ਪੁਲਿਸ ਨੇ ਕਾਬੂ ਕੀਤੇ 8 ਡੇਰਾ ਪ੍ਰੇਮੀ

ਖ਼ਬਰਾਂ, ਪੰਜਾਬ

ਮਲੋਟ, 1 ਸਤੰਬਰ (ਹਰਦੀਪ ਸਿੰਘ ਖ਼ਾਲਸਾ): ਸੌਦਾ ਸਾਧ ਨੂੰ ਸਾਧਵੀ ਬਲਾਤਕਾਰ ਮਾਮਲੇ ਵਿਚ ਸੀ ਬੀ ਆਈ ਦੀ ਸਪੈਸ਼ਲ ਅਦਾਲਤ ਵਲੋਂ ਸਜ਼ਾ ਸੁਣਾਏ ਜਾਣ ਤੋਂ ਬਾਅਦ ਡੇਰਾ ਪ੍ਰੇਮੀਆਂ ਨੇ ਸਾੜ ਫੂਕ ਕਰ ਕੇ ਤਰਥੱਲੀ ਮਚਾਉਣ ਦੀਆਂ ਹਦਾਇਤਾਂ ਡੇਰੇ ਵਲੋਂ ਦੋ ਦਿਨ ਪਹਿਲਾਂ ਹੀ ਜਾਰੀ ਕਰ ਦਿਤੀਆਂ ਗਈਆਂ ਸਨ। ਡੇਰੇ ਲਈ ਮਰ ਮਿਟਣ ਵਾਲਿਆਂ ਦੀਆਂ ਲਿਸਟਾਂ ਬਣਾ ਕੇ ਲੋੜੀਂਦਾ ਸਮਾਨ ਪਟਰੌਲ ਬੰਬ ਅਤੇ ਹੋਰ ਮਾਰੂ ਹਥਿਆਰ ਦੇ ਕੇ ਲਾਮਬੰਧ ਕਰ ਦਿਤਾ ਗਿਆ ਸੀ। ਇਹ ਪ੍ਰਗਟਾਵਾ ਪੁਲਿਸ ਵਲੋਂ ਕਾਬੂ ਕੀਤੇ ਗਏ ਡੇਰਾ ਪ੍ਰੇਮੀਆਂ ਨੇ ਖ਼ੁਦ ਪੱਤਰਕਾਰਾਂ ਸਾਹਮਣੇ ਕੀਤਾ।
ਮਲੋਟ ਵਿਖੇ ਪ੍ਰੈਸ ਕਾਨਫ਼ਰੰਸ ਕਰਦਿਆਂ ਐਸ ਪੀ ਸ. ਦਵਿੰਦਰ ਸਿੰਘ ਬਰਾੜ ਨੇ ਦਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਸ਼ੁਸ਼ੀਲ ਕੁਮਾਰ ਦੀਆਂ ਹਦਾਇਤਾਂ 'ਤੇ ਕਾਰਵਾਈ ਕਰਦਿਆਂ ਥਾਣਾ ਕਬਰਵਾਲਾ ਦੇ ਇੰਚਾਰਜ ਇੰਸਪੈਕਟਰ ਬਲਕਾਰ ਸਿੰਘ ਅਤੇ ਥਾਣਾ ਸਿਟੀ ਦੇ ਇੰਚਾਰਜ ਇੰਸਪੈਕਟਰ ਬੂਟਾ ਸਿੰਘ ਗਿੱਲ ਨੇ 25 ਅਗੱਸਤ ਨੂੰ ਸੌਦਾ ਸਾਧ ਵਿਰੁਧ ਅਦਾਲਤੀ ਫ਼ੈਸਲਾ ਆਉਣ ਉਪਰੰਤ ਮਲੋਟ ਰੇਲਵੇ ਸਟੇਸ਼ਨ, ਪਟਰੌਲ ਪੰਪਾਂ ਦੀ ਭੰਨਤੋੜ ਕਰ ਕੇ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇਣ ਵਾਲੇ 24 ਦੋਸ਼ੀਆਂ ਵਿਚੋਂ 8 ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆਂ ਪਾਸੋਂ ਦੋ ਮੋਟਰਸਾਈਕਲ, ਇਕ ਐਕਟਿਵਾ, 42 ਪਟਰੌਲ ਬੋਤਲ ਬੰਬ ਅਤੇ ਲਾਲ ਮਿਰਚ ਪਾਉਡਰ ਬਰਾਮਦ ਕੀਤਾ ਹੈ। ਐਸ ਪੀ ਦਵਿੰਦਰ ਸਿੰਘ ਬਰਾੜ ਨੇ ਦਸਿਆ ਕਿ ਹੁਣ ਤਕ ਪੁਲਿਸ ਨੇ 13 ਡੇਰਾ ਪ੍ਰੇਮੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਨ੍ਹਾਂ ਵਿਚੋਂ 5 ਡੇਰਾ ਪ੍ਰੇਮੀ ਪੁਲਿਸ ਨੇ 26 ਅਗੱਸਤ ਨੂੰ ਹੀ ਗ੍ਰਿਫ਼ਤਾਰ ਕਰ ਲਿਆ ਸੀ ਜਿਨ੍ਹਾਂ ਦਾ 31 ਤਕ ਪੁਲਿਸ ਰੀਮਾਂਡ ਹਾਸਲ ਕਰ ਕੇ ਪੁਛਗਿੱਛ ਕੀਤੀ ਗਈ ਜਿਸ ਦੌਰਾਨ ਕਈ ਪ੍ਰਗਟਾਵੇ ਹੋਏ ਜਿਸ ਦੇ ਆਧਾਰ ਤੇ ਪੁਲਿਸ ਦੀਆਂ ਵੱਖ ਵੱਖ ਪਾਰਟੀਆਂ ਨੇ ਛਾਪੇਮਾਰੀ ਕੀਤੀ। ਪੁਲਿਸ ਦੇ ਅੜਿੱਕੇ ਆਏ ਡੇਰਾ ਪ੍ਰੇਮੀਆਂ ਵਿਚ ਮਲੋਟ ਸਰਗਰਮ ਭੰਗੀਦਾਸ ਜਸਵਿੰਦਰ ਸਿੰਘ ਉਰਫ਼ ਜੱਸਾ, 45 ਮੈਂਬਰੀ ਕਮੇਟੀ ਦਾ ਆਗੂ ਗੁਰਦਾਸ ਸਿੰਘ, ਗੁਰਪਿਆ ਸਿੰਘ, ਰਤਨ ਲਾਲ, ਸ਼ੀਸ਼ਪਾਲ ਭੰਗਾਦਾਸ, ਸੁਖਵਿੰਦਰ ਸਿੰਘ, ਮੋਹਿਤ ਕੁਮਾਰ ਆਦਿ ਸ਼ਾਮਲ ਹਨ।
ਐਸ ਪੀ ਦਵਿੰਦਰ ਸਿੰਘ ਬਰਾੜ ਨੇ ਦਸਿਆ ਕਿ ਦੋਸ਼ੀਆਂ ਨੇ ਮੰਨਿਆ ਕਿ ਮਲੋਟ ਰੇਲਵੇ ਸਟੇਸ਼ਨ, ਪਿੰਡ ਬੁਰਜ ਸਿੱਧਵਾਂ ਇੰਡੀਅਨ ਆਇਲ ਦਾ ਪਟਰੌਲ ਪੰਪ ਅਤੇ ਅਬੋਹਰ ਰੋਡ ਰਿਲਾਇੰਸ ਪਟਰੌਲ ਪੰਪ ਤੇ ਘਟਨਾਵਾਂ ਨੂੰ ਅੰਜ਼ਾਮ ਦਿਤਾ ਗਿਆ ਹੈ।  ਜਿਨ੍ਹਾਂ ਨੇ ਦੋ ਦਿਨ ਪਹਿਲਾਂ ਮੀਟਿੰਗ ਕਰ ਕੇ ਡੇਰੇ ਲਈ ਮਰਨ ਵਾਲਿਆਂ ਵਿਚ ਅਪਣੇ ਆਪ ਨੂੰ ਪੇਸ਼ ਕਰਨ ਵਾਲੇ ਨੌਜਵਾਨਾਂ ਨੂੰ ਪਟਰੌਲ ਬੰਬ ਬਣਾਉਣ ਅਤੇ ਘਟਨਾਵਾਂ ਨੂੰ ਅੰਜ਼ਾਮ ਦੇਣ ਲਈ ਲਾਮਬੰਧ ਕੀਤਾ ਸੀ।
ਮਲੋਟ ਦੇ ਦੋ ਸਿੱਖ ਆਗੂਆਂ ਤੇ ਡੇਰਾ ਪ੍ਰੇਮੀਆਂ ਨਾਲ ਮਾਮਲਾ ਦਰਜ ਕਰ ਦਿਤੇ ਜਾਣ ਦੇ ਸਬੰਧ ਵਿਚ ਪੁੱਛੇ ਗਏ ਸਵਾਲ ਦਾ ਜੁਆਬ ਦਿੰਦਿਆਂ ਐਸ ਪੀ ਦਵਿੰਦਰ ਸਿੰਘ ਬਰਾੜ ਨੇ ਪੱਤਰਕਾਰਾਂ ਨੂੰ ਦਸਿਆ ਕਿ ਪੁਲਿਸ ਵਲੋਂ ਦਰਜ ਕੀਤੀ ਗਈ ਐਫ਼ ਆਈ ਆਰ ਨੰਬਰ 119 ਵਿਚ ਸਿੱਖ ਆਗੂਆਂ ਚਰਨਜੀਤ ਸਿੰਘ ਖ਼ਾਲਸਾ ਅਤੇ ਹਰਮੰਦਰ ਸਿੰਘ ਕਟੋਰੇਵਾਲਾ ਦਾ ਨਾਮ ਗ਼ਲਤੀ ਨਾਲ ਸ਼ਾਮਲ ਹੋ ਗਿਆ ਸੀ ਉਕਤ ਸਿੱਖ ਆਗੂਆਂ ਦਾ ਡੇਰਾ ਪ੍ਰੇਮੀਆਂ ਵਲੋਂ ਕੀਤੀਆਂ ਗਈਆਂ ਘਟਨਾਵਾਂ ਵਿਚ ਕੋਈ ਰੋਲ ਨਹੀਂ ਸੀ ਜਿਸ ਨੂੰ ਦਰੁੱਸਤ ਕਰ ਦਿਤਾ ਗਿਆ ਹੈ।