ਪਾਣੀਆਂ ਦੇ ਮੁੱਦੇ 'ਤੇ ਸੁਖਬੀਰ ਅੱਗ ਲਾਉਣ ਦਾ ਯਤਨ ਕਰ ਰਿਹੈ : ਜਾਖੜ

ਖ਼ਬਰਾਂ, ਪੰਜਾਬ




ਚੰਡੀਗੜ੍ਹ,  8 ਸਤੰਬਰ (ਜੈ ਸਿੰਘ ਛਿੱਬਰ) : ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਿਵਲ ਸਕੱਤਰੇਤ 'ਚ ਮੁੜ ਪ੍ਰਵੇਸ਼ ਕਰਨ ਲਈ ਪਾਣੀਆਂ ਦੇ ਮੁੱਦੇ 'ਤੇ ਅੱਗ ਲਾਉਣ ਦਾ ਯਤਨ ਕਰ ਰਹੇ ਹਨ।

ਅੱਜ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਾਖੜ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵਲੋਂ ਇਸ ਨਾਜ਼ੁਕ ਤੇ ਅਤਿ ਗੰਭੀਰ ਮਾਮਲੇ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰ ਕੇ ਸਮੱਸਿਆ ਦਾ ਹੱਲ ਕਢਣ ਦਾ ਯਤਨ ਕੀਤਾ ਜਾ ਰਿਹਾ ਹੈ। ਪਰ, ਸੁਖਬੀਰ ਸਿੰਘ ਬਾਦਲ ਐਸ.ਵਾਈ.ਐਲ ਵਰਗੇ ਮੁੱਦੇ ਨੂੰ ਸਿਆਸੀ ਰੋਟੀਆਂ ਸੇਕਣ ਲਈ ਭਖਾ ਕੇ ਰਖਣਾ ਚਾਹੁੰਦੇ ਹਨ ਕਿਉਂਕਿ ਅਕਾਲੀ ਦਲ ਪਿਛਲੇ ਲੰਬੇ ਸਮੇਂ ਤੋਂ ਇਸ ਮੁੱਦੇ 'ਤੇ ਸਿਆਸਤ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸਾਲ 2004 'ਚ ਪਾਣੀਆਂ ਦੇ ਸਮਝੌਤੇ ਨੂੰ ਰੱਦ ਕਰ ਦਿਤਾ ਸੀ, ਇਸ ਤੋਂ ਬਾਅਦ ਹੁਣ ਫਿਰ ਐਸ.ਵਾਈ.ਐਲ ਮੁੱਦੇ ਨੂੰ ਹੱਲ ਕਰਨ ਦਾ ਯਤਨ ਕਰ ਰਹੇ ਹਨ। ਜਾਖੜ ਨੇ ਕਿਹਾ ਕਿ ਪੰਜਾਬ ਕੋਲ ਇਕ ਬੁੰਦ ਵੀ ਵਾਧੂ ਪਾਣੀ ਨਹੀਂ ਹੈ। ਇਸ ਲਈ ਸੁਪਰੀਮ ਕੋਰਟ ਦੇ ਆਦੇਸ਼ ਮੁਤਾਬਕ ਕੇਂਦਰ ਵਲੋਂ ਪੰਜਾਬ ਤੇ ਹਰਿਆਣਾ ਰਾਜ ਨੂੰ ਇਸ ਚਿਰ ਸਥਾਈ ਸਮੱਸਿਆ ਦਾ ਹੱਲ ਇਕੱਠੇ ਬੈਠ ਕੇ ਕਢਣ ਨੂੰ ਕਿਹਾ ਗਿਆ ਹੈ।

ਜਾਖੜ ਨੇ ਕਿਹਾ ਕਿ ਪੰਜਾਬ ਕੋਲ ਵਾਧੂ ਪਾਣੀ ਨਹੀਂ ਹੈ ਅਤੇ ਗਲੇਸ਼ੀਅਰ ਵੀ ਪਿਘਲ ਚੁੱਕੇ ਹਨ। ਇਨ੍ਹਾਂ ਹਾਲਾਤਾਂ 'ਚ ਪਾਣੀ ਨਹੀਂ ਹੈ। ਇਸ ਲਈ ਪਹਿਲਾਂ ਪਾਣੀ ਦੀ ਮਾਤਰਾ ਚੈੱਕ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਕਿਹਾ ਕਿ ਪਾਣੀਆਂ ਦਾ ਮਸਲਾ ਕੈਪਟਨ ਅਮਰਿੰਦਰ ਸਿੰਘ ਨੇ ਸੰਜੀਦਗੀ ਨਾਲ ਹੱਲ ਕੀਤਾ ਹੈ।

  (ਬਾਕੀ ਸਫ਼ਾ 7 'ਤੇ)
ਹੁਣ ਸੁਖਬੀਰ ਬਾਦਲ ਨੂੰ ਡਰ ਹੈ ਕਿ ਜੇਕਰ ਐਸ.ਵਾਈ.ਐਲ ਨਹਿਰ ਦਾ ਮਾਮਲਾ ਹੱਲ ਹੋ ਗਿਆ ਤਾਂ ਇਸ ਦਾ ਸਿਹਰਾ ਫਿਰ ਕੈਪਟਨ ਅਮਰਿੰਦਰ ਸਿੰਘ ਨੂੰ ਜਾਵੇਗਾ ਜਿਸ ਕਾਰਨ ਉਹ ਪੰਜਾਬ ਦੇ ਲੋਕਾਂ ਨੂੰ ਭੜਕਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦਾ ਭਾਜਪਾ ਲੀਡਰਸ਼ਿਪ ਵਿਚ ਵਿਸ਼ਵਾਸ ਨਹੀਂ ਰਿਹਾ ਇਸ ਲਈ ਅਕਾਲੀ ਦਲ ਨੂੰ ਭਾਜਪਾ ਤੋਂ ਅਲੱਗ ਹੋ ਜਾਣਾ ਚਾਹੀਦਾ ਅਤੇ ਕੇਂਦਰੀ ਮੰਤਰੀ ਮੰਡਲ ਵਿਚੋਂ ਹਰਸਿਮਰਤ ਕੌਰ ਬਾਦਲ ਨੂੰ ਵਾਪਸ ਬੁਲਾ ਲੈਣਾ ਚਾਹੀਦਾ ਹੈ।