ਪਨਸਪ ਹੁਣ ਜ਼ਿਲ੍ਹਿਆਂ 'ਚ ਖੋਲ੍ਹੇਗਾ 'ਅਪਣਾ ਬਾਜ਼ਾਰ' ਦੇ ਨਾਂ ਹੇਠ ਸਟੋਰ

ਖ਼ਬਰਾਂ, ਪੰਜਾਬ



ਬਠਿੰਡਾ, 31 ਅਗੱਸਤ (ਸੁਖਜਿੰਦਰ ਮਾਨ): ਸੂਬੇ ਦੀ ਮਹੱਤਵਪੂਰਨ ਖ਼ਰੀਦ ਏਜੰਸੀ 'ਪਨਸਪ' ਹੁਣ ਨਾਗਰਿਕਾਂ ਨੂੰ ਵਧੀਆ ਤੇ ਸਸਤੇ ਰੇਟਾਂ ਉਪਰ ਰੋਜ਼ਮਰਾ ਦੀਆਂ ਵਸਤੂਆਂ ਮੁਹਈਆ ਕਰਵਾਉਣ ਲਈ ਈਜ਼ੀ ਡੇਅ, ਰਿਲਾਇੰਸ ਤੇ ਬੇਸਟਪ੍ਰਾਈਸ ਵਰਗੇ ਵੱਡੀਆਂ ਕੰਪਨੀਆਂ ਦੀ ਤਰਜ਼ 'ਤੇ 'ਅਪਣਾ ਬਜ਼ਾਰ' ਦੇ ਨਾਂ ਹੇਠ ਜ਼ਿਲ੍ਹਾ ਹੈੱਡਕੁਆਟਰਾਂ 'ਤੇ ਸਟੋਰ ਖੋਲੇਗਾ। ਇਸ ਦੀ ਪਹਿਲ ਮੋਹਾਲੀ ਤੋਂ ਕੀਤੀ ਜਾਵੇਗੀ ਜਿਥੇ ਫ਼ੇਜ਼ ਦੋ ਵਿਚ ਸਥਿਤ ਪੁਰਾਣੀ ਵਪਾਰਕ ਇਮਾਰਤ ਨੂੰ ਇਸ ਲਈ ਤਿਆਰ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਲੁਧਿਆਣਾ ਤੇ ਹੁਸ਼ਿਆਰਪੁਰ ਵਿਚ ਵੀ ਅਜਿਹੇ ਸਟੋਰ ਖੋਲਣ ਦੀ ਯੋਜਨਾ ਹੈ। ਇਨ੍ਹਾਂ ਸਟੋਰਾਂ ਦੀ ਸਫ਼ਲਤਾ ਤੋਂ ਬਾਅਦ ਹਰ ਜ਼ਿਲ੍ਹਾ ਹੈੱਡਕੁਆਟਰ 'ਤੇ ਪਨਸਪ ਦੇ ਅਜਿਹੇ ਸਟੋਰ ਦੇਖਣ ਨੂੰ ਮਿਲਣਗੇ।
ਦਸਣਾ ਬਣਦਾ ਹੈ ਕਿ ਕਿਸੇ ਸਮੇਂ ਅਤਿ ਜ਼ਰੂਰੀ ਵਸਤੂਆਂ ਦੀ ਸਪਲਾਈ ਲਈ ਹੋਂਦ 'ਚ ਆਏ ਪਨਸਪ ਦੇ ਕਰੀਬ 25 ਸਾਲ ਪਹਿਲਾਂ ਤਕ ਅਜਿਹੇ ਸਟੋਰ ਉਪਲਭਧ ਰਹੇ ਹਨ ਪ੍ਰੰਤੂ ਬਾਅਦ ਵਿਚ ਬਦਲਦੇ ਜ਼ਮਾਨੇ ਮੁਤਾਬਕ ਨਾ ਢਲਣ ਕਾਰਨ ਇਹ ਬੰਦ ਹੋ ਗਏ ਸਨ। ਸੂਤਰਾਂ ਮੁਤਾਬਕ ਇਸ ਸਬੰਧ ਵਿਚ ਤਿਆਰੀਆਂ ਚਲ ਰਹੀਆਂ ਹਨ ਤੇ ਜਲਦੀ ਹੀ ਕੋਈ ਫ਼ੈਸਲਾ ਹੋ ਸਕਦਾ। ਪਨਸਪ ਦੇ ਅਧਿਕਾਰਤ ਸੂਤਰਾਂ ਮੁਤਾਬਕ ਚਲ ਰਹੀ ਯੋਜਨਾ ਤਹਿਤ ਵਿਭਾਗ ਅਪਣੇ ਬ੍ਰਾਂਡ ਹੇਠ ਇਨ੍ਹਾਂ ਸਟੋਰਾਂ 'ਚ ਵਸਤੂਆਂ ਨੂੰ ਉਪਲਭਧ ਕਰਵਾ ਸਕਦਾ ਹੈ, ਇਸ ਲਈ ਪਨਸਪ ਵਲੋਂ ਵੱਡੀਆਂ ਮੈਨੂਫੈਕਚਰਿੰਗ ਕੰਪਨੀਆਂ ਨਾਲ ਲੋੜੀਂਦੇ ਮਾਲ ਨੂੰ ਅਪਣੇ ਬ੍ਰਾਂਡ ਹੇਠ ਤਿਆਰ ਕਰਵਾਇਆ ਜਾ ਸਕਦਾ। ਪਨਸਪ ਵਲੋਂ ਅਪਣੇ ਸਟੋਰ ਖੋਲਣ ਦੇ ਨਾਲ-ਨਾਲ ਸੂਬੇ 'ਚ ਮੌਜੂਦਾ 17000 ਦੇ ਕਰੀਬ ਡਿਪੂ ਹੋਲਡਰਾਂ ਮਾਰਕਫ਼ੈੱਡ ਨਾਲ ਮਿਲ ਕੇ ਵੱਧ ਮਾਰਜ਼ਨ ਤਹਿਤ ਜ਼ਰੂਰੀ ਵਸਤੂਆਂ ਉਪਲਭਧ ਕਰਵਾਈਆਂ ਜਾ ਸਕਦੀਆਂ ਹਨ ਤਾਂ ਕਿ ਸਾਰੀਆਂ ਜ਼ਰੂਰੀ ਵਸਤੂਆਂ ਦੀਆਂ ਸਪਲਾਈ ਬੰਦ ਹੋਣ ਦੇ ਚਲਦੇ ਬੰਦ ਹੋਣ ਕਿਨਾਰੇ ਇਨ੍ਹਾਂ ਡਿਪੂ ਹੋਲਡਰਾਂ ਨੂੰ ਰਾਹਤ ਮਿਲ ਜਾਵੇ।
ਸੂਤਰਾਂ ਅਨੁਸਾਰ ਮਾਰਕਫ਼ੈੱਡ ਵਲੋਂ ਖ਼ੁਦ ਪਹਿਲਾਂ ਹੀ ਸੋਹਣਾ ਬ੍ਰਾਂਡ ਹੇਠ ਕਈ ਉਤਪਾਦ ਤਿਆਰ ਕੀਤੇ ਜਾ ਰਹੇ ਹਨ ਜੋ ਕਿ ਬਜ਼ਾਰ ਵਿਚ ਕਾਫ਼ੀ ਹਰਮਨ ਪਿਆਰੇ ਹਨ। ਸੂਤਰਾਂ ਮੁਤਾਬਕ ਇਸ ਮੁੱਦੇ 'ਤੇ ਵਿਚਾਰ ਕਰਨ ਲਈ ਲੰਘੀ 21 ਅਗੱਸਤ ਨੂੰ ਖ਼ੁਰਾਕ ਤੇ ਸਪਲਾਈ ਵਿਭਾਗ ਦੇ ਡਾਇਰੈਕਟਰ ਵਲੋਂ ਪਨਸਪ ਤੇ ਮਾਰਕਫ਼ੈੱਡ ਦੇ ਐਮ.ਡੀਜ਼ ਨਾਲ ਮੀਟਿੰਗ ਵੀ ਰੱਖੀ ਸੀ ਪ੍ਰੰਤੂ ਪੰਜਾਬ ਦਾ ਮਾਹੌਲ  (ਬਾਕੀ ਸਫ਼ਾ 11 'ਤੇ)
ਖ਼ਰਾਬ ਹੋਣ ਕਾਰਨ ਇਸ ਮੀਟਿੰਗ ਨੂੰ ਹੁਣ ਪਿੱਛੇ ਪਾ ਦਿਤਾ ਹੈ। ਪਨਸਪ ਦੇ ਐਮ.ਡੀ ਵੀ.ਸ੍ਰੀਨਿਵਾਸਨ ਨੇ ਸੰਪਰਕ ਕਰਨ 'ਤੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਲੇ ਸਿਰਫ਼ ਵਿਚਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਮੰਨਿਆ ਕਿ ਆਉਣ ਵਾਲੇ ਸਮੇਂ 'ਚ ਇਸ ਸਬੰਧ ਵਿਚ ਮੀਟਿੰਗ ਕਰ ਕੇ ਰੂਪ ਰੇਖਾ ਤਿਆਰ ਕੀਤੀ ਜਾਵੇਗੀ।
ਉਧਰ ਡਿਪੂ ਹੋਲਡਰ ਐਸੋਸੀਏਸ਼ਨ ਦੇ ਸੂਬਾਈ ਆਗੂ ਸੁਰਿੰਦਰ ਛਿੰਦਾ ਨੇ ਦਸਿਆ ਕਿ ਕੁੱਝ ਸਮਾਂ ਪਹਿਲਾਂ ਪਨਸਪ ਵਲੋਂ ਇਸ ਸਬੰਧ ਵਿਚ ਕੁੱਝ ਜ਼ਰੂਰੀ ਵਸਤੂਆਂ ਦੀ ਸੂਚੀ ਅਤੇ ਰੇਟ ਲਿਸਟ ਮੁਹਈਆਂ ਕਰਵਾਈ ਗਈ ਸੀ। ਛਿੰਦਾ ਮੁਤਾਬਕ ਮੌਜੂਦਾ ਸਮੇਂ ਡਿਪੂ ਹੋਲਡਰ ਆਰਥਕ ਤੌਰ 'ਤੇ ਬਿਲਕੁਲ ਖ਼ਤਮ ਹੋ ਚੁਕਿਆ ਹੈ ਜਿਸ ਦੇ ਚਲਦੇ ਅਜਿਹੀਆਂ ਸਕੀਮਾਂ ਦਾ ਹੋਣਾ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਅਹਿਮ ਮੁੱਦੇ 'ਤੇ ਡਿਪੂ ਹੋਲਡਰਾਂ ਵਲੋਂ ਸਰਕਾਰ ਨੂੰ ਕਾਰਡ ਹੋਲਡਰਾਂ ਨੂੰ ਹਰ ਮਹੀਨੇ ਦੀਆਂ ਜ਼ਰੂਰੀ ਵਸਤੂਆਂ ਡਿਪੂਆਂ ਤੋਂ ਹੀ ਖ਼ਰੀਦ ਕਰਨ ਦੀ ਮੰਗ ਕੀਤੀ ਹੈ। ਪ੍ਰਧਾਨ ਛਿੰਦਾ ਨੇ ਦਸਿਆ ਕਿ ਪਨਸਪ ਤੇ ਮਾਰਕਫ਼ੈੱਡ ਨਾਲ ਤਾਲਮੇਲ ਕਰ ਕੇ ਸਰਕਾਰ ਨੂੰ ਇਸ ਸਬੰਧ ਵਿਚ ਜਲਦ ਫ਼ੈਸਲਾ ਲੈਣਾ ਚਾਹੀਦਾ ਹੈ।