ਪੰਜਾਬ ਸਰਕਾਰ, ਬੀ.ਐਸ.ਐਫ. ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਦਿੱਤੀ ਗਈ ਸਰਧਾਂਜਲੀ

ਖ਼ਬਰਾਂ, ਪੰਜਾਬ

ਮਾਨਸਾ: ਸ਼ਨੀਵਾਰ ਸਵੇਰੇ ਜਦੋਂ ਪਿੰਡ ਦੇ ਫੌਜੀ ਕਮਲਜੀਤ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਪਿੰਡ ਨੰਗਲ ਕਲਾਂ ਪੁੱਜੀ ਤਾਂ ਪਿੰਡ ਵਿੱਚ ਸ਼ੋਕ ਦੀ ਲਹਿਰ ਦੌੜ ਗਈ। ਕਿਉਂਕਿ ਬੀ ਐਸ ਐਫ ਦੀ 200ਵੀਂ ਬਟਾਲੀਅਨ ਵਿੱਚ ਤੈਨਾਤ ਮਾਨਸਾ ਜ਼ਿਲ੍ਹੇ ਦੇ ਪਿੰਡ ਨੰਗਲਕਲਾਂ ਦਾ ਏ ਐਸ ਆਈ ਕਮਲਜੀਤ ਸਿੰਘ ਕੁੱਝ ਦਿਨ ਪਹਿਲਾਂ ਹੀ ਛੁੱਟੀ ਕੱਟਕੇ ਵਾਪਸ ਡਿਊਟੀ 'ਤੇ ਪਹੁੰਚਿਆ ਸੀ, ਕਿ ਸ਼ੁੱਕਰਵਾਰ ਦੇਰ ਸ਼ਾਮ ਪਾਕਿ ਸੈਨਾ ਵੱਲੋਂ ਕੀਤੀ ਗੋਲੀਬਾਰੀ ਵਿੱਚ ਲੁੱਕ ਕੇ ਕੀਤੀ ਫਾਇਰਿੰਗ ਵਿੱਚ ਇੱਕ ਸਨਾਇਪਰ ਸ਼ਾਟ ਕਮਲਜੀਤ ਸਿੰਘ ਦੇ ਲੱਗਾ ਜਿਸ ਨਾਲ ਉਹ ਗੰਭੀਰ ਜਖਮੀ ਹੋ ਗਿਆ। 

ਸੈਨਿਕ ਹਸਪਤਾਲ ਲਿਜਾਏ ਜਾਣ 'ਤੇ ਡਾਕਟਰਾਂ ਵੱਲੋਂ ਕਮਲਜੀਤ ਸਿੰਘ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਕੱਲ੍ਹ ਦੇਰ ਰਾਤ ਸ਼ਹੀਦ ਦੀ ਮ੍ਰਿਤਕ ਦੇਹ ਉਹਨਾਂ ਦੇ ਘਰ ਲਿਆਂਦੀ ਗਈ ਜਿਸ ਦਾ ਪੂਰੇ ਸੈਨਿਕ ਸਨਮਾਨ ਨਾਲ ਐਤਬਵਾਰ ਨੂੰ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਬੀ ਐਸ ਐਫ ਦੇ ਅਧਿਕਾਰੀ ਅਜੈ ਕਪਿਲਾ ਨੇ ਏ ਐਸ ਆਈ ਕਮਲਜੀਤ ਸਿੰਘ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਬੀ ਐਸ ਐਫ ਦੇ ਏ ਐਸ ਆਈ ਕਮਲਜੀਤ ਸਿੰਘ ਦੀ ਮੌਤ ਨਾਲ ਅਸੀਂ ਇੱਕ ਜਾਂਬਾਜ ਅਧਿਕਾਰੀ ਤੋਂ ਮਹਿਰੂਮ ਹੋ ਗਏ ਹਾਂ।

ਜਦੋਂਕਿ ਮਾਨਸਾ ਜਿਲੇ ਦੇ ਡਿਪਟੀ ਕਮਿਸ਼ਨਰ ਧਰਮਪਾਲ ਗੁਪਤਾ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਦੇ ਨੁਮਾਇੰਦੇ ਵਜੋਂ ਅੰਤਿਮ ਸੰਸਕਾਰ ਵਿੱਚ ਸ਼ਾਮਿਲ ਹੋਏ ਹਨ ਤੇ ਸਾਬਕਾ ਵਿਧਾਇਕ ਅਜੀਤ ਇੰਦਰ ਸਿੰਘ ਮੋਫਰ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਵੱਲੋਂ ਬਣਦੀਆਂ ਸਹੂਲਤਾਂ ਸ਼ਹੀਦ ਦੇ ਪਰਿਵਾਰ ਨੂੰ ਦਿਵਾਈਆਂ ਜਾਣਗੀਆਂ।