ਪਸਿਆਣਾ ਦਾ ਸਕੂਲ ਦੇ ਰਿਹਾ ਮਾਸੂਮਾਂ ਨੂੰ ਮੌਤ ਦੀ ਦਾਵਤ

ਖ਼ਬਰਾਂ, ਪੰਜਾਬ

ਸਰਕਾਰ ਕਿੰਨੇ ਵੀ ਦਾਅਵੇ ਕਰਦੀ ਹੋਵੇ ਕੇ ਬੱਚਿਆਂ ਨੂੰ ਪ੍ਰਾਇਮਰੀ ਸਿੱਖਿਆ ਲਈ ਸਰਕਾਰ ਵਲੋਂ ਕਈ ਤਰ੍ਹਾਂ ਦੀ ਸਹੂਲਤਾਂ ਦਿੱਤੀਆਂ ਜਾਂਦੀਆਂ ਹਨ। ਪਰ ਜ਼ਮੀਨੀ ਹਕੀਕਤ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਜ਼ਿਲੇ ਵਿੱਚ ਕੁੱਝ ਹੋਰ ਹੀ ਬਿਆਨ ਕਰਦੀ ਹੈ। 


ਪਟਿਆਲਾ ਦੇ ਪਸਿਆਨਾ ਪਿੰਡ ਦੇ ਪ੍ਰਾਇਮਰੀ ਐਲੀਮੇਂਟਰੀ ਸਕੂਲ ਦਾ ਹਾਲ ਇਸ ਕਦਰ ਖਸਤਾ ਹੈ ਕਿ ਉੱਥੇ ਪੜ੍ਹਨ ਵਾਲੇ 90 ਬੱਚੇ ਗੰਦਗੀ ਵਿੱਚ ਪੜ੍ਹਨ ਨੂੰ ਮਜਬੂਰ ਹਨ। ਬੱਚਿਆਂ ਦੀ ਜ਼ਿੰਦਗੀ ਨਾਲ ਖਿਲਵਾੜ ਹੋ ਰਿਹਾ ਹੈ, ਜਿੱਥੇ ਬੱਚਿਆਂ ਲਈ ਨਾ ਤਾਂ ਪੀਣ ਨੂੰ ਪਾਣੀ ਹੈ ਅਤੇ ਬਾਥਰੂਮ ਵਿਚ ਗੰਦਗੀ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਹਨ। ਪੰਜਾਬ ਦਾ ਭਵਿੱਖ ਕਹੇ ਜਾਣ ਵਾਲੇ ਇਹ ਨੰਨ੍ਹੇ-ਮੁੰਨੇ ਮਾਸੂਮ ਬੱਚੇ ਆਪਣੀ ਦੁਹਾਈ ਲੈ ਕੇ ਕਿਥੇ ਜਾਣ ਕਿਉਂਕਿ ਇਥੋਂ ਦੇ ਅਧਿਆਪਕ ਨੂੰ ਕੁੱਝ ਵੀ ਗਲਤ ਨਜ਼ਰ ਨਹੀ ਆਉਂਦਾ। ਪੇਸ਼ ਹੈ ਪੰਜਾਬ ਦੇ ਸਰਕਾਰੀ ਸਕੁਲ ਦੀ ਮੂੰਹ ਬੋਲਦੀ ਤਸਵੀਰ :-


ਹੱਥ ਦਾ ਇਸ਼ਾਰਾ ਕਰਦੇ ਇਹ ਛੋਟੇ ਬੱਚੇ ਦੱਸ ਰਹੇ ਹਨ ਕੇ ਉਹ ਪਾਣੀ ਇੱਥੋਂ ਪੀਂਦੇ ਹਨ ਪਰ ਉੱਥੇ ਪੀਣ ਦੇ ਪਾਣੀ ਲਈ ਕੋਈ ਨਲਕਾ ਹੀ ਨਹੀਂ ਸੀ, ਜਦੋਂ ਮੋਟਰ ਚਲਦੀ ਸੀ ਤਾਂ ਤੇ ਬੱਚੇ ਪੀਂਦੇ ਸਨ, ਪਰ ਉਹ ਮੋਟਰ ਵੀ ਖ਼ਰਾਬ ਪਈ ਹੈ। ਜਿਸ ਕਰਕੇ ਬੱਚੇ ਆਪਣਾ ਪਾਣੀ ਘਰ ਤੋਂ ਲੈ ਕੇ ਆਉਂਦੇ ਹਨ ਅਤੇ ਕੁੱਝ ਸਕੂਲ ਦੇ ਨੇੜਲੇ ਘਰਾਂ ਤੋਂ ਪਾਣੀ ਪੀਂਦੇ ਹਨ।


ਜੇਕਰ ਮੋਟਰ ਕਿਸੀ ਵਕਤ ਠੀਕ ਹੋਵੇ ਤਾਂ ਮੋਟਰ ਦੇ ਨਾਲ ਟੈਂਕੀ ਨੂੰ ਭਰਿਆ ਜਾਂਦਾ ਸੀ ਤੇ ਟੈਂਕੀ ਦੀ ਹਾਲਤ ਵੀ ਕੁੱਝ ਜ਼ਿਆਦਾ ਚੰਗੀ ਨਹੀਂ। ਪੀਣ ਵਾਲੀ ਟੈਂਕੀ ਦਾ ਉੱਤੇ ਦਾ ਢੱਕਣ ਗਾਇਬ ਸੀ, ਉਸਨੂੰ ਪੱਲੀ ਨਾਲ ਢਕਿਆ ਗਿਆ ਸੀ ਅਤੇ ਜਦੋਂ ਉਸ ਨੂੰ ਚੁੱਕ ਕੇ ਵੇਖਿਆ ਗਿਆ ਤਾਂ ਉਸ 'ਚ ਵੀ ਪਾਣੀ ਸਾਫ਼ ਨਹੀ ਸੀ। ਇਹ ਹਾਲਾਤ ਵੇਖ ਪਿੰਡ ਦੇ ਲੋਕਾਂ ਨੂੰ ਚਿੰਤਾ ਹੈ ਕਿ ਉਨ੍ਹਾਂ ਦੇ ਬੱਚੇ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਨਾ ਹੋ ਜਾਣ ।  


ਇਹ ਤਾਂ ਸੀ ਪਾਣੀ ਦੀ ਗੱਲ ਹੁਣ ਗੱਲ ਕਰਦੇ ਹਾਂ ਸਕੂਲ ਦੇ ਬਚਿਆਂ ਨਾਲ ਬਾਥਰੂਮ ਬਾਰੇ ਜਿਥੇ ਬੱਚੇ ਸ਼ੌਚ ਲਈ ਜਾਂਦੇ ਹਨ। ਖੁੱਲ੍ਹੇ 'ਚ ਸ਼ੌਚ ਨਾ ਜਾਣ ਲਈ ਸਰਕਾਰ ਉਂਝ ਤਾ ਬਹੁਤ ਸਿਖਿਆਵਾਂ ਦਿੰਦੀ ਹੈ, ਪਰ ਸਕੂਲਾਂ ਵਿੱਚ ਪਖਾਨਿਆਂ ਦੀ ਦਸ਼ਾ ਬਹੁਤ ਮਾੜੀ ਹੈ ਤੇ ਉਥੇ ਬਦਬੂ ਮਾਰਦਾ ਗੰਦਾ ਪਾਣੀ ਖੜਾ ਹੈ। ਉਹ ਉਸਦੇ ਅੰਦਰ ਚੱਲ ਰਹੇ ਕੀੜੇ -ਮਕੌੜੇ ਕਿਸੇ ਵੱਡੀ ਘਟਨਾ ਨੂੰ ਬੁਲਾਵੇ ਦੇ ਰਹੇ ਹਨ। ਇਸ ਬਾਰੇ ਜਦੋਂ ਬੱਚਿਆਂ ਤੋਂ ਪੁੱਛਿਆ ਗਿਆ ਕਿ ਤੁਸੀ ਬਾਥਰੂਮ ਕਿੱਥੇ ਕਰਦੇ ਹੋ ਤਾਂ ਉਹਨਾਂ ਨੇ ਹੱਥ ਦਾ ਇਸ਼ਾਰਾ ਗੰਦੇ ਬਾਥਰੂਮ ਵੱਲ ਕੀਤਾ।


 ਜਿਸ ਨੂੰ ਵੇਖ ਸਰਕਾਰੀ ਦਾਵਿਆਂ 'ਤੇ ਦੁੱਖ ਮਹਿਸੂਸ ਹੁੰਦਾ ਹੈ ਕਿਉਂਕਿ ਜਿਨ੍ਹਾਂ ਬੱਚਿਆਂ ਨੇ ਕੱਲ ਸਾਡੇ ਪੰਜਾਬ ਦਾ ਭਵਿੱਖ ਬਣਨਾ ਹੈ ਉਹ ਗੰਦਗੀ ਵਿੱਚ ਬਿਮਾਰੀਆਂ ਦਾ ਸ਼ਿਕਾਰ ਹੋਣ 'ਤੇ ਪੜਾਈ ਕਰਣ ਨੂੰ ਮਜਬੂਰ ਹਨ।  


ਜਦੋਂ ਪਿੰਡ ਦੇ ਸਰਪੰਚ ਨਾਲ ਗੱਲ ਕੀਤੀ ਤਾਂ ਉਸਨੇ ਦੱਸਿਆ ਕੇ ਕਈ ਵਾਰ ਡੀ.ਸੀ. ਪਟਿਆਲਾ ਨੂੰ ਇਸ ਦੇ ਸਬੰਧ ਵਿੱਚ ਪੱਤਰ ਵੀ ਦਿੱਤੇ ਹਨ ਪਰ ਇਸ ਸਕੁਲ ਲਈ ਕੋਈ ਗਰਾਂਟ ਵੀ ਨਹੀਂ ਆਉਂਦੀ ਜਿਸ ਕਰਕੇ ਸਕੂਲ ਦੇ ਹਲਾਤ ਇਸ ਤਰਾਂ ਦੇ ਬਣੇ ਹੋਏ ਹਨ। ਮੋਟਰ ਨੂੰ ਉਹ ਆਪਣੇ ਖਰਚੇ ਉੱਤੇ ਕਈ ਵਾਰ ਠੀਕ ਕਰਵਾ ਚੁੱਕੇ ਹਨ ਪਰ ਉਹ ਫੇਰ ਖ਼ਰਾਬ ਹੋ ਜਾਂਦੀ ਹੈ, ਸਰਕਾਰ ਨੂੰ ਇਸ ਅਤੇ ਧਿਆਨ ਦੇਣਾ ਚਾਹੀਦਾ ਹੈ ।  


ਸਕੂਲ ਵਿਚ ਐਨੇ ਮਾੜੇ ਹਲਾਤ ਹੋਣ ਦੇ ਬਾਵਜੂਦ ਪਸਿਆਨਾ ਸਕੁਲ ਦੀ ਮੁੱਖ ਅਧਿਆਪਕ ਨੂੰ ਕੁੱਝ ਵੀ ਗਲਤ ਨਹੀਂ ਲੱਗਦਾ ਉਨ੍ਹਾਂ ਦੇ ਅਨੁਸਾਰ ਸਭ ਠੀਕ ਹੈ ਮੋਟਰ ਵੀ ਠੀਕ ਹੈ ਕਦੇ ਕਦੇ ਖ਼ਰਾਬ ਹੁੰਦੀ ਹੈ ਪਰ ਉਸਨੂੰ ਠੀਕ ਕਰਵਾ ਲਿਆ ਜਾਂਦਾ ਹੈ।

ਸਰਕਾਰ ਜਿੱਥੇ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘੱਟ ਹੋਣ ਦੇ ਚਲਦੇ ਬੰਦ ਕਰਣ ਦੀ ਗੱਲ ਕਰਦੀ ਹੈ ਉਥੇ ਹੀ ਦੂਜੇ ਪਾਸੇ ਕਈ ਪ੍ਰਾਇਮਰੀ ਸਕੂਲ ਅਜਿਹੇ ਵੀ ਹਨ। 


ਜਿਥੇ ਬੱਚੇ ਗੰਦਾ ਪਾਣੀ ਪੀਣ ਨੂੰ ਮਜਬੂਰ ਹਨ। ਪਖਾਨਿਆਂ ਦੀ ਗੰਦਗੀ ਦੇ ਚਲਦੇ ਬੱਚਿਆਂ ਦੇ ਮਾਤਾ-ਪਿਤਾ ਨੂੰ ਚਿੰਤਾ ਹੈ ਕਿ ਇਸ ਸਕੂਲ ਵਿੱਚ ਉਨ੍ਹਾਂ ਦੇ ਬੱਚੇ ਕਿਸੇ ਬਿਮਾਰੀ ਦਾ ਸ਼ਿਕਾਰ ਨਾ ਹੋ ਜਾਣ। ਇਸ ਲਈ ਉਹ ਆਪਣੇ ਬੱਚੀਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਦਾਖ਼ਿਲ ਕਰਵਾ ਰਹੇ ਹੈ। ਸਰਕਾਰ ਨੂੰ ਪਹਿਲ ਦੇ ਆਧਾਰ 'ਤੇ ਇਸ ਤਰਾਂ ਦੇ ਸਕੂਲਾਂ ਨੂੰ ਅਪਗਰੇਡ ਕਰਨ ਦੀ ਜ਼ਰੂਰਤ ਹੈ, ਤਾਂ ਜੋ ਬੱਚਿਆਂ ਦੇ ਵਧੀਆ ਭਵਿੱਖ ਲਈ ਉਨ੍ਹਾਂ ਦੀ ਸਿਹਤ ਨਾਲ ਖਿਲਵਾੜ ਨਾ ਹੋਵੇ।