ਫਿਰੋਜ਼ਪੁਰ: ਫਿਰੋਜ਼ਪੁਰ ਜ਼ਿਲੇ ਵਿਚ ਪਿਛਲੇ ਕੁਝ ਸਮੇਂ ਤੋਂ ਕੈਂਸਰ ਦੀ ਬੀਮਾਰੀ ਬੜੀ ਤੇਜ਼ੀ ਨਾਲ ਵੱਧ ਰਹੀ ਹੈ ਅਤੇ ਲਾਸਟ ਸਟੇਜ 'ਤੇ ਪਤਾ ਚੱਲਣ ਦੇ ਕਾਰਨ ਬਹੁਤ ਸਾਰੇ ਲੋਕ ਅਲਵਿਦਾ ਕਹਿੰਦੇ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕੇ ਹਨ। ਡਾਕਟਰਾਂ ਤੋਂ ਪ੍ਰਾਪਤ ਜਾਣਕਾਰੀ ਦੇ ਅਨੁਸਾਰ ਔਰਤਾਂ ਵਿਚ ਬ੍ਰੈਸਟ ਕੈਂਸਰ ਵੱਧ ਰਿਹਾ ਹੈ ਅਤੇ ਜ਼ਿਲੇ ਭਰ ਵਿਚ ਛੋਟੀ ਤੋਂ ਲੈ ਕੇ ਵੱਡੀ ਉਮਰ ਤੱਕ ਦੇ ਬਲੱਡ ਕੈਂਸਰ, ਗਲੇ ਦੇ ਕੈਂਸਰ, ਸਕਿਨ ਕੈਂਸਰ ਆਦਿ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਬਹੁਤ ਸਾਰੇ ਅਜਿਹੇ ਲੋਕ ਹਨ, ਜਿਨ੍ਹਾਂ ਨੂੰ ਕੈਂਸਰ ਦੀ ਬੀਮਾਰੀ ਹੋਣ ਦਾ ਜਿਵੇਂ ਹੀ ਪਤਾ ਲੱਗਦਾ ਹੈ, ਉਹ ਇਲਾਜ ਕਰਵਾਉਣ ਲਈ ਵਿਦੇਸ਼ਾਂ 'ਚ ਚਲੇ ਜਾਂਦੇ ਹਨ ਅਤੇ ਕਿਸੇ ਨੂੰ ਵੀ ਇਸ ਬਾਰੇ ਪਤਾ ਨਹੀਂ ਲੱਗਣ ਦਿੰਦੇ।
ਕੀ ਕਹਿੰਦੇ ਨੇ ਅੰਬੈਸਡਰ ਡਾ. ਕੁਲਦੀਪ ਸਿੰਘ ਧਾਲੀਵਾਲ
ਕੁਦਰਤ ਦੇ ਨਾਲ ਕਦੇ ਛੇੜਛਾੜ ਨਾ ਕਰੋ ਅਤੇ ਲੋਕਾਂ ਨੂੰ ਸ਼ੁੱਧ ਪਾਣੀ, ਸਾਫ ਵਾਤਾਵਰਣ, ਸਿੱਖਿਆ ਤੇ ਜ਼ਰੂਰਤਮੰਦ ਕੈਂਸਰ ਤੋਂ ਪੀੜਤ ਮਰੀਜ਼ਾਂ ਨੂੰ ਇਲਾਜ ਲਈ ਮੁਫਤ ਦਵਾਈਆਂ ਉਪਲੱਬਧ ਕਰਵਾਓ। ਡਾ. ਧਾਲੀਵਾਲ ਨੇ ਕਿਹਾ ਕਿ ਦਾਨ ਦੇਣ ਦੀ ਦਿਸ਼ਾ ਬਦਲੋ ਅਤੇ ਲੋਕਾਂ ਨੂੰ ਆਪਣਾ ਸਮੇਂ-ਸਮੇਂ 'ਤੇ ਚੈੱਕਅਪ ਕਰਵਾਉਣ ਲਈ ਜਾਗਰੂਕ ਕਰੋ। ਬਲੱਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਵੱਲੋਂ ਪੰਜਾਬ ਵਿਚ ਚੈੱਕਅਪ ਲਈ ਵਿਸ਼ੇਸ਼ ਮੈਡੀਕਲ ਸਹੂਲਤਾਂ ਅਤੇ ਮੈਮੋਗ੍ਰਾਫੀ ਨਾਲ ਲੈਸ ਗੱਡੀਆਂ ਭੇਜੀਆਂ ਗਈਆਂ ਹਨ ਅਤੇ ਇਸ ਸਾਲ ਦੇ ਅੰਤ ਤੱਕ ਅਸੀਂ ਪੰਜਾਬ ਦੇ ਸਾਰੇ 12783 ਪਿੰਡਾਂ ਵਿਚ ਜਾ ਕੇ ਲੋਕਾਂ ਦਾ ਚੈੱਕਅਪ ਕਰਨਾ ਹੈ। ਜੇਕਰ ਕੋਈ ਕੈਂਸਰ ਤੋਂ ਪੀੜਤ ਮਰੀਜ਼ ਆਪਣਾ ਇਲਾਜ ਨਹੀਂ ਕਰਵਾ ਸਕਦਾ ਤਾਂ ਉਸਨੂੰ ਅਸੀਂ ਗੋਦ ਲਵਾਂਗੇ।