ਪੁਲਿਸ ਦੀ ਹਾਜ਼ਰੀ 'ਚ ਅਕਾਲੀਆਂ ਤੇ ਕਾਂਗਰਸੀਆਂ ਦੀ ਖੜਕੀ, ਡਾਂਗਾਂ ਤੇ ਗੋਲੀਆਂ ਚੱਲੀਆਂ

ਖ਼ਬਰਾਂ, ਪੰਜਾਬ

ਫਿਰੋਜ਼ਪੁਰ: ਜਿੱਥੇ ਸਿਆਸੀ ਪਾਰਟੀਆਂ ਤੇ ਪ੍ਰਸ਼ਾਸਨ ਨਗਰ ਪੰਚਾਇਤ ਚੋਣਾਂ ਦੀਆਂ ਤਿਆਰੀਆਂ ਵਿੱਚ ਲੱਗੇ ਹੋਏ ਹਨ, ਉੱਥੇ ਅੱਜ ਪਿੰਡ ਮੱਲਾਂਵਾਲਾ ਵਿੱਚ ਮਾਹੌਲ ਤਣਾਅਪੂਰਨ ਹੋ ਗਿਆ। ਇਹ ਘਟਨਾ ਉਦੋਂ ਵਾਪਰੀ ਜਦੋਂ ਕਾਂਗਰਸ ਤੇ ਅਕਾਲੀ ਵਰਕਰ ਆਪਸ ਵਿੱਚ ਭਿੜ ਗਏ। ਇਸ ਮਾਮਲੇ ਵਿੱਚ ਬਹੁਤਿਆਂ ਦੇ ਜ਼ਖ਼ਮੀ ਹੋਣ ਦੀ ਕੋਈ ਪੁਸ਼਼ਟੀ ਨਹੀਂ ਹੋਈ, ਪਰ ਦੋਵਾਂ ਧਿਰਾਂ ਵੱਲੋਂ ਇੱਕ-ਦੂਜੇ ਉੱਪਰ ਹਮਲਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ।

ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੀ ਸ਼ਹਿ `ਤੇ ਕਾਂਗਰਸੀਆਂ ਵੱਲੋਂ ਕੀਤੇ ਹਮਲੇ ਦੇ ਇਲਜ਼ਾਮ ਲਾਉਂਦਿਆਂ ਜ਼ਿਲ੍ਹਾ ਪ੍ਰਧਾਨ ਅਕਾਲੀ ਦਲ ਨੇ ਕਿਹਾ ਕਿ ਮੌਜੂਦਾ ਵਿਧਾਇਕ ਦੀ ਹਾਜ਼ਰੀ ਵਿੱਚ ਪੁਲਿਸ ਸਾਹਮਣੇ ਉਨ੍ਹਾਂ `ਤੇ ਹਮਲਾ ਕਰਨ ਦੇ ਨਾਲ-ਨਾਲ ਗੋਲੀਆਂ ਵੀ ਚਲਾਈਆਂ।

ਅਕਾਲੀਆਂ `ਤੇ ਮਾਹੌਲ ਨੂੰ ਖਰਾਬ ਕਰਨ ਦੇ ਇਲਜ਼ਾਮ ਲਾਉਂਦਿਆਂ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਤੇ ਹੋਰ ਆਗੂਆਂ ਨੇ ਕਿਹਾ ਕਿ ਉਨ੍ਹਾਂ `ਤੇ ਅਕਾਲੀਆਂ ਨੇ ਹਮਲਾ ਕੀਤਾ ਹੈ। ਫਾਈਰਿੰਗ ਦੀ ਗੱਲ ਮੰਨਦਿਆਂ ਕਾਂਗਰਸੀ ਵਿਧਾਇਕ ਨੇ ਸਪਸ਼ਟ ਕੀਤਾ ਕਿ ਅਕਾਲੀ ਆਗੂਆਂ ਵੱਲੋਂ ਹਮਲਾ ਕੀਤਾ ਗਿਆ ਹੈ।

ਫਿਰੋਜ਼ਪੁਰ ਦੇ ਕਸਬੇ ਮੱਲਾਂਵਾਲਾ ਵਿੱਚ ਘਟਨਾ ਸਥਾਨ ਦਾ ਜਾਇਜ਼ਾ ਲੈਣ ਪਹੁੰਚੇ ਪੁਲਿਸ ਅਧਿਕਾਰੀ ਜਿੱਥੇ ਇਸ ਮਾਮਲੇ ਬਾਰੇ ਕੁਝ ਵੀ ਬੋਲਣ ਤੋਂ ਟਾਲਾ ਵੱਟਦੇ ਰਹੇ। ਹਾਲਾਂਕਿ, ਉਨ੍ਹਾਂ ਸਪਸ਼ਟ ਕੀਤਾ ਕਿ ਦੋਵਾਂ ਧਿਰਾਂ ਵਿੱਚ ਫਾਈਰਿੰਗ ਹੋਈ ਹੈ ਤੇ ਮਾਮਲੇ ਦੀ ਤਹਿ ਤੱਕ ਜਾਣ ਲਈ ਹਰ ਪਹਿਲੂ `ਤੇ ਕਾਰਵਾਈ ਕੀਤੀ ਜਾ ਰਹੀ ਹੈ।