ਪੇਸ਼ੀ 'ਤੇ ਜਾ ਰਹੇ ਅਪਣੇ ਸਾਥੀ ਨੂੰ ਛੁਡਵਾਇਆ

ਖ਼ਬਰਾਂ, ਪੰਜਾਬ

ਰਈਆ, 1 ਸਤੰਬਰ (ਰਣਜੀਤ ਸਿੰਘ ਸੰਧੂ): ਅੱਜ ਕਸਬਾ ਰਈਆ ਦੇ ਬੱਸ ਸਟੈਂਡ 'ਤੇ ਗੈਗਸਟਰਾਂ ਦੇ ਇਕ ਗਰੁਪ ਵਲਂੋ ਪੁਲਿਸ ਉਪਰ ਗੋਲੀਆਂ ਚਲਾ ਕੇ ਅਪਣੇ ਸਾਥੀ ਨੂੰ ਹੱਥਕੜੀ ਸਮੇਤ ਛੁਡਵਾ ਕੇ ਲਿਜਾਣ ਦਾ ਸਮਾਚਾਰ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਜੇਲ ਵਿਚ ਬੰਦ ਗੈਂਗਸਟਰ ਸ਼ੁਭਮ ਨੂੰ ਏ.ਐਸ.ਆਈ ਸੁਖਜਿੰਦਰ ਸਿੰਘ, ਹਵਾਲਦਾਰ ਸੱਜਣ ਸਿੰਘ ਤੇ ਕੁਲਦੀਪ ਸਿੰਘ ਕਿਸੇ ਕੇਸ ਦੀ ਤਰੀਕ ਵਿਚ ਪੇਸ਼ ਕਰਨ ਲਈ ਪੀ.ਆਰ.ਟੀ.ਸੀ ਦੀ ਬੱਸ ਵਿਚ ਸਵਾਰ ਹੋ ਕੇ ਅੰਮ੍ਰਿਤਸਰ ਦੀ ਅਦਾਲਤ ਵਿਚ ਲੈ ਕੇ ਜਾ ਰਹੇ ਸਨ। ਜਦੋਂ ਇਹ ਬੱਸ ਰਈਆ ਦੇ ਨਹਿਰ ਵਾਲੇ ਅੱਡੇ ਉਪਰ ਰੁਕੀ ਤਾਂ ਦੋ ਕਾਰਾਂ ਵਿਚ ਸਵਾਰ ਹੋ ਕੇ ਆਏ 8-10 ਹਥਿਆਰਬੰਦ ਨੌਜਵਾਨਾਂ ਵਿਚੋਂ ਕੁੱਝ ਨੌਜਵਾਨਾਂ ਨੇ ਬੱਸ ਵਿਚ ਚੜ੍ਹ ਕੇ ਪੁਲਿਸ ਮੁਲਾਜ਼ਮਾਂ 'ਤੇ ਪਸਤੌਲਾਂ ਤਾਣ ਲਈਆਂ ਤੇ ਅਪਣੇ ਸਾਥੀ ਸ਼ੁਭਮ ਨੂੰ ਹੱਥਕੜੀ ਸਮੇਤ ਬੱਸ ਵਿਚੋਂ ਉਤਾਰ ਲਿਆ। ਇਸੇ ਦੌਰਾਨ ਜਦਂੋ ਪੁਲਿਸ ਮੁਲਾਜ਼ਮ ਵਲੋਂ ਅਪਣੇ ਸਰਕਾਰੀ ਹਥਿਆਰ ਨਾਲ ਗੈਂਗਸਟਰਾਂ ਉਪਰ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਤਾਂ ਹਥਿਆਰ ਵਿਚ ਗੋਲੀ ਫਸਣ ਕਾਰਨ ਹਥਿਆਰ ਚਲ ਨਹੀਂ ਸਕਿਆ, ਉਸੇ ਸਮੇਂ ਇਕ ਗੈਂਗਸਟਰ ਨੇ ਅਪਣੇ ਪਸਤੌਲ ਨਾਲ ਏ.ਐਸ.ਆਈ ਸੁਖਜਿੰਦਰ ਸਿੰਘ ਬੈਲਟ ਨੰ. 1948 ਦੀ ਸੱਜੀ ਲੱਤ ਵਿਚ ਗੋਲੀ ਮਾਰ ਦਿਤੀ ਤੇ ਹਵਾ ਵਿਚ ਫ਼ਾਇਰ ਕਰਦੇ ਹੋਏ ਅਪਣੇ ਸਾਥੀ ਨੂੰ ਹੱਥਕੜੀ ਸਮੇਤ ਕਾਰ ਵਿਚ ਬਿਠਾ ਕੇ ਅੰਮ੍ਰਿਤਸਰ ਵਾਲੀ ਸਾਈਡ ਨੂੰ ਗੱਡੀਆਂ ਭਜਾ ਕੇ ਲੈ ਗਏ।
ਇਸ ਘਟਨਾ ਦੌਰਾਨ ਜੋ ਲੋਕ ਉਥੇ ਮੌਜੂਦ ਸਨ, ਦਾ ਕਹਿਣਾ ਸੀ ਕਿ ਗੈਂਗਸਟਰ ਬਿਨਾਂ ਕਿਸੇ ਡਰ ਭੈਅ ਦੇ ਹਥਿਆਰਾਂ ਦੀ ਨੋਕ 'ਤੇ ਪੁਲਿਸ ਮੁਲਾਜ਼ਮਾਂ ਕੋਲੋਂ ਅਪਣੇ ਸਾਥੀ ਨੂੰ ਛੁਡਾ ਕੇ ਲਿਜਾਣ ਵਿਚ ਸਫ਼ਲ ਹੋ ਗਏ ਪਰ ਪੁਲਿਸ ਮੁਲਾਜ਼ਮ ਇਕ ਵੀ ਗੋਲੀ ਨਹੀਂ ਚਲਾ ਸਕੇ। ਇਸ ਘਟਨਾ ਵਿਚ ਜ਼ਖ਼ਮੀ ਹੋਏ ਪੁਲਿਸ ਮੁਲਾਜ਼ਮ ਨੂੰ ਬਾਬਾ ਬਕਾਲਾ ਸਾਹਿਬ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ। ਇਸ ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਸ.ਪੀ ਦਿਹਾਤੀ ਪਰਮਪਾਲ ਸਿੰਘ, ਐਸ.ਪੀ (ਡੀ) ਹਰਪਾਲ ਸਿੰਘ, ਡੀ ਐਸ ਪੀ ਲਖਵਿੰਦਰ ਸਿੰਘ ਮੱਲ ਅਤੇ ਥਾਣਾ ਬਿਆਸ ਦੇ ਮੁਖੀ ਗੁਰਮੀਤ ਸਿੰਘ ਘਟਨਾ ਸਥਾਨ 'ਤੇ ਪਹੁੰਚ ਗਏ। ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਐਸ.ਐਸ.ਪੀ ਪਰਮਪਾਲ ਸਿੰਘ ਨੇ ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ ਵਿਖੇ ਪਹੁੰਚ ਕੇ ਜ਼ਖ਼ਮੀ ਏ.ਐਸ.ਆਈ ਸੁਖਜਿੰਦਰ ਸਿੰਘ ਦਾ ਹਾਲ ਚਾਲ ਪੁਛਿਆ ਅਤੇ ਦਸਿਆ ਕਿ ਜੰਡਿਆਲਾ, ਤਰਨ ਤਾਰਨ, ਬਟਾਲਾ, ਅੰਮ੍ਰਿਤਸਰ ਅਤੇ ਨੇੜੇ ਦੇ ਸਾਰੇ ਏਰੀਏ ਵਿਚ ਨਾਕਾਬੰਦੀ ਕਰਵਾ ਦਿਤੀ ਗਈ ਹੈ ਤੇ ਜਲਦ ਹੀ ਗੈਂਗਸਟਰਾਂ ਵਲੋਂ ਭਜਾਏ ਮੁਲਜ਼ਮ ਤੇ ਉਸ ਦੇ ਸਾਰੇ ਸਾਥੀਆਂ ਨੂੰ ਕਾਬੂ ਕਰ ਲਿਆ ਜਾਵੇਗਾ।