ਪੀ.ਐਸ.ਪੀ.ਸੀ.ਐਲ. ਵਾਜਬ ਰੇਟ 'ਤੇ ਬਿਜਲੀ ਦੇਣ ਲਈ ਵਚਨਬੱਧ : ਰਾਣਾ ਗੁਰਜੀਤ ਸਿੰਘ

ਖ਼ਬਰਾਂ, ਪੰਜਾਬ

ਚੰਡੀਗੜ੍ਹ, 3 ਜਨਵਰੀ (ਸਪੋਕਸਮੈਨ ਸਮਾਚਾਰ ਸੇਵਾ) : ਪੰਜਾਬ ਦੇ ਬਿਜਲੀ ਅਤੇ ਸਿੰਜਾਈ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਅੱਜ ਇਥੇ ਦਸਿਆ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਵਲੋਂ ਹਾਲ ਹੀ ਵਿਚ 2800 ਸਹਾਇਕ ਲਾਇਨਮੈਨ, 330 ਐਲ.ਡੀ.ਸੀ., 253 ਸਬ ਸਟੇਸ਼ਨ ਅਟੈਂਡਂਟ ਅਤੇ 300 ਜੂਨੀਅਰ ਲਾਇਨਮੈਨ ਦੀਆਂ ਅਸਾਮੀਆਂ ਨੂੰ ਭਰਨ ਲਈ ਪ੍ਰੀਕਿਰਿਆ ਸ਼ੁਰੂ ਕੀਤੀ ਜਾ ਚੁਕੀ ਹੈ। ਇਸ ਤੋਂ ਇਲਾਵਾ ਪੀ.ਐਸ.ਪੀ.ਸੀ.ਐਲ ਦੇ ਜਿੰਨਾਂ ਅਫਸਰਾਂ/ਕਰਮਚਾਰੀਆਂ ਦੀ ਮੌਤ ਹੋ ਚੁੱਕੀ ਹੈ ਉਨ੍ਹਾਂ ਦੇ 384 ਵਾਰਸਾਂ ਨੂੰ ਨੌਕਰੀ ਦਿਤੀ ਜਾ ਰਹੀ ਹੈ ਅਤੇ 60 ਹੋਰ ਆਸ਼ਰਿਤਾਂ ਨੂੰ ਜਲਦੀ ਹੀ ਨੌਕਰੀ ਦਿਤੀ ਜਾਵੇਗੀ।
ਅੱਜ ਇਥੇ ਪੀ.ਐਸ.ਪੀ.ਸੀ.ਐਲ ਦਾ ਸਾਲ 2018 ਦਾ ਕੈਲੰਡਰ ਜਾਰੀ ਕਰਨ ਮੌਕੇ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮਾਨਯੋਗ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਘਰ-ਘਰ 'ਚ ਨੌਕਰੀ ਦੇ ਉਦੇਸ਼ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਪੰਜਾਬ ਦੀ ਉੱਨਤੀ ਵਿਚ ਵੱਡਮੁੱਲਾ ਯੋਗਦਾਨ ਪਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਪੰਜਾਬ ਦੀਆਂ ਸਾਰੀਆਂ ਸ਼੍ਰੇਣੀਆਂ ਦੇ ਬਿਜਲੀ ਖਪਤਕਾਰਾਂ ਨੂੰ ਪਾਏਦਾਰ ਅਤੇ ਨਿਰਵਿਘਨ ਬਿਜਲੀ ਸਪਲਾਈ ਕਰਵਾਈ ਜਾ ਰਹੀ ਹੈ।ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੀਆਂ ਪ੍ਰਾਪਤੀਆਂ ਤੇ ਰੋਸ਼ਨੀ ਪਾਉਦਿਆਂ ਰਾਣਾ ਗੁਰਜੀਤ ਸਿੰਘ ਨੇ ਕਿਹਾ ਕਿ 11 ਜੁਲਾਈ 2017 ਨੂੰ ਸੱਭ ਤੋਂ ਵੱਧ 11705 ਮੈਗਾਵਾਟ ਊਰਜਾ ਦੀ ਲੋੜ ਪੂਰੀ ਕਰਦਿਆਂ ਪੰਜਾਬ ਨੇ ਵੱਡੀ ਪ੍ਰਾਪਤੀ ਦਰਜ ਕੀਤੀ ਸੀ ਅਤੇ ਇਸ ਦਾ ਸਿਹਰਾ ਪੀ.ਐਸ.ਪੀ.ਸੀ.ਐਲ. ਦੇ ਮਿਹਨਤੀ ਇੰਜੀਨੀਅਰਾਂ ਅਤੇ ਮੁਲਾਜ਼ਮਾਂ ਨੂੰ ਜਾਂਦਾ ਹੈ।