ਪਰਾਲੀ ਸਾੜਨ ਕਾਰਨ ਹਵਾ ਪ੍ਰਦੂਸ਼ਣ ਹੱਦਾਂ ਟੱਪਿਆ

ਖ਼ਬਰਾਂ, ਪੰਜਾਬ

ਪਟਿਆਲਾ, 22 ਅਕਤੂਬਰ (ਸਸਸ) : ਪਰਾਲੀ ਸਾੜਨ ਕਾਰਨ ਪੰਜਾਬ ਅੰਦਰਲਾ ਹਵਾ ਪ੍ਰਦੂਸ਼ਣ ਆਮ ਨਾਲੋਂ ਕਈ ਗੁਣਾਂ ਵਧਣ ਕਾਰਨ ਚਿੰਤਾ ਦਾ ਵਿਸ਼ਾ ਬਣ ਗਿਆ ਹੈ ਕਿਉਂਕਿ ਇਸ ਦਾ ਸਿੱਧਾ ਪ੍ਰਭਾਵ ਵੀ ਸਮੁੱਚੀ ਪੇਂਡੂ ਵਸੋਂ ਅਤੇ ਕਿਸਾਨਾਂ ਤੇ ਪੈ ਰਿਹਾ ਹੈ। ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਲਗਾਤਾਰ ਮਾਪੇ ਜਾ ਰਹੇ ਹਵਾ ਗੁਣਵੱਤਾ ਸੂਚਕ ਅੰਕ (ਏਅਰ ਕੁਆਲਿਟੀ ਇੰਡੈਕਸ) ਦੇ ਪਿਛਲੇ ਦਸ ਦਿਨਾਂ ਦੇ ਅੰਕੜੇ ਹਵਾ ਦੀ ਗੁਣਵੱਤਾ ਨੂੰ ਬਹੁਤ ਮਾੜੀ ਦਰਸਾ ਰਹੇ ਹਨ ਜੋ ਲਗਾਤਾਰ 300 ਤੋਂ ਉÎੱਪਰ ਚੱਲ ਰਿਹਾ ਹੈ ਜਿਸ ਦਾ ਵੱਡਾ ਕਾਰਨ ਕਿਸਾਨਾਂ ਵਲੋਂ ਪਰਾਲੀ ਨੂੰ ਲਗਾਈ ਜਾਂਦੀ ਅੱਗ ਹੈ ਜਿਸ ਕਾਰਨ ਹਵਾ ਵਿਚਲੇ ਮੁਹੀਨ ਕਣਾਂ ਦੀ ਮਾਤਰਾ 100 ਦੀ ਹੱਦ ਦੇ ਮੁਕਾਬਲੇ ਔਸਤਨ 329 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਅਤੇ ਅਤਿ ਮੁਹੀਨ ਕਣਾਂ ਦੀ ਮਾਤਰਾ 60 ਦੇ ਮੁਕਾਬਲੇ ਔਸਤਨ 166 ਮਾਇਕਰੋਗਰਾਮ ਪ੍ਰਤੀ ਘਣ ਮੀਟਰ ਤੱਕ ਪਹੁੰਚ ਚੁੱਕੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਸਥਿਤੀ ਵਿਚ ਹੋਰ ਨਿਘਾਰ ਆਵੇਗਾ। ਪਿਛਲੇ ਦਿਨਾਂ ਤੋਂ ਸਾਰੇ ਪੰਜਾਬ ਉÎੱਪਰ ਸੰਘਣੇ ਧੂੰਏਂ ਦੇ ਬੱਦਲ ਬਹੁਤ ਵੱਡੀ ਚਿੰਤਾ ਦਾ ਵਿਸ਼ਾ ਹਨ ਅਤੇ ਮੌਸਮ 'ਚ ਲਗਾਤਾਰ ਪੈਦਾ ਹੋ ਰਹੀ ਠੰਡਕ ਕਾਰਨ ਇਹ ਧੂੰਆਂ ਧੂੰਦ ਦਾ ਰੂਪ ਅਖ਼ਤਿਆਰ ਕਰਦਾ ਜਾ ਰਿਹਾ ਹੈ ਜਿਸ ਨਾਲ ਸਥਿਤੀ ਹੋਰ ਬਦਤਰ ਹੋਵੇਗੀ। ਇਕ ਟਨ ਪਰਾਲੀ ਸਾੜਨ ਨਾਲ 3 ਕਿਲੋ ਧੂੜ ਦੇ ਕਣ, 60 ਕਿਲੋ ਕਾਰਬਨ ਮੋਨੋਆਕਸਾਈਡ, 1460 ਕਿਲੋ ਕਾਰਬਨਡਾਈਆਕਸਾਈਡ ਅਤੇ 2 ਕਿਲੋਂ ਸਲਫ਼ਰ ਡਾਈਆਕਸਾਈਡ ਆਦਿ ਜ਼ਹਿਰੀਲੀਆਂ ਗੈਸਾਂ ਪੈਦਾ ਹੁੰਦੀਆਂ ਹਨ। ਵਾਢੀ ਅਤੇ ਬਿਜਾਈ ਦੇ ਵਕਫ਼ੇ ਦਰਮਿਆਨ 130 ਲੱਖ ਟਨ ਪਰਾਲੀ ਨੂੰ ਸਾੜੇ ਜਾਣ ਤੋਂ ਪੈਦਾ ਹੋਈਆਂ ਗੈਸਾਂ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ ਜਿਸ ਕਾਰਨ ਪੰਜਾਬ ਇਕ ਗੈਸ ਚੈਂਬਰ ਦਾ ਰੂਪ ਅਖ਼ਤਿਆਰ ਕਰ ਸਕਦਾ ਹੈ।