'ਐਸ.ਏ.ਐਸ. ਨਗਰ, 23 ਦਸੰਬਰ (ਸੁਖਦੀਪ ਸਿੰਘ ਸੋਈ): ਪੰਜਾਬ ਸਰਕਾਰ ਦੇ ਸਿਖਿਆ ਵਿਭਾਗ ਵਲੋਂ ਸਕੱਤਰ ਸਕੂਲ ਸਿਖਿਆ ਪੰਜਾਬ ਕ੍ਰਿਸ਼ਨ ਕੁਮਾਰ ਆਈ.ਏ.ਐਸ. ਦੇ ਦਿਸ਼ਾ-ਨਿਰਦੇਸ਼ਾਂ ਤੇ ਰਹਿਨੁਮਾਈ ਵਿਚ ਸਕੂਲੀ ਸਿਖਿਆ ਵਿਚ ਗੁਣਾਤਮਕ ਤੇ ਗਿਣਾਤਮਕ ਵਿਕਾਸ ਦੇ ਨਿਰਧਾਰਤ ਟੀਚਿਆਂ ਨੂੰ ਪੂਰਾ ਕਰਨ ਲਈ ਸਕੂਲਾਂ ਅੰਦਰ ਚਲ ਰਹੇ 'ਪੜ੍ਹੋ ਪੰਜਾਬ, ਪੜ੍ਹਾਉ ਪੰਜਾਬ' ਪ੍ਰਾਜੈਕਟ ਤਹਿਤ ਵਿਸ਼ੇਸ਼ ਮੀਟਿੰਗ ਸਿਖਿਆ ਬੋਰਡ ਦੇ ਆਡੀਟੋਰੀਅਮ ਵਿਖੇ ਹੋਈ ਜਿਸ ਵਿਚ ਪਿਛਲੇ ਚਾਰ ਮਹੀਨਿਆਂ ਦੀ ਪ੍ਰਗਤੀ, ਅਧਿਆਪਕਾਂ ਦੀ ਕਾਰਜਕੁਸ਼ਲਤਾ ਨਾਲ ਹੋਣ ਵਾਲੇ ਸੁਧਾਰ ਬਾਰੇ ਚਰਚਾ ਕਰਨ ਉਪਰੰਤ ਪੰਜਾਬ ਦੇ ਸਕੂਲੀ ਬੱਚਿਆਂ ਦੇ ਸਿਖਣ ਪੱਧਰ ਦੀ ਪ੍ਰਗਤੀ ਦਾ ਵਿਸ਼ਲੇਸ਼ਣ ਕੀਤਾ ਗਿਆ।
ਸਿਖਿਆ ਵਿਭਾਗ ਦੇ ਬੁਲਾਰੇ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਵਿਭਾਗ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਸਮੂਹ ਜ਼ਿਲ੍ਹਾ ਸਿਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸਰਕਾਰੀ ਪ੍ਰਾਇਮਰੀ ਸਕੂਲਾਂ ਵਿਚ ਪਹਿਲੀ ਤੋਂ ਪੰਜਵੀਂ ਸ਼੍ਰੇਣੀ ਦੇ ਵਿਦਿਆਰਥੀਆਂ ਲਈ ਪੰਜਾਬੀ ਅਤੇ ਅੰਗਰੇਜ਼ੀ ਵਿਸ਼ਿਆਂ ਦੇ ਅੱਖਰ, ਸ਼ਬਦ, ਪੈਰ੍ਹਾ, ਕਹਾਣੀ, ਲਿਖਣ, ਸਮਝਣ ਅਤੇ ਗਣਿਤ ਦੀਆਂ
ਅੰਕ ਪਹਿਚਾਣ, ਜੋੜ, ਘਟਾਓ, ਗੁਣਾ, ਭਾਗ, ਪਹਾੜੇ ਅਤੇ ਸਵਾਲਾਂ ਨੂੰ ਸਮਝ ਕੇ ਕਰਨ ਦੀ ਪੱਧਤੀ ਨੂੰ ਆਧਾਰ ਮੰਨ ਕੇ ਅਗੱਸਤ ਤੋਂ ਅਕਤੂਬਰ ਮਹੀਨੇ ਲਈ ਨਿਰਧਾਰਤ ਟੀਚਿਆਂ ਦੀ ਪ੍ਰਗਤੀ ਲਈ ਜਾਂਚ ਨਵੰਬਰ ਮਹੀਨੇ ਵਿਚ ਕਰਵਾਈ ਗਈ ਸੀ। ਇਸ ਮੌਕੇ ਸਕੱਤਰ ਸਕੂਲ ਸਿੱਖਿਆ ਪੰਜਾਬ ਨੇ ਮੀਟਿੰਗ ਵਿਚ ਸਕੂਲਾਂ ਦੀ ਪ੍ਰਗਤੀ ਵਿਚ ਵਧੀਆ ਪ੍ਰਦਰਸ਼ਨ ਹੈ ਉਨ੍ਹਾਂ ਦੇ ਇਸ ਪ੍ਰਗਤੀ ਲਈ ਕੀਤੇ ਗਏ ਸੁਹਿਰਦ ਯਤਨਾਂ ਬਾਰੇ ਵਧਾਈ ਦਿਤੀ ਅਤੇ ਅਧਿਆਪਕਾਂ ਦੁਆਰਾ ਜਿਹੜੇ ਕੰਮ ਬੱਚਿਆਂ ਦੇ ਗੁਣਾਤਮਕ ਵਿਕਾਸ ਲਈ ਕੀਤੇ ਗਏ ਉਹਨਾਂ ਨੂੰ ਦੂਜੇ ਸਕੂਲਾਂ ਦੇ ਨਾਲ ਸਾਂਝਾ ਕਰਨ ਦੀ ਗੱਲ ਕਹੀ ਜਿਨ੍ਹਾਂ ਸਕੂਲਾਂ ਅਤੇ ਬਲਾਕਾਂ ਦੇ ਨਤੀਜਿਆਂ ਵਿਚ ਮਿਆਰੀ ਪ੍ਰਗਤੀ ਨਹੀਂ ਹੋਈ ਉਨ੍ਹਾਂ ਦੇ ਕਾਰਨਾਂ ਅਤੇ ਯੋਜਨਾਬੰਦੀ ਦੇ ਲਾਗੂ ਨਾਲ ਹੋਣ ਸਬੰਧੀ ਕਮੀਆਂ ਨੂੰ ਵਿਚਾਰ ਕੇ ਰੀਪੋਰਟ ਤਿਆਰ ਕਰਨ ਲਈ ਕਿਹਾ। ਜਿਹੜੇ ਅਧਿਕਾਰੀ ਜਾਂ ਅਧਿਆਪਕ ਬੱਚਿਆਂ ਦੇ ਸਿੱਖਣ ਪੱਧਰ ਦੀ ਪ੍ਰਗਤੀ ਲਈ ਸੁਹਿਰਦ ਯਤਨ ਕਰਨ ਵਿਚ ਆਨਾ-ਕਾਣੀ ਕਰ ਰਹੇ ਹਨ ਸਬੰਧਤ ਜ਼ਿਲ੍ਹਾ ਸਿਖਿਆ ਅਫ਼ਸਰ (ਐਲੀਮੈਂਟਰੀ ਸਿਖਿਆ) ਨੂੰ ਵਿਭਾਗ ਵਲੋਂ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਕਾਰਵਾਈ ਕਰਨ ਦੀ ਹਦਾਇਤ ਕੀਤੀ।ਇਸ ਮੀਟਿੰਗ ਨੂੰ ਡਾਇਰੈਕਟਰ ਸਿਖਿਆ ਵਿਭਾਗ (ਐਲੀਮੈਂਟਰੀ ਸਿੱਖਿਆ) ਇੰਦਰਜੀਤ ਸਿੰਘ, ਸਹਾਇਕ ਡਾਇਰੈਕਟਰ ਜਰਨੈਲ ਸਿੰਘ ਕਾਲੇਕੇ ਨੇ ਵੀ ਸੰਬੋਧਨ ਕੀਤਾ।