ਚੰਡੀਗੜ੍ਹ,
25 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚੋਂ ਵੀ.ਵੀ.ਆਈ.ਪੀ. ਸਭਿਆਚਾਰ ਨੂੰ
ਖ਼ਤਮ ਕਰਨ ਦੇ ਵਾਸਤੇ ਇਕ ਹੋਰ ਪਲਾਂਘ ਪੁਟਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ
ਅਮਰਿੰਦਰ ਸਿੰਘ ਨੇ '108' ਐਂਬੂਲੈਂਸ 'ਤੇ ਮੁੱਖ ਮੰਤਰੀ ਦੀ ਫ਼ੋਟੋ ਨਾ ਲਾਉਣ ਨੂੰ ਯਕੀਨੀ
ਬਣਾਉਣ ਵਾਸਤੇ ਤੁਰਤ ਕਦਮ ਚੁਕੇ ਜਾਣ ਦੇ ਹੁਕਮ ਜਾਰੀ ਕੀਤੇ ਹਨ। ਐਂਬੂਲੈਂਸ 'ਤੇ ਇਹ
ਤਸਵੀਰ ਬਾਦਲ ਦੇ ਸ਼ਾਸਨ ਦੌਰਾਨ ਭਾਰੀ ਵਿਵਾਦ ਦਾ ਵਿਸ਼ਾ ਬਣੀ ਸੀ ਕਿਉਂਕਿ ਇਸ ਤਸਵੀਰ ਨਾਲ
ਸੂਬੇ ਦੇ ਖ਼ਜ਼ਾਨੇ ਨੂੰ ਵੱਡਾ ਨੁਕਸਾਨ ਹੋਇਆ ਹੈ।
ਪ੍ਰਕਾਸ਼ ਸਿੰਘ ਬਾਦਲ ਦੀ ਤਸਵੀਰ
ਐਂਬੂਲੈਂਸਾਂ 'ਤੇ ਲਾਉਣ ਨਾਲ ਕਈ ਸਾਲ ਸੂਬੇ ਦੇ ਖ਼ਜ਼ਾਨੇ ਨੂੰ ਭਾਰੀ ਕੀਮਤ ਉਤਾਰਨੀ ਪਈ ਅਤੇ
ਇਸ ਸਬੰਧ ਵਿੱਚ 2013 ਵਿਚ ਉਸ ਸਮੇਂ ਕੇਂਦਰ ਸਰਕਾਰ ਨਾਲ ਵਿਵਾਦ ਵੀ ਪੈਦਾ ਹੋਇਆ ਜਦੋਂ
ਕੇਂਦਰ ਸਰਕਾਰ ਨੇ ਇਸ ਮੁੱਦੇ 'ਤੇ ਸੂਬੇ ਨੂੰ 3.5 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਰੋਕਣ
ਦੀ ਧਮਕੀ ਦਿਤੀ ਸੀ।
ਇਸ ਮੁੱਦੇ 'ਤੇ ਦੋ ਸਾਲ ਪਹਿਲਾਂ ਵੀ ਉਸ ਵੇਲੇ ਬਹੁਤ ਵੱਡਾ ਵਿਵਾਦ ਹੋਇਆ ਸੀ ਜਦੋਂ ਕੰਪਟਰੋਲਰ ਐਂਡ ਔਡੀਟਰ ਜਨਰਲ (ਕੈਗ) ਨੇ ਰਾਸ਼ਟਰੀ ਦਿਹਾਤੀ ਸਿਹਤ ਮਿਸ਼ਨ (ਐਨ.ਆਰ.ਐਚ.ਐਮ.) ਦੇ ਹੇਠ ਆਉਣ ਵਾਲੀ ਗ੍ਰਾਂਟ ਨੂੰ ਅਜਾਈਂ ਜਾਣ ਲਈ ਰਗੜੇ ਲਾਏ ਸਨ ਕਿਉਂਕਿ ਉਸ ਵੇਲੇ ਸੂਬਾ ਸਰਕਾਰ ਨੇ ਐਮਰਜੈਂਸੀ ਐਂਬੂਲੈਂਸਾਂ ਤੋਂ ਬਾਦਲ ਦੀ ਤਸਵੀਰ ਹਟਾਉਣ ਤੋਂ ਨਾ ਕਰ ਦਿਤੀ ਸੀ। ਸਾਲ 2015 ਦੀ ਰਿਪੋਰਟ ਵਿਚ ਕੈਗ ਨੇ ਕਿਹਾ ਹੈ ਕਿ ਪੰਜਾਬ ਨੇ ਸਾਲ 2012 ਤੋਂ ਤਿੰਨ ਵਿੱਤੀ ਸਾਲਾਂ ਦੌਰਾਨ ਐਂਬੂਲੈਂਸਾਂ ਦੇ ਮਾਮਲੇ 'ਤੇ 23.8 ਕਰੋੜ ਰੁਪਏ ਦੀ ਕੇਂਦਰੀ ਗ੍ਰਾਂਟ ਗਵਾਈ ਹੈ ਕਿਉਂਕਿ ਇਹ ਐਨ.ਆਰ.ਐਚ.ਐਮ. ਦੇ ਨਿਰਧਾਰਿਤ ਇਕਸਾਰ ਜਾਬਤੇ ਵਿਚ ਚੱਲਣ ਤੋਂ ਅਸਫ਼ਲ ਰਹੀ ਸੀ।
ਸੋਮਵਾਰ ਨੂੰ ਸਬੰਧਤ ਅਧਿਕਾਰੀਆਂ ਨੂੰ ਜਾਰੀ
ਨਿਰਦੇਸ਼ਾਂ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਵਾਂ ਨੋਟੀਫ਼ਿਕੇਸ਼ਨ ਜਾਰੀ ਕਰਨ
ਲਈ ਆਖਿਆ ਤਾਂ ਜੋ ਭਵਿੱਖ ਵਿਚ ਇਨ੍ਹਾਂ ਐਂਬੂਲੈਂਸਾਂ 'ਤੇ ਮੁੱਖ ਮੰਤਰੀ ਦੀ ਤਸਵੀਰ ਨਾ
ਲੱਗਣ ਨੂੰ ਯਕੀਨੀ ਬਣਾਇਆ ਜਾ ਸਕੇ। ਗੌਰਤਲਬ ਹੈ ਕਿ ਮੁੱਖ ਮੰਤਰੀ ਵਜੋਂ ਚਾਰਜ ਸੰਭਾਲਣ
ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਦੀ ਤਸਵੀਰ ਇਨ੍ਹਾਂ ਐਂਬੂਲੈਂਸਾਂ 'ਤੇ ਨਹੀਂ ਲਾਈ ਸੀ।
ਇਕ ਸਰਕਾਰੀ ਬੁਲਾਰੇ ਨੇ ਦਸਿਆ ਕਿ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਹੈ ਕਿ ਇਹ ਪ੍ਰਕਿਰਿਆ
ਬਿਨਾਂ ਕਿਸੇ ਦੇਰੀ ਤੋਂ ਸ਼ੁਰੂ ਕੀਤੀ ਜਾਵੇ ਅਤੇ ਐਂਬੂਲੈਂਸਾਂ ਦੇ ਸਬੰਧ ਵਿਚ
ਐਨ.ਆਰ.ਐਚ.ਐਮ. ਦੇ ਨਿਯਮਾਂ 'ਤੇ ਪੂਰੀ ਤਰ੍ਹਾਂ ਚਲਿਆ ਜਾਵੇ।