ਪੰਜਾਬ ਸਰਕਾਰ ਵਲੋਂ ਸੂਬੇ ਦੀ ਤਰੱਕੀ ਲਈ ਵਚਨਬੱਧ : ਤ੍ਰਿਪਤ ਬਾਜਵਾ

ਖ਼ਬਰਾਂ, ਪੰਜਾਬ

ਹੁਸ਼ਿਆਰਪੁਰ, 27 ਜਨਵਰੀ  (ਵਿਸ਼ਾਲ): 69ਵਾਂ ਗਣਤੰਤਰਤਾ ਦਿਵਸ ਹੁਸ਼ਿਆਰਪੁਰ ਦੀ ਪੁਲਿਸ ਗਰਾਊਂਡ ਵਿਖੇ ਜ਼ਿਲ੍ਹਾ ਪਧਰੀ ਸਮਾਰੋਹ ਪੂਰੇ ਉਤਸ਼ਾਹ ਨਾਲ ਮਨਾਇਆ ਗਿਆ ਅਤੇ ਇਸ ਮੌਕੇ ਕੌਮੀ ਤਿਰੰਗਾ ਲਹਿਰਾਉਣ ਦੀ ਰਸਮ ਪੇਂਡੂ ਵਿਕਾਸ ਤੇ ਪੰਚਾਇਤ ਅਤੇ ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ, ਪੰਜਾਬ ਸ੍ਰ: ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਅਦਾ ਕੀਤੀ। ਇਸ ਮੌਕੇ ਉਨ੍ਹਾਂ ਨਾਲ ਡਿਪਟੀ ਕਮਿਸ਼ਨਰ ਵਿਪੁਲ ਉਜਵਲ ਅਤੇ ਐਸ.ਐਸ.ਪੀ. ਜੇ. ਏਲਨਚੇਲੀਅਨ ਵੀ ਸਨ।
ਜ਼ਿਲ੍ਹਾ ਵਾਸੀਆਂ ਦੇ ਨਾਂਅ ਸੰਦੇਸ਼ ਦੌਰਾਨ ਸ੍ਰ: ਬਾਜਵਾ ਨੇ ਗਣਤੰਤਰਤਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਡਾ ਦੇਸ਼ ਦੁਨੀਆਂ ਦੇ ਪ੍ਰਮੁੱਖ ਦੇਸ਼ਾਂ ਵਿਚੋਂ ਇਕ ਵੱਡੀ ਸ਼ਕਤੀ ਬਣ ਕੇ ਉਭਰਿਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਵੱਖ-ਵੱਖ ਖੇਤਰਾਂ ਵਿਚ ਨਵੀਆਂ ਪੁਲਾਂਘਾਂ ਪੁੱਟ ਕੇ ਇਹ ਸਾਬਤ ਕਰ ਰਿਹਾ ਹੈ ਕਿ ਉਹ ਕਿਸੇ ਤੋਂ ਘੱਟ ਨਹੀਂ ਹੈ।ਉਨ੍ਹਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਕਈ ਤਰ੍ਹਾਂ ਦੀਆਂ ਲੋਕ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਗਈਆਂ ਹਨ ਅਤੇ ਇਸੇ ਕੜੀ ਤਹਿਤ ਜ਼ਰੂਰਤਮੰਦਾਂ ਨੂੰ 5-5 ਮਰਲੇ ਦੇ ਪਲਾਟ ਦਿਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਘਰ-ਘਰ ਪਖਾਨੇ ਬਣਾ ਕੇ ਵੀ ਦਿਤੇ ਜਾ ਰਹੇ ਹਨ, ਤਾਂ ਜੋ ਕੋਈ ਵੀ ਵਿਅਕਤੀ ਖੁੱਲ੍ਹੇ 'ਚ ਪਖਾਨਾ ਨਾ ਜਾ ਸਕੇ। ਉਨ੍ਹਾਂ ਕਿਹਾ ਕਿ ਸਵੱਛਤਾ ਵਲ ਵੀ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ, ਤਾਂ ਜੋ ਸੂਬੇ ਨੂੰ ਹਰਿਆ-ਭਰਿਆ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨੌਜਵਾਨਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਲਈ ਰਾਜ ਵਿਚ ਵੱਧ ਤੋਂ ਵੱਧ ਉਦਯੋਗ ਸਥਾਪਤ ਕੀਤੇ ਜਾ ਰਹੇ ਹਨ। ਉਦਯੋਗ ਸਥਾਪਤ ਕਰਨ ਲਈ ਮਹਿਜ਼ 5 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ  ਨਾਲ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ, ਤਾਂ ਜੋ ਵੱਧ ਤੋਂ ਵੱਧ ਨੌਜਵਾਨ ਅਪਣੇ ਪੈਰ੍ਹਾਂ 'ਤੇ ਖੜੇ ਹੋ ਸਕਣ।