ਪਿਛਲੇ 10 ਸਾਲਾਂ ਦੀ ਖ਼ਸਤਾ ਹਾਲਤ 10 ਮਹੀਨਿਆਂ 'ਚ ਸੁਧਾਰੀ : ਬ੍ਰਹਮ ਮਹਿੰਦਰਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 11 ਜਨਵਰੀ (ਜੀ.ਸੀ. ਭਾਰਦਵਾਜ) : ਪੰਜਾਬ ਸਰਕਾਰ ਦੇ ਮੰਤਰੀਆਂ ਵਲੋਂ ਆਪੋ-ਅਪਣੇ ਮਹਿਕਮਿਆਂ ਦੀ ਪਿਛਲੇ 10 ਮਹੀਨਿਆਂ ਦੀ ਕਾਰਗੁਜ਼ਾਰੀ ਦੱਸਣ ਸਮੇਤ ਸਾਲ 2018 ਦੇ ਟੀਚੇ, ਵੇਰਵੇ ਸਮੇਤ ਮੀਡੀਆ ਸਾਹਮਣੇ ਰੱਖਣ ਦੀ ਆਖਰੀ ਕੜੀ 'ਚ ਅੱਜ ਸਿਹਤ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਪੰਜਾਬ ਦੇ ਹਸਪਤਾਲਾਂ ਦੀ 10 ਸਾਲਾਂ ਦੀ ਕੀਤੀ ²ਖ਼ਸਤਾ ਹਾਲਤ ਨੂੰ ਸੁਧਾਰ ਵਾਲੀ ਲੀਹ 'ਤੇ ਲੈ ਆਂਦਾ ਹੈ।ਪ੍ਰਾਈਵੇਟ ਹਸਪਤਾਲਾਂ 'ਚ ਕੀਤੀ ਜਾਂਦੀ ਲੁੱਟ ਅਤੇ ਮਰੀਜ਼ਾਂ ਦੀ ਲਾਹੀ ਜਾਂਦੀ ਛਿੱਲ ਨੂੰ ਰੋਕਣ ਦਾ ਉਪਰਾਲਾ ਕੀਤਾ ਗਿਆ ਅਤੇ ਸਰਕਾਰੀ ਹਸਪਤਾਲਾਂ 'ਚ ਸਸਤਾ ਤੇ ਮਿਆਰੀ ਇਲਾਜ ਮੁਹਈਆ ਕਰਾਉਣ ਦੇ ਚੰਗੇ ਤੇ ਪੁਖਤਾ ਕਦਮਾਂ ਬਾਰੇ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੇ 10 ਸਾਲਾਂ ਦੇ ਸਮੇਂ 'ਚ ਸਿਰਫ਼ ਕੰਕਰੀਟ ਬਿਲਡਿੰਗਾਂ ਖੜੀਆਂ ਕੀਤੀਆਂ, ਮਸ਼ੀਨਰੀ ਸਥਾਪਤ ਕੀਤੀ ਪਰ ਵਰਤੋਂ ਲਈ ਨਾ ਤਾਂ ਰੇਡੀਉਲੋਜਿਸਟ ਭਰਤੀ ਕੀਤੇ, ਨਾ ਡਾਕਟਰ ਲਾਏ, ਨਾ ਹੀ ਤਕਨੀਕੀ ਸਟਾਫ਼ ਤੈਨਾਤ ਕੀਤਾ। ਸਿਹਤ ਮੰਤਰੀ ਨੇ ਕਿਹਾ ਕਿ ਹੁਣ ਗ਼ਰੀਬ ਤੇ ਆਮ ਆਦਮੀ ਦੇ ਇਲਾਜ ਅਤੇ ਠੀਕ ਸਿਹਤ ਕਾਇਮ ਰੱਖਣ ਦੀ ਮਨਸ਼ਾ ਨਾਲ 77 ਸਪੈਸ਼ਲਿਸਟ ਡਾਕਟਰ ਤੈਨਾਤ ਕੀਤੇ ਹਨ ਅਤੇ 306 ਨਵੇਂ ਡਾਕਟਰਾਂ ਦੀ ਭਰਤੀ ਪ੍ਰਕਿਰਿਆ ਵੀ ਸ਼ੁਰੂ ਕਰ ਦਿਤੀ ਹੈ। ਹਰ ਮਹੀਨੇ ਵਾਕ-ਇਨ ਇੰਟਰਵਿਊ ਦਾ ਸਿਲਸਿਲਾ ਸ਼ੁਰੂ ਕੀਤਾ ਹੈ। ਸਿਹਤ ਮੰਤਰੀ ਨੇ ਦਸਿਆ ਕਿ ਦਿਹਾਤੀ ਖੇਤਰ 'ਚ 5000 ਦੀ ਆਬਾਦੀ ਪਿੱਛੇ ਇਕ ਵੈੱਲਨੈੱਸ ਸੈਂਟਰ ਸਥਾਪਤ ਕੀਤਾ ਜਾ ਰਿਹਾ ਹੈ ਯਾਨੀ ਇਸ ਕੇਂਦਰ 'ਚ ਇਕ ਡਾਕਟਰ, ਨਰਸ ਅਤੇ ਹੋਰ ਸਿਸਟਮ ਤੇ ਦਵਾਈਆਂ ਹੋਣਗੀਆਂ। ਇਸ ਤਰ੍ਹਾਂ ਦੇ 240 ਕੇਂਦਰ ਬਣਾਏ ਹਨ ਅਤੇ ਕੁਲ 2950 ਕੇਂਦਰ ਸਥਾਪਤ ਕੀਤੇ ਜਾ ਰਹੇ ਹਨ।ਪੰਜਾਬ ਅੰਦਰ ਬਾਹਰੋਂ ਨਸ਼ਾ ਸਪਲਾਈ ਚੇਨ ਨੂੰ 90 ਫ਼ੀ ਸਦੀ ਤਕ ਤੋੜਨ ਦਾ ਦਾਅਵਾ ਕਰਦੇ ਹੋਏ ਬ੍ਰਹਮ ਮਹਿੰਦਰਾ ਨੇ ਕਿਹਾ ਕਿ 100 ਤੋਂ ਵੱਧ ਪ੍ਰਾਈਵੇਟ ਸੈਕਟਰਾਂ 'ਚ ਨਸ਼ਾ ਛੁਡਾਊ ਕੇਂਦਰਾਂ ਤੋਂ ਇਲਾਵਾ 37 ਸਰਕਾਰੀ ਕੇਂਦਰ ਅਤੇ 22 ਪੁਨਰ ਵਸੇਬਾ ਕੇਂਦਰ ਸਥਾਪਤ ਕੀਤੇ ਹਨ। ਇਥੇ ਸੈਂਕੜੇ ਨਸ਼ਈ ਮੁਫ਼ਤ ਇਲਾਜ ਪ੍ਰਾਪਤ ਕਰ ਰਹੇ ਹਨ।ਨਸ਼ਾ ਸਪਲਾਈ ਚੇਨ ਤੋੜਨ ਅਤੇ ਪਿਛਲੇ ਸਾਲਾਂ 'ਚ ਸਿਹਤ ਮੰਤਰੀਆਂ ਵਲੋਂ ਵੀ ਕੀਤੇ ਦਾਅਵਿਆਂ ਸਬੰਧੀ ਪੁੱਛੇ ਸਵਾਲ 'ਤੇ ਮੌਜੂਦਾ ਕੈਬਨਿਟ ਮੰਤਰੀ ਬ੍ਰਹਮ ਮਹਿੰਦਰਾ ਗੁੱਸਾ ਖਾ ਗਏ ਅਤੇ ਕਿਹਾ ਕਿ ਪਿਛਲੇ ਮੰਤਰੀਆਂ ਨਾਲ ਮੇਰਾ ਮੁਕਾਬਲਾ ਨਾ ਕਰੋ। ਉਨ੍ਹਾਂ ਨੇ ਸਵਾਲ ਦਾ ਜਵਾਬ ਵੀ ਨਹੀਂ ਦਿਤਾ।

ਹਸਪਤਾਲਾਂ 'ਚ ਡਾਕਟਰਾਂ ਤੇ ਹੋਰ ਸਟਾਫ਼ ਦੀ ਗ਼ੈਰ-ਹਾਜ਼ਰੀ ਬਾਰੇ ਮੰਤਰੀ ਨੇ ਕਿਹਾ ਕਿ ਸਾਰੇ 22 ਜ਼ਿਲ੍ਹਾ ਹਸਪਤਾਲਾਂ 'ਚ ਐਂਟਰੀ ਗੇਟਾਂ 'ਤੇ ਪ੍ਰਤੀ ਜ਼ਿਲ੍ਹਾ 20 ਲੱਖ ਦੇ ਖ਼ਰਚੇ ਨਾਲ ਬਾਈਉ ਮੀਟ੍ਰਿਕ ਹਾਜ਼ਰੀ ਸਿਸਟਮ ਲਾਗੂ ਕਰਨ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਲਗਭਗ ਦੋ ਘੰਟੇ ਤਕ ਵੇਰਦੇ ਦਿੰਦਿਆਂ ਅਤੇ ਸੀਨੀਅਰ ਅਧਿਕਾਰੀਆਂ ਦੀ ਟੀਮ ਵਲੋਂ ਤਿਆਰ ਕੀਤੇ ਅੰਕੜਿਆਂ ਸਮੇਤ ਵੀਡੀਉ ਵੀ ਮੀਡੀਆ ਨੂੰ ਵਿਖਾਈ ਗਈ ਅਤੇ ਪੰਜਾਬ ਭਵਨ ਦੇ ਅੰਦਰ ਤੇ ਬਾਹਰ ਸਿਹਤ ਮਹਿਕਮੇ ਵਲੋਂ ਚੁੱਕੇ ਗਏ ਕਦਮ ਅਤੇ ਲਏ ਗਏ ਫ਼ੈਸਲਿਆਂ ਦੇ ਨੁਮਾਇਸ਼ੀ ਪੈਨਲ ਵੀ ਸਥਾਪਤ ਕੀਤੇ ਗਏ ਸਨ।ਸਿਹਤ ਮੰਤਰੀ ਨੇ ਹੁਸ਼ਿਆਰਪੁਰ ਸਥਿਤ ਗੁਰੂ ਰਵੀਦਾਸ ਆਯੁਰਵੇਦ ਯੂਨੀਵਰਸਟੀ ਨੂੰ ਹੋਰ ਮਜ਼ਬੂਤ ਕਰਨ ਦਾ ਇਸ਼ਾਰਾ ਕਰਦਿਆਂ ਕਿਹਾ ਕਿ ਪੁਰਾਣੇ ਪਟਿਆਲਾ ਦੇ ਆਯੁਰਵੇਦਾ ਕੇਂਦਰ ਨੂੰ ਵੀ ਹੁਸ਼ਿਆਰਪੁਰ ਯੂਨੀਵਰਸਟੀ ਤਹਿਤ ਲਿਆਂਦਾ ਜਾਵੇਗਾ। ਮੁਫ਼ਤ ਡਾਇਲਸਿਸ ਸੇਵਾ ਬਾਰੇ ਸਿਹਤ ਮੰਤਰੀ ਨੇ ਦਸਿਆ ਕਿ ਇਸ ਸੇਵਾ ਰਾਹੀਂ ਹਜ਼ਾਰਾਂ ਗ਼ਰੀਬ ਮਰੀਜ਼ਾਂ ਨੂੰ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਸਕੀਮ ਤਹਿਤ ਪੰਜਾਬ 'ਚ ਵੀ ਜੀਵਨ ਬੀਮਾ ਦੀ ਪ੍ਰਕਿਰਿਆ ਛੇਤੀ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਆਉਂਦੇ 4 ਸਾਲਾਂ 'ਚ 2022 ਤਕ ਪੰਜਾਬ ਅੰਦਰ ਬੱਚਿਆਂ, ਔਰਤਾਂ ਸਮੇਤ ਸੱਭ ਵਿਅਕਤੀਆਂ ਨੂੰ ਬਿਨਾਂ ਬਿਮਾਰੀ ਵਾਲਾ ਸੂਬਾ ਬਣਾ ਦਿਤਾ ਜਾਵੇਗਾ।ਨੈਸ਼ਨਲ ਤੇ ਸਟੇਟ ਹਾਈਵੇਅਜ਼ 'ਤੇ ਦੁਰਘਟਨਾ ਰੋਕਣ ਅਤੇ ਪ੍ਰਭਾਵਤ ਤੇ ਪੀੜਤ ਲੋਕਾਂ ਲਈ 50 ਨਵੀਂਆਂ ਐਂਬੂਲੈਂਸਾਂ ਤੈਨਾਤ ਕਰਨ ਦਾ ਵੇਰਵਾ ਦਿੰਦੇ ਹੋਏ ਸਿਹਤ ਮੰਤਰੀ ਨੇ ਦਸਿਆ ਕਿ ਅੰਮ੍ਰਿਤਸਰ, ਜਲੰਧਰ, ਪਠਾਨਕੋਟ ਅਤੇ ਲੁਧਿਆਣਾ 'ਚ ਚਾਰ ਟਰਾਮਾ ਕੇਂਦਰ ਬਣਾਏ ਹਨ, ਜਦਕਿ ਇੰਨੇ ਹੀ ਹੋਰ ਥਾਵਾਂ 'ਤੇ ਵੀ ਸਥਾਪਤ ਕੀਤੇ ਜਾ ਰਹੇ ਹਨ।