ਚੰਡੀਗੜ੍ਹ, 30 ਨਵੰਬਰ (ਸਪੋਕਸਮੈਨ ਸਮਾਚਾਰ ਸੇਵਾ) : ਅਗਰਵਾਲ ਭਾਈਚਾਰੇ ਦੀ ਵੱਡੀ ਮੰਗ ਨੂੰ ਪ੍ਰਵਾਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਚ ਮਹਾਰਾਜਾ ਅਗਰਸੇਨ ਦੇ ਨਾਂ 'ਤੇ ਅਕਾਦਮਿਕ ਚੇਅਰ ਅਤੇ ਸਕਾਲਰਸ਼ਿਪ ਸਥਾਪਤ ਕਰਨ ਦਾ ਐਲਾਨ ਕੀਤਾ ਹੈ। ਅਗਰਸੇਨ ਅਗਰੋਹਾ ਦੇ ਪ੍ਰਸਿੱਧ ਰਾਜਾ ਸਨ। ਸੰਗਰੂਰ ਦੇ ਵਿਧਾਇਕ ਵਿਜੇ ਇੰਦਰ ਸਿੰਗਲਾ ਨੇ ਇਹ ਮੰਗ ਪੇਸ਼ ਕੀਤੀ ਸੀ ਜਿਸ ਸਬੰਧੀ ਮੁੱਖ
ਮੰਤਰੀ ਨੇ ਤੁਰਤ ਹੁਕਮ ਜਾਰੀ ਕਰ ਦਿਤੇ। ਇਹ ਚੇਅਰ ਵਿਦਵਾਨਾਂ ਤੇ ਖੋਜਕਾਰਾਂ ਲਈ ਮਹਾਰਾਜਾ ਅਗਰਸੇਨ ਬਾਰੇ ਸਿੱਖਣ ਵਾਸਤੇ ਵਰਦਾਨ ਸਾਬਤ ਹੋਵੇਗੀ। ਅਗਰਸੇਨ ਨੂੰ ਪੁਰਾਣੇ ਸਮਿਆਂ ਦੌਰਾਨ ਉੱਤਰ ਭਾਰਤ ਵਿਚ ਵਪਾਰ ਅਤੇ ਵਪਾਰੀਆਂ ਦੀ ਤਰੱਕੀ ਲਈ ਯਾਦ ਕੀਤਾ ਜਾਂਦਾ ਹੈ। ਸਿੰਗਲਾ ਨੇ ਇਸ ਮਾਮਲੇ ਵਿਚ ਮੁੱਖ ਮੰਤਰੀ ਦੇ ਨਿਜੀ ਦਖਲ ਦੀ ਮੰਗ ਕੀਤੀ ਅਤੇ ਕਿਹਾ ਕਿ ਵਰਤਮਾਨ ਸਮੇਂ ਵਿਚ ਅਗਰਵਾਲ/ਬਾਣੀਆ ਸਮਾਜ ਨੂੰ ਮਹਾਰਾਜਾ ਅਗਰਸੇਨ ਦਾ ਵੰਸ਼ ਮੰਨਿਆ ਜਾਂਦਾ ਹੈ ਅਤੇ ਇਸ ਭਾਈਚਾਰੇ ਦੇ 17 ਗੋਤਾਂ ਦਾ ਨਾਂ ਮਹਾਰਾਜਾ ਅਗਰਸੇਨ ਦੇ ਪੁਤਰਾਂ ਦੇ ਨਾਂ 'ਤੇ ਰਖਿਆ ਗਿਆ ਹੈ।