ਚੰਡੀਗੜ੍ਹ, 17 ਨਵੰਬਰ (ਜੀ.ਸੀ. ਭਾਰਦਵਾਜ): ਲਗਭਗ ਮਹੀਨੇ ਦੇ ਵਕਫ਼ੇ ਮਗਰੋਂ ਅੱਜ ਸਿਵਲ ਸਕੱਤਰੇਤ ਵਿਚ ਹੋਈ ਪੰਜਾਬ ਮੰਤਰੀ ਮੰਡਲ ਦੀ ਬੈਠਕ ਵਿਚ ਬਹੁਚਰਚਿਤ ਪਕੋਕਾ ਬਿਲ ਏਜੰਡੇ 'ਤੇ ਲਿਆਉਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਕਮਾਨ ਹੇਠ ਬੈਠਕ ਵਿਚ ਸਰਕਾਰ ਨੇ ਵਿਚਲਾ ਰਾਹ ਕੱਢ ਕੇ ਪੁਲਿਸ ਨੂੰ ਵਧੇਰੇ ਅਧਿਕਾਰ ਤੇ ਸ਼ਕਤੀਆ ਦੇਣ ਲਈ 9 ਵੱਡੇ ਵਿਸ਼ੇਸ਼ ਦਸਤੇ ਖੜੇ ਕਰਨ ਦਾ ਫ਼ੈਸਲਾ ਲਿਆ ਹੈ। 27-27 ਜਵਾਨਾਂ ਤੇ ਅਫ਼ਸਰਾਂ ਦੇ ਇਹ ਵਿਸ਼ੇਸ਼ ਦਸਤੇ ਗੈਂਗਸਟਰਾਂ, ਜੇਲ ਬ੍ਰੇਕਰਾਂ ਅਤੇ ਵੱਡੇ-ਵੱਡੇ ਅਤਿਵਾਦੀ ਹਮਲਿਆਂ ਨਾਲ ਨਜਿੱਠਣਗੇ। ਤਿੰਨ ਘੰਟੇ ਚੱਲੀ ਅੱਜ ਦੀ ਕੈਬਨਿਟ ਬੈਠਕ ਦਾ ਵੇਰਵਾ ਦਿੰਦੇ ਹੋਏ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਦਸਿਆ ਕਿ ਇਹ 9 ਪੁਲਿਸ ਦਸਤੇ ਮੌਜੂਦਾ ਪੁਲਿਸ ਫ਼ੋਰਸ ਵਿਚੋਂ ਹੀ ਕਾਇਮ ਕੀਤੇ ਜਾਣਗੇ, ਨਵੀਂ ਭਰਤੀ ਨਹੀਂ ਹੋਵੇਗੀ। ਮੰਤਰੀ ਮੰਡਲ ਨੇ ਇਹ ਵੀ ਫ਼ੈਸਲਾ ਕੀਤਾ ਕਿ ਵਿਧਾਨ ਸਭਾ ਦਾ ਸਰਦ ਰੁਤ ਸੈਸ਼ਨ 27 ਨਵੰਬਰ ਤੋਂ ਸ਼ੁਰੂ ਹੋਵੇਗਾ ਅਤੇ ਬਿਜ਼ਨਸ ਦੇ ਆਧਾਰ 'ਤੇ ਵੀ ਸੈਸ਼ਨ ਦੀ ਮਿਆਦ ਤਿੰਨ ਜਾਂ ਚਾਰ ਦਿਨ ਤਕ ਵਧਾਉਣ ਦਾ ਫ਼ੈਸਲਾ ਵਿਧਾਨ ਸਭਾ ਦੀ ਬਿਜ਼ਨਸ ਸਲਾਹਕਾਰ ਕਮੇਟੀ ਕਰੇਗੀ। ਦੂਜੇ ਵੱਡੇ ਫ਼ੈਸਲੇ ਬਾਰੇ ਦਸਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਡਰੱਗ ਡੀਲਰਾਂ ਨਾਲ ਸਖ਼ਤੀ ਨਾਲ ਨਜਿੱਠਣ ਲਈ ਐਨਡੀਪੀਟੀ ਐਕਟ ਤਹਿਤ ਉਨ੍ਹਾਂ ਦੀ ਜਾਇਦਾਦ ਜ਼ਬਤ ਕਰਨ ਲਈ ਪਹਿਲਾਂ ਬਣਾਏ ਕਾਨੂੰਨ ਵਿਚ ਤਰਮੀਮ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇ ਲੋੜ ਪਈ ਤਾਂ ਨਵਾਂ ਬਿਲ ਹੀ ਵਿਧਾਨ ਸਭਾ ਵਿਚ ਪਾਸ ਕਰਾਇਆ ਜਾਵੇਗਾ ਅਤੇ ਪਹਿਲਾਂ ਰਾਜਪਾਲ