ਇਸ ਹਵੇਲੀ ਦੀ ਖਾਸ ਪਹਿਚਾਣ ਇਥੋਂ ਦਾ ਸਵਾਦਲਾ ਖਾਣਾ ਹੈ, ਜਿਸ ਵਿੱਚੋਂ ਪੁਰਾਣੇ ਪੰਜਾਬ ਦੀ ਮਹਿਕ ਆਉਂਦੀ ਹੈ। ਪੰਜਾਬੀ ਖਾਣਿਆਂ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਨੂੰ ਆਪਣੀ ਗੋਦ ਵਿਚ ਸਮੇਟੀ ਬੈਠੀ ਇਸ ਹਵੇਲੀ ਦੇ ਨਿਰਮਾਤਾ ਸਤੀਸ਼ ਜੈਨ ਨਾਲ ਸਪੋਕਸਮੈਨ ਟੀਵੀ ਵੱਲੋਂ ਵਿਸ਼ੇਸ਼ ਮੁਲਾਕਾਤ ਕੀਤੀ ਗਈ, ਜਿਸ ਵਿਚ ਉਨ੍ਹਾਂ ਨੇ ਇਸ ਹਵੇਲੀ ਨੂੰ ਇੱਕ ਵਿਲੱਖਣ ਰੂਪ ਦਿੱਤੇ ਜਾਣ ਬਾਰੇ ਆਪਣੇ ਤਜ਼ਰਬੇ ਸਾਂਝੇ ਕੀਤੇ। ਉਨ੍ਹਾਂ ਨਾਲ ਕੀਤੇ ਗਏ ਕੁਝ ਸਵਾਲ-ਜਵਾਬ ਇਸ ਤਰ੍ਹਾਂ ਰਹੇ....
ਸਵਾਲ : ਪੰਜਾਬੀ ਸੱਭਿਆਚਾਰ ਨੂੰ ਇਕੱਠਾ ਕਰਨ ਦਾ ਖਿਆਲ ਤੁਹਾਡੇ ਮਨ ਵਿੱਚ ਕਿਵੇਂ ਆਇਆ ?
ਜਵਾਬ : ਪੰਜਾਬੀ ਖਾਣਾ ਆਪਣੇ ਵਿਲੱਖਣ ਸਵਾਦ ਲਈ ਵਿਸ਼ਵ ਵਿੱਚ ਬਹੁਤ ਪ੍ਰਸਿੱਧ ਹੈ। ਮੈਂ ਚਾਹੁੰਦਾ ਸੀ ਕਿ ਪੰਜਾਬੀ ਖਾਣੇ ਦੇ ਨਾਲ-ਨਾਲ ਪੰਜਾਬੀ ਸੱਭਿਆਚਾਰ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ ਜਾਵੇ। ਇਸ ਸੋਚ ਨਾਲ ਅਸੀਂ ਇੱਕ ਟੀਮ ਬਣਾਈ ਤੇ ਇਸ ਉਪਰਾਲੇ ਦੀ ਸ਼ੁਰੂਆਤ ਕੀਤੀ।
ਸਵਾਲ : ਰੰਗਲਾ ਪੰਜਾਬ ਵਿੱਚ ਪੰਜਾਬ ਦੀ ਸੱਭਿਅਤਾ ਨੂੰ ਦਰਸਾਉਂਦੀਆਂ ਵੱਖ-ਵੱਖ ਵੰਨਗੀਆਂ ਦੀਆਂ ਪ੍ਰਦਰਸ਼ਨੀਆਂ ਲਗਾਈਆਂ ਗਈਆਂ ਹਨ, ਇਹਨਾਂ ਸਭ ਪੁਰਾਤਨ ਚੀਜ਼ਾਂ ਨੂੰ ਤੁਸੀਂ ਕਿਵੇਂ ਇਕੱਠਾ ਕੀਤਾ ?
ਜਵਾਬ : ਮੈਂ ਜਲੰਧਰ ਸ਼ਹਿਰ ਦਾ ਰਹਿਣ ਵਾਲਾ ਹਾਂ, ਸੋ ਇਹ ਸਭ ਪੁਰਾਤਨ ਚੀਜ਼ਾ ਨੂੰ ਇਕੱਠਾ ਕਰਨਾ ਮੇਰੇ ਲਈ ਬਹੁਤ ਮੁਸ਼ਕਿਲ ਭਰਿਆ ਕੰਮ ਸੀ। ਇਹਨਾਂ ਚੀਜ਼ਾਂ ਨੂੰ ਇਕੱਠਾ ਕਰਨ ਲਈ ਮੈਂ ਪਿੰਡ-ਪਿੰਡ ਗਿਆ, ਉਥੇ ਜਾ ਕੇ ਪਿੰਡ ਦੇ ਲੋਕਾਂ ਨਾਲ ਰਾਬਤਾ ਬਣਾਇਆ ਜੋ ਪੰਜਾਬੀ ਸੱਭਿਅਤਾ ਦੇ ਨਜ਼ਦੀਕ ਸਨ। ਉਨ੍ਹਾਂ ਸਭ ਲੋਕਾਂ ਨਾਲ ਮਿਲ ਕੇ ਜਗ੍ਹਾ-ਜਗ੍ਹਾ ਜਾ ਕੇ ਇਹ ਸਮਾਨ ਇਕੱਠਾ ਕੀਤਾ ਤੇ ਰੰਗਲਾ ਪੰਜਾਬ ਵਿੱਚ ਇਨ੍ਹਾਂ ਨੂੰ ਲੋਕਾਂ ਦੇ ਰੁਬਰੂ ਕੀਤਾ।
ਸਵਾਲ : ਹਵੇਲੀ ਦੇ ਖਾਣੇ ਵਿੱਚ ਪੰਜਾਬ ਦਾ ਪੂਰਾ-ਪੂਰਾ ਸਵਾਦ ਮਿਲਦਾ ਹੈ, ਇਸ ਸਵਾਦ ਨੂੰ ਬਰਕਰਾਰ ਰੱਖਣ ਲਈ ਤੁਸੀਂ ਖ਼ੁਦ ਅਤੇ ਤੁਹਾਡੇ ਰਸੋਈਏ ਕੀ ਕਰਦੇ ਹਨ?
ਜਵਾਬ : ਖਾਣੇ ਦੇ ਸਵਾਦ ਨੂੰ ਬਰਕਰਾਰ ਰੱਖਣ ਲਈ ਸਾਡੀ ਇੱਕ ਵਿਸ਼ੇਸ਼ ਟੀਮ ਹੈ, ਜੋ ਸਮੇਂ-ਸਮੇਂ ਤੇ ਟ੍ਰੇਨਿੰਗ ਕੈਂਪ ਲਗਾਉਂਦੀ ਹੈ। ਇਸਦੇ ਨਾਲ ਮੈਂ ਖੁਦ ਵੀ ਖਾਣੇ ਦੇ ਸਵਾਦ ਨੂੰ ਬਣਾਈ ਰੱਖਣ ਲਈ ਪੂਰਨ ਤੌਰ 'ਤੇ ਨਿਗਰਾਨੀ ਰੱਖਦਾ ਹਾਂ।
ਸਵਾਲ : 'ਰੰਗਲੇ ਪੰਜਾਬ' ਨੂੰ ਪੂਰਾ ਕਰਨ ਵਿੱਚ ਤੁਹਾਨੂੰ ਕਿੰਨਾ ਸਮਾਂ ਲੱਗਿਆ ?
ਜਵਾਬ : ਸੰਨ 2000 ਵਿੱਚ ਹਵੇਲੀ ਦਾ ਕਾਰਜ ਆਰੰਭ ਕੀਤਾ ਤੇ ਸਾਲ 2002 ਵਿੱਚ ਇਹ ਕਾਰਜ ਮੁਕੰਮਲ ਹੋ ਗਿਆ। ਇਸ ਤੋਂ ਬਾਅਦ 2 ਸਾਲਾਂ ਵਿੱਚ 'ਰੰਗਲਾ ਪੰਜਾਬ' ਵੀ ਬਣ ਕੇ ਤਿਆਰ ਹੋ ਗਿਆ।
ਸਵਾਲ : ਜਲੰਧਰ ਦੀ ਹਵੇਲੀ ਤੋਂ ਬਾਅਦ ਜਗ੍ਹਾ-ਜਗ੍ਹਾ ਹੋਰ ਵੀ ਹਵੇਲੀਆਂ ਬਣ ਗਈਆਂ ਹਨ, ਇਸ ਬਾਰੇ ਤੁਸੀਂ ਕਿ ਕਹਿਣਾ ਚਾਹੁੰਦੇ ਹੋ ?
ਜਵਾਬ : ਜਲੰਧਰ ਦੀ ਹਵੇਲੀ ਬਣਨ ਤੋਂ ਬਾਅਦ ਲੋਕਾਂ ਨੇ ਹਵੇਲੀ ਦੇ ਨਾਮ ਦੀ ਢੋਈ ਲੈ ਕੇ ਬਹੁਤ ਸਾਰੇ ਰੇਸਟੋਰੈਂਟ ਬਣਾ ਲਏ ਹਨ, ਜੋ ਲੋਕਾਂ ਨੂੰ ਗੁਮਰਾਹ ਕਰ ਕੇ ਸਿਰਫ਼ ਪੈਸੇ ਕਮਾਉਣ ਦਾ ਜ਼ਰੀਆ ਹਨ। ਮੈਂ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਅਜਿਹੀਆਂ ਨਕਲੀ ਹਵੇਲੀਆਂ ਤੋਂ ਬਚ ਕੇ ਰਹਿਣ ਤਾਂ ਕਿਉਂਕਿ ਇਹ ਨਕਲੀ ਹਵੇਲੀਆਂ ਨਾ ਤਾਂ ਲੋਕਾਂ ਨੂੰ ਪੰਜਾਬ ਦਾ ਅਸਲੀ ਸਵਾਦ ਦੇ ਸਕਦੀਆਂ ਹਨ ਤੇ ਨਾ ਹੀ ਸੱਭਿਆਚਾਰ।
ਸਵਾਲ : 'ਰੰਗਲਾ ਪੰਜਾਬ' ਦੀ ਪ੍ਰਦਰਸ਼ਨੀ ਵਿੱਚ ਤੁਸੀਂ ਬਹੁਤ ਪੁਰਾਤਨ ਚੀਜ਼ਾਂ ਨੂੰ ਰੱਖਿਆ ਹੋਇਆ ਹੈ, ਇਨ੍ਹਾਂ ਚੀਜ਼ਾਂ ਦੀ ਸੰਭਾਲ ਕਿਵੇਂ ਕਰਦੇ ਹੋ?
ਜਵਾਬ : ਇਹਨਾਂ ਪੁਰਾਤਨ ਚੀਜ਼ਾਂ ਲਈ ਇੱਕ ਵਿਸ਼ੇਸ਼ ਟੀਮ ਬਣਾਈ ਗਈ ਹੈ ਜੋ ਹਰ ਰੋਜ਼ ਇਹਨਾਂ ਦੀ ਦੇਖ ਰੇਖ ਕਰਦੀ ਹੈ। ਮੈਂ ਖ਼ੁਦ ਹਰ ਰੋਜ਼ ਇਹਨਾਂ ਵਿਰਾਸਤੀ ਚੀਜ਼ਾਂ ਦੀ ਦੇਖ ਰੇਖ ਕਰਦਾ ਹਾਂ ਤੇ ਸਾਡੀ ਟੀਮ 'ਰੰਗਲਾ ਪੰਜਾਬ' ਦੀ ਹਰ ਚੀਜ਼ ਨੂੰ ਸਾਫ਼-ਸੁਥਰਾ ਅਤੇ ਨਿਖਾਰ ਕੇ ਰੱਖਦੀ ਹੈ।
ਸਵਾਲ : ਤੁਹਾਡੇ ਵੱਲੋਂ ਬਣਾਈਆਂ ਜਾ ਰਹੀਆਂ ਹਵੇਲੀਆਂ ਵਿੱਚ ਹਮੇਸ਼ਾ ਕੁਝ ਵੱਖਰਾ ਵੇਖਣ ਨੂੰ ਮਿਲਦਾ ਹੈ, ਆਉਣ ਵਾਲੇ ਸਮੇਂ ਵਿੱਚ ਤੁਸੀਂ ਪੰਜਾਬੀਆਂ ਲਈ ਅਜਿਹੇ ਹੋਰ ਕਿਹਡ਼ੇ ਪ੍ਰੋਜੈਕਟ ਲੈ ਕੇ ਆ ਰਹੇ ਹੋ ?
ਜਵਾਬ : ਸਾਡੇ ਵੱਲੋਂ ਬਣਾਈਆਂ ਗਈਆਂ ਹਵੇਲੀਆਂ ਨੂੰ ਪੂਰੇ ਵਿਸ਼ਵ ਦੇ ਲੋਕਾਂ ਵੱਲੋਂ ਬਹੁਤ ਪਿਆਰ ਦਿੱਤਾ ਜਾ ਰਿਹਾ ਹੈ। ਸੋ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੱਖ-ਵੱਖ ਸ਼ਹਿਰਾਂ ਵਿੱਚ ਹਵੇਲੀਆਂ ਬਣਾਵਾਂਗੇ। ਇਸਦੇ ਨਾਲ ਹੀ ਪੰਜਾਬੀ ਖਾਣੇ ਦੇ ਸਵਾਦ ਅਤੇ ਪੰਜਾਬੀ ਸੱਭਿਆਚਾਰ ਨੂੰ ਹੋਰ ਪ੍ਰਫੁਲਿਤ ਕਰਾਂਗੇ ਤਾਂ ਜੋ ਲੋਕ 21ਵੀਂ ਸਦੀ ਵਿਚ ਵੀ ਪੁਰਾਤਨ ਪੰਜਾਬ ਦੇ ਦੀਦਾਰ ਕਰ ਸਕਣ।