ਪੰਜਾਬ ਮੰਤਰੀ ਮੰਡਲ ਦਾ ਵਾਧਾ ਫਿਰ ਟਲਿਆ

ਖ਼ਬਰਾਂ, ਪੰਜਾਬ

ਚੰਡੀਗੜ੍ਹ, 18 ਜਨਵਰੀ (ਜੀ.ਸੀ. ਭਾਰਦਵਾਜ) : ਪੰਜਾਬ ਦੀ ਸੱਤਾਧਾਰੀ ਕਾਂਗਰਸ ਦੇ ਸੀਨੀਅਰ ਵਿਧਾਇਕਾਂ ਅਤੇ ਰਾਹੁਲ ਦੀ ਯੂਥ ਬ੍ਰਿਗੇਡ ਦੇ ਨੌਜਵਾਨ ਵਿਧਾਇਕਾਂ ਜੋ ਝੰਡੀ ਵਾਲੀ ਕਾਰ ਦੀ ਉਡੀਕ ਵਿਚ ਸਨ, ਕਈ ਦਿੱਲੀ ਵੀ ਪੁੱਜੇ ਸਨ, ਨੂੰ ਇਕ ਵਾਰ ਮੁੜ ਮਾਯੂਸੀ ਦਾ ਸਾਹਮਣਾ ਕਰਨਾ ਪਿਆ। ਪੰਜਾਬ ਮੰਤਰੀ ਮੰਡਲ ਦਾ ਵਾਧਾ ਇਕ ਵਾਰ ਮੁੜ ਟਲ ਗਿਆ ਕਿਉਂਕਿ ਪਾਰਟੀ ਹਾਈ ਕਮਾਂਡ ਦੇ ਪ੍ਰਧਾਨ ਰਾਹੁਲ ਗਾਂਧੀ ਨਾਲ ਅੱਜ ਡੇਢ ਘੰਟਾ ਚੱਲੀ ਬੈਠਕ ਵਿਚ ਨਵੇਂ ਮੰਤਰੀ ਲੈਣ ਦਾ ਮੁੱਦਾ ਵਿਚਾਰਿਆ ਹੀ ਨਹੀਂ ਗਿਆ। ਹੋ ਸਕਦਾ ਹੈ ਕਿ ਇਹ ਵਾਧਾ ਮਾਰਚ ਮਹੀਨੇ ਬਜਟ ਸੈਸ਼ਨ ਤੋਂ ਬਾਅਦ ਹੀ ਹੋਵੇ। ਕਾਂਗਰਸ ਹਾਈ ਕਮਾਂਡ ਦੇ ਸੂਤਰਾਂ ਨੇ ਦਸਿਆ ਕਿ ਰਾਹੁਲ ਨਾਲ ਹੋਈ ਬੈਠਕ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ, ਪੰਜਾਬ ਦੇ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਅਤੇ ਹਰੀਸ਼ ਚੌਧਰੀ ਸ਼ਾਮਲ ਹੋਏ।

 ਸੂਤਰਾਂ ਨੇ ਦਸਿਆ ਕਿ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਕੈਬਨਿਟ ਮੰਤਰੀ ਰਾਣਾ ਗੁਰਜੀਤ ਵਲੋਂ ਦਿਤਾ ਗਿਆ ਅਸਤੀਫ਼ਾ ਅੱਜ ਪ੍ਰਵਾਨ ਕਰ ਲਿਆ ਗਿਆ ਅਤੇ ਬਿਜਲੀ ਤੇ ਸਿੰਚਾਈ ਮਹਿਕਮਾ ਵੀ ਫ਼ਿਲਹਾਲ ਮੁੱਖ ਮੰਤਰੀ ਖ਼ੁਦ ਹੀ ਵੇਖਣਗੇ। ਮੌਜੂਦਾ ਪੰਜਾਬ ਮੰਤਰੀ ਮੰਡਲ ਵਿਚ ਮੁੱਖ ਮੰਤਰੀ ਸਮੇਤ 10 ਦੀ ਗਿਣਤੀ ਘੱਟ ਕੇ 9 ਰਹਿ ਗਈ ਹੈ ਅਤੇ ਹੁਣ 9 ਹੋਰ ਨਵੇਂ ਮੰਤਰੀ ਲਏ ਜਾ ਸਕਦੇ ਹਨ। ਸੂਤਰਾਂ ਨੇ ਦਸਿਆ ਕਿ ਇਸ ਉੱਚ ਪਧਰੀ ਬੈਠਕ ਵਿਚ ਪੰਜਾਬ ਸਰਕਾਰ ਦੀ ਪਿਛਲੇ 10 ਮਹੀਨੇ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਗਈ ਅਤੇ ਲਗਭਗ ਹਰ ਮਹਿਕਮੇ ਦੀ ਪੜਚੋਲ ਕੀਤੀ ਗਈ। ਰਾਹੁਲ ਗਾਂਧੀ ਨੇ ਇਕ ਵੱਡੇ ਨੁਕਤੇ 'ਤੇ ਜ਼ੋਰ ਦਿਤਾ ਕਿ ਅਸੈਂਬਲੀ ਚੋਣਾਂ ਮੌਕੇ ਚੋਣ ਮੈਨੀਫ਼ੈਸਟੋ ਵਿਚ ਕੀਤੇ ਵਾਅਦਿਆਂ 'ਤੇ ਖਰਾ ਕਿਵੇਂ ਉਤਰਨਾ ਹੈ। 

ਕਿਸਾਨੀ ਕਰਜ਼ੇ ਮਾਫ਼ੀ, ਪੰਜਾਬ ਦਾ ਵਿੱਤੀ ਸੰਕਟ, ਸਿਹਤ ਮਹਿਕਮੇ ਵਿਚ ਕੀਤੇ ਸੁਧਾਰ, ਸਿਖਿਆ ਵਿਭਾਗ ਵਿਚ ਲਏ ਗਏ ਵੱਡੇ ਫ਼ੈਸਲਿਆਂ, ਨੌਜਵਾਨਾਂ ਨੂੰ ਨੌਕਰੀਆਂ ਅਤੇ ਵਿਸ਼ੇਸ਼ ਕਰ ਕੇ ਮਿਉਂਸਪਲ ਕਾਰਪੋਰੇਸ਼ਨ ਚੋਣਾਂ ਵਿਚ ਪ੍ਰਾਪਤ ਕੀਤੀ ਵੱਡੀ ਸਫ਼ਲਤਾ ਦੇ ਗੁਣ ਗਾਏ ਗਏ। ਅੱਜ ਹੋਈ ਬੈਠਕ ਵਿਚ ਲੁਧਿਆਣਾ ਕਾਰਪੋਰੇਸ਼ਨ ਚੋਣਾਂ ਵਿਚ ਵੀ ਕਾਂਗਰਸ ਦੀ ਕਾਮਯਾਬੀ ਦੀ ਯੋਜਨਾ 'ਤੇ ਵਿਚਾਰ ਕੀਤਾ ਗਿਆ। ਇਹ ਚੋਣਾਂ ਫ਼ਰਵਰੀ ਦੇ ਆਖ਼ਰੀ ਹਫ਼ਤੇ ਵਿਚ ਕਰਾਉਣ ਦੀ ਉਮੀਦ ਹੈ। ਮਈ ਮਹੀਨੇ 12500 ਪਿੰਡਾਂ ਵਿਚ ਗ੍ਰਾਮ ਪੰਚਾਇਤ ਚੋਣਾਂ, ਜ਼ਿਲ੍ਹਾ ਪ੍ਰੀਸ਼ਦ ਚੋਣਾਂ ਅਤੇ ਪੰਚਾਇਤ ਸੰਮਤੀ ਚੋਣਾਂ ਦਾ ਵੀ ਹਲਕਾ ਜਿਹਾ ਜ਼ਿਕਰ ਕੀਤਾ ਗਿਆ। ਮੀਟਿੰਗ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤਾਂ ਚੰਡੀਗੜ੍ਹ ਵਾਪਸ ਆ ਗਏ ਹਨ ਜਦਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਪਰਸੋਂ ਵਾਪਸ ਆਉਣਗੇ। ਸੂਤਰਾਂ ਮੁਤਾਬਕ ਅਗਲੇ ਸਾਲ ਮਈ ਵਿਚ ਲੋਕ ਸਭਾ ਚੋਣਾਂ ਦੀ ਲੋਅ ਵਿਚ ਪੰਜਾਬ ਸਰਕਾਰ ਵਿਚ ਪਾਰਟੀ ਅਹੁਦਿਆਂ 'ਤੇ ਤੈਨਾਤੀ ਵੀ ਛੇਤੀ ਕੀਤੀ ਜਾ ਰਹੀ ਹੈ ਅਤੇ ਪਿਛਲੀ ਕਾਰਗੁਜ਼ਾਰੀ ਦੀ ਪੜਚੋਲ ਕਰ ਕੇ ਨਵੇਂ ਤੇ ਨੌਜਵਾਨ ਪਾਰਟੀ ਵਰਕਰਾਂ ਨੂੰ ਮੌਕਾ ਦਿਤਾ ਜਾਵੇਗਾ।