ਪੰਜਾਬ ਨੂੰ ਉਦਯੋਗਿਕ ਖੇਤਰ ਦਾ ਮੋਹਰੀ ਬਣਾਉਣ ਲਈ ਨਿਵੇਸ਼ਕਾਂ 'ਚ ਵਿਸ਼ਵਾਸ ਦੀ ਬਹਾਲੀ ਸੱਭ ਤੋਂ ਅਹਿਮ: ਨਵਜੋਤ ਸਿੰਘ ਸਿੱਧੂ

ਖ਼ਬਰਾਂ, ਪੰਜਾਬ

ਚੰਡੀਗੜ੍ਹ, 1 ਮਾਰਚ (ਸਸਸ): ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਉਦਯਿਗਕ ਖੇਤਰ ਵਿੱਚ ਦੇਸ਼ ਦਾ ਮੋਹਰੀ ਸੂਬਾ ਬਣਾਉਣ ਵਲ ਪੂਰੀ ਤਨਦੇਹੀ ਨਾਲ ਧਿਆਨ ਦਿਤਾ ਜਾ ਰਿਹਾ ਹੈ ਅਤੇ ਇਸ ਟੀਚੇ ਦੀ ਪ੍ਰਾਪਤੀ ਲਈ ਨਿਵੇਸ਼ਕਾਂ ਵਿਚ ਵਿਸ਼ਵਾਸ ਦੀ ਬਹਾਲੀ ਕਰਨਾ ਸੱਭ ਤੋਂ ਅਹਿਮ ਹੈ ਜਿਸ ਸਬੰਧੀ ਸਰਕਾਰ ਕੋਈ ਕਸਰ ਬਾਕੀ ਨਹੀਂ ਛਡੇਗੀ। ਇਹ ਗੱਲ ਪੰਜਾਬ ਦੇ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ. ਨਵਜੋਤ ਸਿੰਘ ਸਿੱਧੂ ਨੇ ਐਸੋਚਮ (ਏ.ਐਸ.ਐਸ. ਓ.ਸੀ. ਐਚ.ਐਮ.) ਦੇ ਸਮਾਗਮ ਨੂੰ ਸੰਬੋਧਨ ਕਰਦਿਆਂ ਕਹੀ। ਐਸੋਚੈਮ ਵਲੋਂ ਮੁਹਾਲੀ ਵਿਖੇ ਖੇਤਰੀ ਮੁੱਖ ਦਫ਼ਤਰ ਬਣਾਇਆ ਜਾ ਰਿਹਾ ਜਿਸ ਦੇ ਨੀਂਹ ਪੱਥਰ ਰੱਖਣ ਦੀ ਰਸਮ ਅੱਜ ਇਥੇ ਹੋਟਲ ਤਾਜ ਵਿਖੇ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਸ. ਸਿੱਧੂ ਵਲੋਂ ਕੀਤੀ ਗਈ।