ਪ੍ਰਧਾਨ ਮੰਤਰੀ ਦੀ ਕਾਂਗਰਸ ਵਿਰੁਧ 'ਸਿਉਂਕ' ਵਾਲੀ ਟਿਪਣੀ ਭਾਜਪਾ ਦੀ ਨਿਰਾਸ਼ਾ ਦਾ ਪ੍ਰਗਟਾਵਾ: ਕੈਪਟਨ

ਖ਼ਬਰਾਂ, ਪੰਜਾਬ

ਨਚਾਨ/ਫ਼ਤੇਹਪੁਰ, 5 ਨਵੰਬਰ (ਸਸਸ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਕਾਂਗਰਸ ਵਿਰੁਧ ਕੀਤੀ 'ਸਿਉਂਕ' ਦੀ ਟਿਪਣੀ ਲਈ ਉਨ੍ਹਾਂ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀਆਂ ਚੋਣਾਂ ਵਿਚ ਅਪਣੀ ਪਾਰਟੀ ਦੇ ਉਮੀਦਵਾਰਾਂ ਲਈ ਸਮਰਥਨ ਜੁਟਾਉਣ ਲਈ ਭਾਜਪਾ ਨੇਤਾ ਵਲੋਂ ਘਬਰਾਹਟ ਵਿਚ ਆ ਕੇ ਇਕ ਹਲਕੇ ਤੋਂ ਦੂਜੇ ਹਲਕੇ ਵਲ ਵਾਹੋਦਾਹੀ ਭੱਜਣ ਦੀ ਖਿੱਲੀ ਉਡਾਈ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਜਦੋਂ ਭਾਰਤੀ ਜਨਤਾ ਪਾਰਟੀ ਨੇ ਹਿਮਾਚਲ ਵਿਚ ਅਪਣੀ ਹੋਣੀ ਬਾਰੇ ਕੰਧ 'ਤੇ ਲਿਖਿਆ ਪੜ੍ਹ ਲਿਆ ਤਾਂ ਪ੍ਰਧਾਨ ਮੰਤਰੀ ਨੇ ਸੂਬੇ ਵਲ ਵਹੀਰਾਂ ਘੱਤਣੀਆਂ ਸ਼ੁਰੂ ਕਰ ਦਿਤੀਆਂ। ਮੁੱਖ ਮੰਤਰੀ ਨੇ ਆਖਿਆ ਕਿ ਹਿਮਾਚਲ ਪ੍ਰਦੇਸ਼ ਵਿਚ ਮੋਦੀ ਨੂੰ ਫੇਰੀਆਂ ਲਾਉਣ ਦੇ ਚੜ੍ਹੇ ਜ਼ਨੂੰਨ ਕਰ ਕੇ ਹੀ ਉਨ੍ਹਾਂ ਨੇ ਅਪਣੇ ਦੌਰਿਆਂ ਨੂੰ ਅੱਗੇ ਪਾ ਦਿਤਾ।
ਕਾਂਗਰਸ ਵਿਰੁਧ ਮੋਦੀ ਵਲੋਂ ਕੀਤੀ 'ਸਿਉਂਕ' ਦੀ ਟਿਪਣੀ 'ਤੇ ਪ੍ਰਤੀਕਰਮ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪਿਛਲੇ 70 ਵਰ੍ਹਿਆਂ ਵਿਚ ਮੁਲਕ ਨੂੰ ਵਿਕਾਸ ਦੇ ਜਿਹੜੇ ਰਾਹ 'ਤੇ ਪਾਇਆ ਗਿਆ ਸੀ, ਹੁਣ ਮੁਲਕ ਉਸ ਰਾਹ ਤੋਂ ਥਿੜਕ ਗਿਆ ਹੈ ਜਿਸ ਕਰ ਕੇ ਪੂਰਾ ਢਾਂਚਾ ਤਹਿਸ-ਨਹਿਸ ਹੋ ਗਿਆ ਹੈ।  ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਹਿਮਾਚਲ ਕਦੇ ਵੀ ਉਸ ਤਰ੍ਹਾਂ ਵਿਕਾਸ ਨਹੀਂ ਕਰੇਗਾ ਜਿਸ ਤਰ੍ਹਾਂ ਦਾ ਵਿਕਾਸ ਪਿਛਲੇ ਸਮੇਂ ਵਿਚ ਵੱਖ-ਵੱਖ ਕਾਂਗਰਸ ਦੀ ਸਰਕਾਰਾਂ ਦੌਰਾਨ ਹੁੰਦਾ ਰਿਹਾ ਹੈ। ਉਨ੍ਹਾਂ ਆਖਿਆ ਕਿ ਪ੍ਰਧਾਨ ਮੰਤਰੀ ਦੀ ਇਹ ਟਿਪਣੀ ਮੁਲਕ ਭਰ ਵਿਚ ਭਾਜਪਾ ਵਿਰੁਧ ਉਠ ਰਹੇ ਰੋਹ ਕਾਰਨ ਉਨ੍ਹਾਂ ਦੀ ਨਿਰਾਸ਼ਾ ਨੂੰ ਦਰਸਾਉਂਦੀ ਹੈ।
ਨਚਾਨ (ਮੰਡੀ) ਅਤੇ ਫਤੇਹਪੁਰ (ਕਾਂਗੜਾ) ਵਿਖੇ ਕਾਂਗਰਸੀ ਉਮੀਦਵਾਰਾਂ ਦੇ ਹੱਕ ਵਿਚ ਵਿਸ਼ਾਲ ਰੈਲੀਆਂ ਨੂੰ ਸੰਬੋਧਨ ਕਰ ਕੇ ਚੋਣ ਮੁਹਿੰਮ ਦਾ ਆਗ਼ਾਜ਼ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਪ੍ਰਧਾਨ ਮੰਤਰੀ ਨੂੰ ਇਸ ਗੱਲ ਦਾ ਅੰਦਾਜ਼ਾ ਤਾਂ ਹੋ ਗਿਆ ਹੈ ਕਿ ਭਾਜਪਾ ਦਾ ਸਫ਼ਾਇਆ ਹੋਣ ਵਾਲਾ ਹੈ ਅਤੇ ਇਸੇ ਕਰ ਕੇ ਉਹ ਥੋੜੀ ਬਹੁਤ ਉਮੀਦ ਨਾਲ ਸਥਿਤੀ ਨੂੰ ਸੰਭਾਲਣ ਲਈ ਨਿਜੀ ਤੌਰ 'ਤੇ ਇਹ ਸੱਭ ਯਤਨ ਕਰ ਰਹੇ ਹਨ ਕਿ ਇਸ ਨਾਲ ਉਹ ਲੋਕਾਂ ਨੂੰ ਮੂਰਖ ਬਣਾ ਦੇਣਗੇ।
ਕੈਪਟਨ ਅਮਰਿੰਦਰ ਸਿੰਘ ਜਿਨ੍ਹਾਂ ਨੇ ਪ੍ਰਧਾਨ ਮੰਤਰੀ ਵਲੋਂ ਹਿਮਾਚਲ ਵਿਚ ਗੇੜੇ 'ਤੇ ਗੇੜਾ ਰੱਖਣ ਕਰ ਕੇ ਅਪਣੀਆਂ ਰੈਲੀਆਂ ਪਿੱਛੇ ਪਾ ਦਿਤੀਆਂ ਸਨ, ਨੇ ਆਖਿਆ ਕਿ ਪ੍ਰਧਾਨ ਮੰਤਰੀ ਦੇ ਇਨ੍ਹਾਂ ਗੇੜਿਆਂ ਨਾਲ ਕੁੱਝ ਵੀ ਹਾਸਲ ਹੋਣ ਵਾਲਾ ਨਹੀਂ ਕਿਉਂਕਿ ਇਸ ਸੂਬੇ ਦੇ ਲੋਕਾਂ ਨੇ ਕੌਮੀ ਪੱਧਰ 'ਤੇ ਅਤੇ ਜਿੱਥੇ-ਜਿੱਥੇ ਵੀ ਭਾਜਪਾ ਦੀਆਂ ਸਰਕਾਰਾਂ ਹਨ, ਉਨ੍ਹਾਂ ਸੂਬਿਆਂ ਦਾ ਹਸ਼ਰ ਦੇਖ ਲਿਆ ਹੈ। ਕੈਪਟਨ ਅਮਰਿੰਦਰ ਸਿੰਘ ਹਿਮਾਚਲ ਪ੍ਰਦੇਸ਼ ਵਿਚ ਕਾਂਗਰਸ ਦੇ ਸਟਾਰ ਚੋਣ ਪ੍ਰਚਾਰਕਾਂ ਵਿਚੋਂ ਇਕ ਹਨ। ਉਨ੍ਹਾਂ ਨੇ ਸਰਕਾਰੀ ਖ਼ਜ਼ਾਨੇ ਵਿਚੋਂ ਵੱਡੀ ਕੀਮਤ ਅਦਾ ਕਰ ਕੇ ਬੂਲਟ ਟਰੇਨ ਚਲਾਉਣ ਬਾਰੇ ਪ੍ਰਧਾਨ ਮੰਤਰੀ ਦੇ ਫ਼ੈਸਲੇ ਦਾ ਮਖੌਲ ਉਡਾਉਂਦਿਆਂ ਆਖਿਆ ਕਿ ਇਸ ਰੇਲ ਦੀ ਟਿਕਟ ਹਵਾਈ ਜਹਾਜ਼ ਦੀ ਟਿਕਟ ਨਾਲੋਂ ਮਹਿੰਗੀ ਹੋਵੇਗੀ।
ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨੂੰ ਨਚਾਨ ਤੋਂ ਕਾਂਗਰਸੀ ਪਾਰਟੀ ਦੇ ਉਮੀਦਵਾਰ ਲਾਲ ਸਿੰਘ ਕੌਸ਼ਲ ਅਤੇ ਫਤੇਹਪੁਰ ਤੋਂ ਸੁਜਾਨ ਸਿੰਘ ਪਠਾਨੀਆ ਦੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕਰਦਿਆਂ ਆਖਿਆ ਕਿ ਮੋਦੀ ਸਰਕਾਰ ਦੇ ਬਿਨਾਂ ਸੋਚੇ ਸਮਝੇ ਲਾਗੂ ਕੀਤੇ ਫ਼ੈਸਲਿਆਂ ਨਾਲ ਪੰਜਾਬ ਅਤੇ ਹੋਰ ਕਈ ਸੂਬਿਆਂ ਦੀਆਂ ਸਰਕਾਰਾਂ ਵਿੱਤੀ ਸੰਕਟ ਵਿਚ ਘਿਰ ਗਈਆਂ ਹਨ ਅਤੇ ਆਮ ਲੋਕਾਂ ਦੀ ਸਥਿਤੀ ਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ। ਉਨ੍ਹਾਂ ਆਖਿਆ ਕਿ ਭਾਜਪਾ ਨੂੰ ਲੋਕਾਂ ਦੀ ਮੌਜੂਦਾ ਸਥਿਤੀ ਨਾਲ ਕੋਈ ਸਰੋਕਾਰ ਨਹੀਂ ਹੈ। ਉਨ੍ਹਾਂ ਨੇ ਮੋਦੀ ਨੂੰ ਆਖਿਆ ਕੀ ਕੇਂਦਰ ਸਰਕਾਰ ਦੱਸੇਗੀ ਕਿ ਸੂਬੇ ਅਤੇ ਲੋਕ ਪੈਸੇ ਤੋਂ ਬਿਨਾਂ ਕਿਸ ਤਰ੍ਹਾਂ ਆਪਣਾ ਸਮਾਂ ਟਪਾਉਣ।
ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਨਾਚਨ ਤੋਂ ਲਾਲ ਸਿੰਘ ਕੌਸ਼ਲ ਦੀ ਕਾਂਗਰਸ ਪਾਰਟੀ ਦੇ ਉਮੀਦਵਾਰ ਵਜੋਂ ਸਰਬਸੰਮਤੀ ਨਾਲ ਚੋਣ ਕਰਨ ਦੀ ਸ਼ਲਾਘਾ ਕਰਦਿਆਂ ਆਖਿਆ ਕਿ ਜਿਵੇਂ ਗੁਰਦਾਸਪੁਰ ਵਿਚ ਹਾਲ ਹੀ ਵਿਚ ਹੋਈ ਜ਼ਿਮਨੀ ਚੋਣ ਵਿੱਚ ਸਮੁੱਚੀ ਕਾਂਗਰਸ ਪਾਰਟੀ ਸੁਨੀਲ ਜਾਖੜ ਦੇ ਹੱਕ ਵਿਚ ਉਤਰੀ ਸੀ, ਉਸੇ ਤਰ੍ਹਾਂ ਹੁਣ ਵੀ ਪਾਰਟੀ ਦਾ ਸਮੁੱਚਾ ਕਾਡਰ ਲਾਲ ਸਿੰਘ ਦੇ ਹੱਕ ਵਿਚ ਹੈ। ਉਨ੍ਹਾਂ ਕਿਹਾ ਕਿ ਗੁਰਦਾਸਪੁਰ ਤੋਂ ਪਾਰਟੀ ਦੇ ਉਮੀਦਵਾਰ ਨੇ ਬਹੁਤ ਵੱਡੀ ਲੀਡ ਲੈ ਕੇ ਜਿੱਤ ਹਾਸਲ ਕੀਤੀ ਸੀ।