ਹਿਮਾਚਲ ਅਤੇ ਗੁਜਰਾਤ ਵਿਚ ਜਿੱਤ ਕਰਕੇ ਹੀ ਪੰਜਾਬ ਭਾਜਪਾ ਡਿਪ੍ਰੈਸ਼ਨ 'ਚੋਂ ਬਾਹਰ ਆ ਗਈ ਹੈ। ਪਾਰਟੀ ਨੇ ਚੰਡੀਗੜ੍ਹ ਅਤੇ ਪੰਜਾਬ ਵਿੱਚ ਦੋਹਾਂ ਸੂਬਿਆਂ ਵਿਚ ਜਿੱਤ ਦੇ ਜਸ਼ਨ ਮਨਾਏ।

ਪੰਜਾਬ ਕਾਂਗਰਸ ਨੂੰ ਘੱਟੋ ਘੱਟ ਹਿਮਾਚਲ ਵਿਚ ਜਿੱਤ ਦੀ ਉਮੀਦ ਸੀ। ਕਿਉਂਕਿ ਖੁਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਗੁਆਂਢੀ ਸੂਬੇ ਹਿਮਾਚਲ ਵਿਚ ਪ੍ਰਚਾਰ ਕੀਤਾ ਸੀ। ਗੁਜਰਾਤ ਵਿਚ ਪੰਜਾਬ ਸਰਕਾਰ ਦੇ ਮੰਤਰੀ ਸਾਧੂ ਸਿੰਘ ਧਰਮਸੋਤ ਅਹਿਮਦਾਬਾਦ ਦੇ ਨਿਕੋਲ ਵਿਖੇ ਕਾਂਗਰਸ ਉਮੀਦਵਾਰ ਦੇ ਹੱਕ ਵਿਚ ਪ੍ਰਚਾਰ ਕਰਨ ਗਏ ਸਨ, ਪਰ ਕਾਂਗਰਸ ਉਮੀਦਵਾਰ ਹਾਰ ਗਏ।