ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ 'ਸਪੋਕਸਮੈਨ' 'ਤੇ ਮਾਣ : ਧਰਮਸੋਤ

ਖ਼ਬਰਾਂ, ਪੰਜਾਬ

ਮੋਹਾਲੀ, 1 ਦਸੰਬਰ (ਵਿਸ਼ੇਸ਼ ਪ੍ਰਤੀਨਿਧ) : ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ 'ਰੋਜ਼ਾਨਾ ਸਪੋਕਸਮੈਨ' 'ਤੇ ਮਾਣ ਹੈ ਅਤੇ ਸਪੋਕਸਮੈਨ ਸਰਬੱਤ ਦਾ ਭਲਾ ਮੰਗਦਾ ਹੋਇਆ ਹੌਸਲੇ ਅਤੇ ਨਿਡਰਤਾ ਨਾਲ ਧਾਰਮਕ, ਸਿਆਸੀ ਅਤੇ ਲੋਕ ਮਸਲੇ ਚੁਕਦਾ ਰਿਹਾ ਹੈ। ਇਹ ਗੱਲ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਅੱਜ ਅਦਾਰੇ ਦੇ ਮੋਹਾਲੀ ਵਾਲੇ ਦਫ਼ਤਰ ਵਿਚ ਕਹੀ। ਉਹ ਅਖ਼ਬਾਰ ਦੀ 13ਵੀਂ ਵਰ੍ਹੇਗੰਢ ਮੌਕੇ ਵਿਸ਼ੇਸ਼ ਤੌਰ 'ਤੇ ਪੁੱਜੇ ਹੋਏ ਸਨ। ਉਨ੍ਹਾਂ ਸਪੋਕਸਮੈਨ ਦੀ ਵਰ੍ਹੇਗੰਢ 'ਤੇ ਕੇਕ ਕੱਟ ਕੇ ਪ੍ਰਬੰਧਕਾਂ ਅਤੇ ਸਟਾਫ਼ ਨੂੰ ਮੁਬਾਰਕਬਾਦ ਦਿਤੀ। ਇਸ ਤੋਂ ਪਹਿਲਾਂ 'ਰੋਜ਼ਾਨਾ ਸਪੋਕਸਮੈਨ' ਦੇ ਐਮ.ਡੀ. ਜਗਜੀਤ ਕੌਰ ਨੇ ਕੈਬਨਿਟ ਮੰਤਰੀ ਦਾ ਨਿੱਘਾ ਸਵਾਗਤ ਕੀਤਾ। ਸਾਧੂ ਸਿੰਘ ਧਰਮਸੋਤ ਨੇ ਕਿਹਾ ਕਿ ਮੀਡੀਆ ਨੂੰ ਹਮੇਸ਼ਾ ਨਿਡਰਤਾ ਨਾਲ ਸੱਚੀ ਗੱਲ ਕਰਨੀ ਅਤੇ ਕਹਿਣੀ ਚਾਹੀਦੀ ਹੈ ਅਤੇ ਇਹੀ ਕੰਮ ਰੋਜ਼ਾਨਾ ਸਪੋਕਸਮੈਨ ਨੇ ਧੜੱਲੇ ਨਾਲ ਕੀਤਾ ਹੈ। ਉਨ੍ਹਾਂ ਕਿਹਾ ਕਿ ਮੀਡੀਆ ਦੇਸ਼ ਦੀ ਅੰਦਰੂਨੀ ਤਾਕਤ ਹੈ। ਦੇਸ਼ ਨੂੰ ਸੰਭਾਲਣਾ, ਸਹੀ ਸਮੇਂ 'ਤੇ ਸਹੀ ਗੱਲ ਕਰਨਾ, ਸਰਕਾਰ ਨੂੰ ਸੁਚੇਤ ਕਰ ਕੇ ਰਖਣਾ ਅਤੇ ਲੋਕਾਈ ਦੀ ਗੱਲ ਕਰਨੀ ਭਾਵੇਂ ਬਹੁਤ ਔਖੀ ਗੱਲ ਹੈ, ਪਰ ਰੋਜ਼ਾਨਾ ਸਪੋਕਸਮੈਨ ਬੇਖ਼ੌਫ਼ ਹੋ ਕੇ ਅਜਿਹਾ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਕ ਦਹਾਕੇ ਤਕ ਸਰਕਾਰੀ ਦਬਾਅ ਅਤੇ ਔਖੇ ਹਾਲਾਤ ਦੌਰਾਨ ਸਪੋਕਸਮੈਨ ਨੇ ਹੌਸਲਾ ਨਹੀਂ ਛਡਿਆ ਅਤੇ ਹਮੇਸ਼ਾ ਮਿਆਰੀ ਗੱਲ ਕਹੀ ਹੈ। ਜਾਤੀਵਾਦ, ਭਾਈ ਭਤੀਜਾਵਾਦ ਵਿਰੁਧ ਨਿਡਰਤਾ ਨਾਲ ਆਵਾਜ਼ ਚੁੱਕੀ ਹੈ ਅਤੇ ਸੱਚੀ ਗੱਲ ਕਹਿਣ ਦਾ ਦਮ ਰਖਿਆ ਹੈ। ਉਨ੍ਹਾਂ ਕਿਹਾ ਕਿ ਸੱਚੀ ਗੱਲ ਕਹਿਣ 'ਤੇ ਹੀ ਸਪੋਕਸਮੈਨ ਦਾ ਇਕ ਦਹਾਕੇ ਤਕ ਗਲ ਘੁੱਟ ਕੇ ਰਖਿਆ ਪਰ ਸਪੋਕਸਮੈਨ ਸਚਾਈ, ਹੌਸਲੇ ਅਤੇ ਨਿਡਰਤਾ ਨਾਲ ਕਾਇਮ ਰਿਹਾ।
ਵਿਧਾਇਕ ਬਲਬੀਰ ਸਿੰਘ ਸਿੱਧੂ ਨੇ ਵੀ ਸਪੋਕਸਮੈਨ ਦੀ 12ਵੀਂ ਵਰ੍ਹੇਗੰਢ ਮੌਕੇ ਕੇਕ ਕੱਟ ਕੇ ਪ੍ਰਬੰਧਕਾਂ ਨੂੰ ਮੁਬਾਰਕਬਾਦ ਦਿਤੀ। ਉਨ੍ਹਾਂ ਕਿਹਾ ਕਿ ਸਪੋਕਸਮੈਨ ਨਿਡਰ ਪੱਤਰਕਾਰਤਾ ਦੀ ਮਿਸਾਲ ਹੈ ਅਤੇ ਔਖੇ ਹਾਲਾਤ ਵਿਚ ਕਿਸ ਤਰ੍ਹਾਂ ਅਪਣੇ ਹੌਸਲੇ ਅਤੇ ਸਚਾਈ ਨੂੰ ਕਾਇਮ ਰਖਿਆ ਜਾ ਸਕਦਾ ਹੈ, ਸਪੋਕਸਮੈਨ ਇਸ ਦੀ ਤਰਜਮਾਨੀ ਕਰਦਾ ਹੈ। ਉਨ੍ਹਾਂ ਕਿਹਾ ਕਿ ਉਹ ਹਮੇਸ਼ਾ ਸਪੋਕਸਮੈਨ ਅਦਾਰੇ ਨਾਲ ਖੜੇ ਹਨ।