ਪਿੰਡ ਕੋਟ ਕਰੋੜ ਵਿਖੇ ਦਰਦਨਾਕ ਹਾਦਸੇ 'ਚ ਪੰਜ ਮੌਤਾਂ

ਖ਼ਬਰਾਂ, ਪੰਜਾਬ

ਫਿਰੋਜਪੁਰ/ਤਲਵੰਡੀ ਭਾਈ/ ਫ਼ਰੀਦਕੋਟ, 30 ਸਤੰਬਰ (ਬਲਬੀਰ ਸਿੰਘ ਜੋਸਨ/ਮਨਜੀਤ ਸਿੰਘ/ ਬੀ.ਐਸ. ਢਿੱਲੋਂ) : ਪਿੰਡ ਕੋਟ ਕਰੋੜ ਕਲਾਂ ਵਿਖੇ ਕਾਰ ਅਤੇ  ਵੈਨ ਦਰਮਿਆਨ ਹੋਈ ਸਿੱਧੀ ਟੱਕਰ ਵਿਚ ਪੰਜ ਵਿਅਕਤੀਆਂ ਦੀ ਮੌਤ ਹੋ ਗਈ। ਮ੍ਰਿਤਕਾਂ 'ਚ ਪਤੀ-ਪਤਨੀ ਤੋਂ ਇਲਾਵਾ ਇਕ ਬੱਚਾ ਵੀ ਸ਼ਾਮਲ ਹੈ।
ਜਾਣਕਾਰੀ ਅਨੁਸਾਰ ਸਨਿਚਰਵਾਰ ਸਵੇਰੇ ਬਠਿੰਡਾ ਅੰਮ੍ਰਿਤਸਰ ਰੋਡ 'ਤੇ ਪਿੰਡ ਕੋਟ ਕਰੋੜ ਕਲਾਂ ਨਜ਼ਦੀਕ ਫ਼ਰੀਦਕੋਟ ਦੀ ਤਰਫੋਂ ਆ ਰਹੀ ਇਕ ਸਵਿਫ਼ਟ ਕਾਰ ਦਾ ਐਕਸੀਡੈਂਟ ਸਾਹਮਣੇ ਤੋਂ ਆ ਰਹੀ ਓਮਨੀ ਵੈਨ ਨਾਲ ਹੋ ਗਿਆ। ਜਿਸ ਦੌਰਾਨ ਸਵਿਫ਼ਟ ਕਾਰ ਵਿਚ ਸਵਾਰ  ਰੁਪਿੰਦਰਪਾਲ ਸਿੰਘ ਪੁੱਤਰ  ਸੋਹਣ ਸਿੰਘ ਵਾਸੀ ਮੁੰਬਈ ਅਤੇ ਉਸਦੀ ਪਤਨੀ ਗੁਰਮੀਤ ਕੌਰ ਦੀ ਘਟਨਾ  ਸਥਾਨ 'ਤੇ ਮੌਤ ਹੋ ਗਈ।
ਉਨ੍ਹਾਂ ਦੇ ਲੜਕੇ ਹਰਮੀਤ ਸਿੰਘ ਸੋਢੀ, ਲੜਕੀ ਜੈਸਮੀਨ ਕੌਰ ਅਤੇ ਡਰਾÂਵਿਰ ਤਰਸੇਮ ਸਿੰਘ ਅਤੇ ਓਮਨੀ ਵੈਨ 'ਚ ਸਵਾਰ ਸਤਿੰਦਰ ਸਿੰਘ ਪੁੱਤਰ ਚਾਨਣ ਸਿੰਘ ਵਾਸੀ ਸੋਹਲ ਪੱਤੀ, ਜਿਲ੍ਹਾ ਤਰਨਤਾਰਨ, ਉਸ ਦੀ ਪਤਨੀ ਸਰਬਜੀਤ ਕੌਰ, ਲੜਕਾ ਗਰਨੂਰ ਸਿੰਘ, ਵੈਨ ਚਾਲਕ ਆਦਿ ਜ਼ਖ਼ਮੀਆਂ ਨੂੰ ਇਲਾਜ਼ ਲਈ ਹਸਪਤਾਲ  ਲਿਜਾਇਆ ਗਿਆ, ਜਿਥੇ ਤਰਸੇਮ ਸਿੰਘ, ਗੁਰਨੂਰ ਸਿੰਘ, ਅਤੇ ਓਮਨੀ ਵੈਨ ਦੇ ਚਾਲਕ ਦੀ ਵੀ ਮੌਤ ਹੋ ਗਈ। ਘਟਨਾ ਸਥਾਨ 'ਤੇ ਪੁੱਜੇ ਏ.ਐਸ.ਆਈ. ਪਾਲ ਸਿੰਘ ਨੇ ਦਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਜਿਸ ਤੋਂ ਉਪਰੰਤ ਅਗਲੀ ਕਾਰਵਾਈ ਕੀਤੀ ਜਾਵੇਗੀ।
ਜਾਣਕਾਰੀ ਅਨੁਸਾਰ ਰੁਪਿੰਦਰਪਾਲ ਸਿੰਘ ਮੁੰਬਈ ਦਾ ਵਸਨੀਕ ਸੀ ਅਤੇ ਉਹ ਅਪਣੇ ਪਰਵਾਰ ਨਾਲ ਹਰਿਮੰਦਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਫਰੀਦਕੋਟ ਦੇ ਟਿੱਲਾ ਬਾਬਾ ਫ਼ਰੀਦ ਮੱਥਾ ਟੇਕਣ ਜਾ ਰਹੇ ਸਨ।