ਪਟਿਆਲਾ, 3 ਨਵੰਬਰ (ਬਲਵਿੰਦਰ ਸਿੰਘ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਨਹਿਰ ਆਧਾਰਤ ਪੀਣ ਵਾਲੇ ਪਾਣੀ ਦੀ 782 ਕਰੋੜ ਰੁਪਏ ਦੀ ਸਪਲਾਈ ਸਕੀਮ ਸਣੇ ਪਟਿਆਲਾ ਦੇ ਵਿਕਾਸ ਲਈ 1000 ਕਰੋੜ ਰੁਪਏ ਦੇ ਵਿਕਾਸ ਪ੍ਰਾਜੈਕਟਾਂ ਦਾ ਐਲਾਨ ਕਰਨ ਤੋਂ ਇਲਾਵਾ ਜ਼ਿਲ੍ਹੇ ਵਿਚ ਮਨਰੇਗਾ ਹੇਠ 84000 ਨਵੇਂ ਜਾਬ ਕਾਰਡ ਮੁਹਈਆ ਕਰਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਅੱਜ ਇਥੇ ਇਕ ਜਨਤਕ ਰੈਲੀ ਵਿਚ ਇਸ ਸਬੰਧੀ ਐਲਾਨ ਕਰਦੇ ਹੋਏ ਕਿਹਾ ਕਿ ਇਨ੍ਹਾਂ ਨਵੇਂ ਜਾਬ ਕਾਰਡਾਂ ਨਾਲ ਪਟਿਆਲਾ ਜ਼ਿਲ੍ਹੇ ਵਿਚ ਮਨਰੇਗਾ ਦੇ ਹੇਠ ਕਾਰਡਾਂ ਦੀ ਗਿਣਤੀ 1,82,000 ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਜੇ ਸ਼ੁਰੂਆਤ ਹੀ ਕੀਤੀ ਹੈ ਅਤੇ ਅਗਲੇ ਸਾਢੇ ਚਾਰ ਸਾਲਾਂ ਵਿਚ ਸੂਬੇ ਦਾ ਵੱਡੀ ਪੱਧਰ 'ਤੇ ਸਨਅਤੀ ਅਤੇ ਆਰਥਕ ਵਿਕਾਸ ਯਕੀਨੀ ਬਣਾਇਆ ਜਾਵੇਗਾ ਭਾਵੇਂ ਕਿ ਉਨ੍ਹਾਂ ਦੀ ਸਰਕਾਰ ਨੂੰ ਪਿਛਲੀ ਸਰਕਾਰ ਤੋਂ ਵਿਰਸੇ ਵਿਚ ਵੱਡਾ ਵਿੱਤੀ ਅਤੇ ਮਾਲੀ ਘਾਟਾ ਪ੍ਰਾਪਤ ਹੋਇਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਸਨਅਤੀ ਵਿਕਾਸ 'ਤੇ ਪੂਰੀ ਤਰ੍ਹਾਂ ਟੇਕ ਰੱਖੀ ਹੋਈ ਹੈ ਅਤੇ ਭਾਰਤ ਅਤੇ ਵਿਦੇਸ਼ਾਂ ਦੇ ਕੁੱਝ ਉੱਘੇ ਉਦਯੋਗਪਤੀਆਂ ਨੇ ਸੂਬੇ ਵਿਚ ਨਿਵੇਸ਼ ਲਈ ਵੱਡੀ ਦਿਲਚਸਪੀ ਦਿਖਾਈ ਹੈ ਜਿਸ ਨਾਲ ਸੂਬੇ ਦੀ ਆਰਥਕ ਸੁਰਜੀਤੀ ਹੋਵੇਗੀ। ਇਸ ਸਬੰਧੀ ਜਾਣਕਾਰੀ ਸਾਂਝੀ ਕਰਦੇ ਹੋਏ ਉਨ੍ਹਾਂ ਕਿਹਾ ਕਿ ਮੁਕੇਸ਼ ਅੰਬਾਨੀ ਅਤੇ ਹਿੰਦੂਜਾ ਵਰਗੇ ਉੱਘੇ ਉਦਯੋਗਪਤੀਆਂ ਨੇ ਵੱਡੇ ਪੱਧਰ 'ਤੇ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।