ਪਰਲਜ਼ ਗਰੁਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ

ਖ਼ਬਰਾਂ, ਪੰਜਾਬ

ਚੰਡੀਗੜ੍ਹ, 9 ਜਨਵਰੀ : ਇਨਫ਼ੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਵੱਡੀ ਕਾਰਵਾਈ ਕਰਦੇ ਹੋਏ ਪਰਲਜ਼ ਗਰੁਪ ਦੇ ਮਾਲਕ ਨਿਰਮਲ ਸਿੰਘ ਭੰਗੂ ਦੀ 472 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ। ਇਸ 'ਚ ਆਸਟ੍ਰੇਲੀਆ ਦੇ ਦੋ ਹੋਟਲ ਅਤੇ ਕਈ ਹੋਰ ਥਾਵਾਂ ਦੀਆਂ ਜ਼ਮੀਨਾਂ ਸ਼ਾਮਲ ਹਨ। ਭੰਗੂ 'ਤ ਦੋਸ਼ ਹੈ ਕਿ ਉਸ ਨੇ ਇਹ ਜਾਇਦਾਦ ਚਿੱਟ ਫ਼ੰਡ ਸਕੀਮ ਨਾਲ ਬਣਾਈ ਹੈ। ਭੰਗੂ ਨੇ 5 ਕਰੋੜ ਤੋਂ ਵੱਧ ਲੋਕਾਂ ਨੂੰ ਅਜਿਹੀ ਸਕੀਮ 'ਚ ਫਸਾ ਕੇ ਹਜ਼ਾਰਾਂ ਕਰੋੜ ਰੁਪਏ ਇਕੱਤਰ ਕੀਤੇ ਅਤੇ ਇਸ ਨੂੰ ਵਿਦੇਸ਼ਾਂ 'ਚ ਨਿਵੇਸ਼ ਕੀਤਾ। ਇਸ ਮਾਮਲੇ 'ਚ ਸੀ.ਬੀ.ਆਈ. ਪਹਿਲਾਂ ਹੀ ਨਿਰਮਲ ਸਿੰਘ ਨੂੰ ਗ੍ਰਿਫ਼ਤਾਰ ਕਰ ਚੁਕੀ ਹੈ।ਜ਼ਿਕਰਯੋਗ ਹੈ ਕਿ ਸਾਲ 2015 'ਚ ਕੰਪਨੀ ਦੇ ਡਾਇਰੈਕਟਰਾਂ ਅਤੇ ਅਧਿਕਾਰੀਆਂ ਵਿਰੁਧ ਸੀ.ਬੀ.ਆਈ. ਵਲੋਂ ਦਰਜ ਕੀਤੀ ਗਈ ਐਫ.ਆਈ.ਆਰ. ਦਾ ਨੋਟਿਸ ਲੈਂਦਿਆਂ ਕੰਪਨੀ ਵਿਰੁਧ ਇਕ ਅਪਰਾਧਕ ਮਾਮਲਾ ਦਰਜ ਕੀਤਾ ਸੀ। ਸੀ.ਬੀ.ਆਈ. ਦੀ ਐਫ਼.ਆਈ.ਆਰ. 'ਚ ਇਹ ਦੋਸ਼ ਲਗਾਇਆ ਗਿਆ ਸੀ ਕਿ ਪੀ.ਜੀ.ਐਫ਼. ਅਤੇ ਪੀ.ਏ.ਸੀ.ਐਲ. ਨੇ ਸਮੂਹਕ ਨਿਵੇਸ਼ ਯੋਜਨਾ ਜ਼ਰੀਏ ਪੂਰੇ ਦੇਸ਼ 'ਚੋਂ ਨਿਵੇਸ਼ਕਾਂ ਤੋਂ ਖ਼ੇਤੀ ਭੂਮੀ ਦੀ ਵਿਕਰੀ ਅਤੇ ਵਿਕਾਸ ਦੀ ਆੜ ਵਿਚ ਪੈਸਾ ਇਕੱਠਾ ਕੀਤਾ। 

ਈ.ਡੀ. ਨੇ ਦਸਿਆ ਕਿ ਹਵਾਲਾ ਰੋਕਥਾਮ ਕਾਨੂੰਨ (ਪੀ.ਐਮ.ਐਲ.ਏ.) ਦੇ ਤਹਿਤ ਆਸਟ੍ਰੇਲੀਆ ਵਿਚਲੀ 472 ਕਰੋੜ ਦੀ ਜਾਇਦਾਦ ਜ਼ਬਤ ਕੀਤੀ ਗਈ ਹੈ। ਈ.ਡੀ. ਨੇ ਪੀ.ਏ.ਸੀ.ਐਲ. ਦੀ ਚਿੱਟ ਫ਼ੰਡ ਸਕੀਮ ਘੁਟਾਲੇ ਦੀ ਜਾਂਚ ਦੇ ਸਬੰਧ 'ਚ ਉਕਤ ਜਾਇਦਾਦ ਜ਼ਬਤ ਕੀਤੀ ਹੈ। ਇਹ ਚਿੱਟ ਫ਼ੰਡ ਸਕੀਮ ਨਿਰਮਲ ਸਿੰਘ ਭੰਗੂ ਚਲਾਉਂਦਾ ਸੀ। ਪੀ.ਏ.ਸੀ.ਐਲ. ਮਾਮਲੇ ਦੀ ਜਾਂਚ ਕਈ ਏਜੰਸੀਆਂ ਵਲੋਂ ਕੀਤੀ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਨਿਰਮਲ ਸਿੰਘ ਭੰਗੂ ਪੰਜਾਬ ਦੇ ਬਰਨਾਲਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਦਸਿਆ ਜਾਂਦਾ ਹੈ ਕਿ ਉਹ ਜਵਾਨੀ ਦੇ ਦਿਨਾਂ 'ਚ ਅਪਣੇ ਭਰਾ ਨਾਲ ਸਾਈਕਲ 'ਤੇ ਦੁੱਧ ਵੇਚਣ ਜਾਂਦਾ ਸੀ। ਇਸੇ ਦੌਰਾਨ ਉਸ ਨੇ ਪੋਲੀਟਿਕਲ ਸਾਇੰਸ 'ਚ ਪੋਸਟ ਗ੍ਰੈਜੁਏਸ਼ਨ ਕੀਤੀ। ਇਸ ਤੋਂ ਬਾਅਦ ਨੌਕਰੀ ਦੀ ਤਲਾਸ਼ 'ਚ ਉਹ 70 ਦੇ ਦਹਾਕੇ 'ਚ ਕਲਕੱਤਾ ਚਲਿਆ ਗਿਆ, ਜਿਥੇ ਉਸ ਨੇ ਇਕ ਪ੍ਰਸਿੱਧ ਇਨਵੈਸਟਮੈਂਟ ਕੰਪਨੀ ਪਿਅਰਲੇਸ 'ਚ ਕੁਝ ਸਾਲ ਕੰਮ ਕੀਤਾ। ਉਸ ਤੋਂ ਬਾਅਦ ਕਰੋੜਾਂ ਰੁਪਏ ਦੀ ਠੱਗੀ ਮਾਰਨ ਵਾਲੀ ਹਰਿਆਣਾ ਦੀ ਕੰਪਨੀ ਗੋਲਡਨ ਫਾਰੈਸਟ ਇੰਡੀਆ ਲਿਮਟਿਡ 'ਚ ਕੰਮ ਕੀਤਾ। ਇਸ ਕੰਪਨੀ ਦੇ ਬੰਦ ਹੋਣ ਮਗਰੋਂ ਭੰਗੂ ਨੇ 1980 'ਚ 'ਪਰਲ ਗੋਲਡਨ ਫਾਰੈਸਟ' ਨਾਂ ਦੀ ਕੰਪਨੀ ਬਣਾਈ ਸੀ। (ਏਜੰਸੀ)