ਪਿੰਗਲਵਾਡ਼ਿਆਂ ਦੀਆਂ ਅਨਾਥ ਲਡ਼ਕੀਆਂ ਦੇ ਵਿਆਹਾਂ ਲਈ ਸ਼ੁਰੂ ਹੋਵੇ ਮੁਹਿੰਮ

ਖ਼ਬਰਾਂ, ਪੰਜਾਬ

ਲੁਧਿਆਣਾ ਤੋਂ ਆਈ ਇੱਕ ਖ਼ਬਰ ਸੋਸ਼ਲ ਮੀਡੀਆ 'ਤੇ ਬਡ਼ੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਇੱਕ ਕਾਰੋਬਾਰੀ ਦੇ ਲਡ਼ਕੇ ਦੁਆਰਾ ਪਿੰਗਲਵਾਡ਼ਾ ਦੀ ਲਡ਼ਕੀ ਨਾਲ ਵਿਆਹ ਕਰਵਾਉਣ ਬਾਰੇ ਕਿਹਾ ਗਿਆ ਹੈ। ਖ਼ਬਰ ਅਨੁਸਾਰ ਲਡ਼ਕਾ ਲੁਧਿਆਣਾ ਦੇ ਜਵਾਹਰ ਨਗਰ ਦੇ ਰਹਿਣ ਵਾਲੇ ਚਮਨ ਲਾਲ ਦਾ ਪੁੱਤਰ ਰੌਕੀ ਅਤੇ ਲਡ਼ਕੀ ਦਾ ਨਾਂਅ ਸਵੀਟੀ ਦੱਸਿਆ ਗਿਆ ਹੈ।  ਦੱਸਿਆ ਗਿਆ ਹੈ ਕਿ ਪਿੰਗਲਵਾਡ਼ੇ ਦੇ ਸਟਾਫ ਨੇ ਮਾਮੇ ਤੋਂ ਲੈ ਕੇ ਮਾਤਾ-ਪਿਤਾ ਅਤੇ ਭੈਣਾਂ ਭਰਾਵਾਂ ਨਾਲ ਦਾ ਹਰ ਰਿਸ਼ਤਾ ਅਤੇ ਹਰ ਰਸਮ ਨੂੰ ਦਿਲੋਂ ਨਿਭਾਇਆ।ਸਵੀਟੀ ਬਾਰੇ ਦੱਸਿਆ ਗਿਆ ਹੈ ਕਿ 2001 'ਚ ਇੱਕ ਸਵੈਮਸੇਵੀ ਸੰਸਥਾ ਦੇ ਮੈਂਬਰ ਉਸਨੂੰ ਪਿੰਗਲਵਾਡ਼ੇ ਛੱਡ ਗਏ ਸਨ। ਇਹ ਵਿਆਹ ਪਿੰਗਲਵਾਡ਼ੇ 'ਚ ਹੀ ਬੁੱਧਵਾਰ ਨੂੰ ਹੋਇਆ ਦੱਸਿਆ ਗਿਆ ਹੈ।


ਵਿਆਹ ਵਾਲੇ ਲਡ਼ਕੇ ਦੀ ਇੱਛਾ ਸੀ ਕਿ ਉਸਦਾ ਵਿਆਹ  ਕਿਸੇ ਸੰਸਥਾ 'ਚ ਪਲੀ ਹੋਈ ਲਡ਼ਕੀ ਨਾਲ ਹੋਵੇ ਅਤੇ ਉਸਦੇ ਪਿਤਾ ਦੀ ਸਹਿਮਤੀ ਤੋਂ ਬਾਅਦ ਇਹ ਵਿਆਹ ਸਿਰੇ ਚਡ਼੍ਹਿਆ। ਰੌਕੀ ਦੇ ਪਿਤਾ ਨੇ ਸਵੀਟੀ ਨੂੰ ਨੂੰਹ ਨਹੀਂ ਬਲਕਿ ਧੀ ਦੇ ਰੂਪ ਵਿੱਚ ਸਵੀਕਾਰ ਕੀਤਾ ਹੈ। ਸੋਸ਼ਲੀ ਮੀਡੀਆ 'ਤੇ ਵਾਇਰਲ ਖ਼ਬਰ ਬਾਰੇ ਕਈ ਕਿਸਮ ਦੇ ਆਸ਼ੰਕੇ ਜਤਾਏ ਜਾਣੇ ਸੁਭਾਵਿਕ ਹੀ ਹਨ। ਅਕਸਰ ਕਿਸੇ ਹੋਰ ਤਸਵੀਰ, ਕਿਸੇ ਹੋਰ ਖ਼ਬਰ ਨੂੰ ਤੋਡ਼-ਮਰੋਡ਼ ਕੇ ਪੇਸ਼ ਕੀਤੇ ਜਾਣ ਕਾਰਨ ਭਰੋਸਾ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਪਰ ਇਹ ਸੱਚਮੁੱਚ ਹੀ ਇੱਕ ਅਤਿ ਸ਼ਲਾਘਾਯੋਗ ਉਪਰਾਲਾ ਹੈ ਜੋ ਸਮਾਜ ਵਿੱਚ ਅਪਣਾਇਆ ਜਾਣਾ ਚਾਹੀਦਾ ਹੈ। ਜੇਕਰ ਇਹ ਖ਼ਬਰ ਸੱਚਮੁੱਚ ਸਹੀ ਹੈ ਤਾਂ ਰੌਕੀ ਅਤੇ ਉਸਦੇ ਪਿਤਾ ਚਮਨ ਲਾਲ ਨੇ ਸਮਾਜ ਲਈ ਇੱਕ ਮਿਸਾਲ ਕਾਇਮ ਕੀਤੀ ਹੈ। 


ਔਰਤਾਂ ਦੇ ਹੱਕ ਦੀ ਗੱਲ ਕਰਦਿਆਂ ਸਵੈ-ਸੇਵੀ ਸੰਸਥਾਵਾਂ ਨੂੰ ਵੀ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਅਤੇ ਇਸ ਰੀਤ ਨੂੰ ਅੱਗੇ ਵਧਾਉਣ ਲਈ ਲੋਕਾਂ ਨੂੰ ਪ੍ਰੇਰਨਾ ਚਾਹੀਦਾ ਹੈ। ਜੇਕਰ ਔਰਤਾਂ ਦੇ ਹੱਕ ਵਿੱਚ ਕੰਮ ਕਰਨ ਵਾਲਿਆਂ ਸੰਸਥਾਵਾਂ ਆਪਣੇ ਘਰਾਂ ਤੋਂ ਅਜਿਹੀ ਸ਼ੁਰੂਆਤ ਕਰਨ ਤਾਂ ਨਿਸ਼ਚਿਤ ਹੀ ਇੱਕ ਬਹੁਤ ਵੱਡਾ ਸਾਕਾਰਾਤਮਕ ਸਮਾਜਿਕ ਬਦਲਾਉ ਆਵੇਗਾ। ਜਿਵੇਂ ਅਪਰਾਧਿਕ ਪਿਛੋਕਡ਼ ਵਾਲੇ ਲੋਕਾਂ ਲਈ, ਨਸ਼ਿਆਂ ਦੀ ਗਿਰਫ਼ਤ ਵਿੱਚੋਂ ਬਾਹਰ ਆਏ ਲੋਕਾਂ ਲਈ ਪੁਨਰਵਾਸ ਦੀਆਂ ਯੋਜਨਾਵਾਂ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਹਨ ਉਸੇ ਤਰਜ਼ 'ਤੇ ਪਿੰਗਲਵਾਡ਼ਿਆਂ ਵਿੱਚ ਰਹਿੰਦੇ ਬੱਚਿਆਂ ਨੂੰ ਵੀ ਮੁੱਖ ਧਾਰਾ ਵਿੱਚ ਲਿਆਉਣ ਲਈ ਠੋਸ ਕਦਮ ਸਰਕਾਰੀ ਦੇਖ-ਰੇਖ ਹੇਠ ਚੁੱਕਣ ਦੀ ਲੋਡ਼ ਹੈ। ਇਹ ਬੱਚੇ ਵੀ ਆਮ ਬੱਚਿਆਂ ਵਾਂਗ ਹੀ ਪ੍ਰਤਿਭਾਵਾਨ ਹੁੰਦੇ ਹਨ ਅਤੇ ਬਹੁਤ ਵਾਰੀ ਸਾਧਨਾਂ ਦੀ ਕਮੀ ਕਾਰਨ ਇਹਨਾਂ ਦੀਆਂ ਪ੍ਰਤਿਭਾਵਾਂ ਦਬ ਕੇ ਰਹਿ ਜਾਂਦੀਆਂ ਹਨ।