ਪੁਲਿਸ ਨੇ ਤਿੰਨ ਦਿਨ 'ਚ ਸੁਲਝਾਈ ਅੰਨ੍ਹੇ ਕਤਲ ਦੀ ਗੁੱਥੀ

ਖ਼ਬਰਾਂ, ਪੰਜਾਬ

ਖਰੜ, 6 ਜਨਵਰੀ (ਨਾਗਪਾਲ) : ਬੀਤੀ 2 ਅਤੇ 3 ਜਨਵਰੀ ਦੀ ਦਰਮਿਆਨੀ ਰਾਤ ਪਿੰਡ ਹੂਸੈਨਪੁਰਾ ਵਿਖੇ  29 ਸਾਲਾ ਨੌਜਵਾਨ ਅਬਦੁਲ ਕਿਊਸ ਖ਼ਾਨ ਦੇ ਕਤਲ ਦਾ ਮਾਮਲਾ ਪੁਲਿਸ ਵਲੋਂ ਸੁਲਝਾਉਣ ਦਾ ਦਾਅਵਾ ਕੀਤਾ ਗਿਆ ਹੈ। ਇਸ ਸਬੰਧੀ ਅੱਜ ਡੀਐੱਸਪੀ ਦਫ਼ਤਰ ਖਰੜ ਵਿਖੇ ਹੋਈ ਪ੍ਰੈੱਸ ਕਾਨਫ਼ਰੰਸ ਦੌਰਾਨ ਐੱਸਪੀ (ਜਾਂਚ) ਹਰਬੀਰ ਸਿੰਘ ਅਟਵਾਲ ਨੇ ਦਸਿਆ ਉਕਤ ਵਿਅਕਤੀ ਦਾ ਕਤਲ ਹੋਣ ਪਿੱਛੋਂ ਇਸ ਦੀ ਜਾਂਚ ਇੰਸ: ਤਰਲੋਚਨ ਸਿੰਘ ਇੰਚਾਰਜ਼ ਸੀਆਈਏ ਅਤੇ ਇੰਸ ਭਗਵੰਤ ਸਿੰਘ ਥਾਣਾ ਮੁੱਖੀ ਬਲੌਂਗੀ ਨੂੰ ਸੌਂਪੀ ਗਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮ੍ਰਿਤਕ ਦੀ ਪਤਨੀ ਸੁਬਾਨਾ ਨੇ ਹੀ ਅਪਣੀ ਭੈਣ ਸ਼ਬਨਮ ਅੰਸਾਰੀ ਉਰਫ਼ ਪਲਕ ਅਤੇ ਭੈਣ ਦੇ ਪ੍ਰੇਮੀ ਮੁਹੰਮਦ ਗੁਲਜ਼ਾਰ ਨਾਲ ਮਿਲ ਕੇ ਅਪਣੇ ਪਤੀ ਦਾ ਕਤਲ ਕਰਵਾਇਆ ਸੀ। ਉਨ੍ਹਾਂ ਦਸਿਆ ਕਿ ਅੱਜ ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਤਿੰਨੋਂ ਦੋਸ਼ੀ ਅੱਜ ਇਥੋਂ ਫ਼ਰਾਰ ਹੋਣ ਦੀ ਤਾਕ ਵਿਚ ਹਨ, ਜਿਸ ਦੇ ਆਧਾਰ 'ਤੇ ਸੀਆਈਏ ਸਟਾਫ਼ ਅਤੇ ਥਾਣਾ ਬਲੌਂਗੀ ਦੀਆਂ ਟੀਮਾਂ ਵਲੋਂ ਜੰਡਪੁਰ-ਮਨਾਣਾ ਰੋਡ 'ਤੇ ਨਾਕਾ ਲਗਾ ਕੇ ਉਕਤ ਤਿੰਨੋਂ ਦੋਸ਼ੀਆਂ ਨੂੰ ਕਾਬੂ ਕਰ ਲਿਆ। ਮੁਢਲੀ ਜਾਂਚ ਦੌਰਾਨ ਮ੍ਰਿਤਕ ਦੀ ਪਤਨੀ ਸ਼ਬਾਨਾ ਨੇ ਦਸਿਆ ਕਿ ਸਾਲ 2005 ਵਿਚ ਉਸ ਦਾ ਵਿਆਹ ਮੁਹੰਮਦ ਕਿਊਸ ਜ਼ਿਲ੍ਹਾ ਬਿਜਨੌਰ (ਯੂਪੀ) ਨਾਲ ਘਰਦਿਆਂ ਦੀ ਮਰਜ਼ੀ ਤੋਂ ਬਗੈਰ ਹੋਇਆ ਸੀ ਅਤੇ ਉਸ ਦੇ ਤਿੰਨ ਲੜਕੇ ਅਤੇ ਇਕ ਲੜਕੀ ਵੀ ਹੈ। ਵਿਆਹ ਤੋਂ ਬਾਅਦ ਕਾਫ਼ੀ ਸਮਾਂ ਦਿੱਲੀ ਵਿਖੇ ਗੁਜਾਰਨ ਤੋਂ ਬਾਅਦ ਉਹ ਖਰੜ ਵਿਖੇ ਆ ਕੇ ਰਹਿਣ ਲੱਗ ਪਏ। ਉਸ ਦਾ ਪਤੀ ਨਸ਼ਾ ਕਰ ਕੇ ਉਸ ਨੂੰ ਅਤੇ ਬੱਚਿਆਂ ਨੂੰ ਕਾਫ਼ੀ ਕੁੱਟਦਾ ਸੀ, ਜਿਸ ਕਾਰਨ ਉਹ ਹਮੇਸ਼ਾਂ ਪ੍ਰੇਸ਼ਾਨ ਰਹਿੰਦੀ ਸੀ। ਇਸ ਲਈ ਉਸ ਨੇ ਆਪਣੀ ਭੈਣ ਨਾਲ ਮਿਲ ਕੇ ਪਤੀ ਨੂੰ ਮਾਰਨ ਦੀ ਵਿਊਂਤ ਬਣਾਈ। 

ਉਸ ਨੇ ਦਸਿਆ ਕਿ ਉਸ ਦੀ ਭੈਣ ਸ਼ਬਨਮ ਦੇ ਪ੍ਰੇਮੀ ਮੁਹੰਮਦ ਗੁਲਜ਼ਾਰ ਨੇ ਨੀਂਦ ਦੀਆਂ ਗੋਲੀਆਂ ਲਿਆ ਕੇ ਦਿਤੀਆਂ ਜੋ ਕਿ ਉਸ ਨੇ ਸ਼ਰਾਬ ਵਿਚ ਮਿਲਾ ਕੇ ਅਪਣੇ ਪਤੀ ਨੂੰ ਦੇ ਦਿਤੀਆਂ। ਜਿਸ ਉਪਰੰਤ ਉਹ ਬੱਚਿਆਂ ਸਮੇਤ ਆਪਣੀ ਕਾਰ ਵਿਚ ਸਵਾਰ ਹੋ ਕੇ ਚੰਡੀਗੜ੍ਹ ਲਈ ਰਵਾਨਾ ਹੋ ਗਏ। ਇਸ ਦੌਰਾਨ ਬਹੁਤ ਜ਼ਿਆਦਾਂ ਨਸ਼ੇ ਵਿਚ ਹੋਣ ਕਾਰਨ ਉਸ ਦੇ ਪਤੀ ਨੇ ਕਾਰ ਚੰਡੀਗੜ੍ਹ ਵਿਖੇ ਇਕ ਫ਼ੁੱਟਪਾਥ 'ਤੇ ਚੜ੍ਹਾ ਦਿਤੀ ਅਤੇ ਉਨ੍ਹਾਂ ਨੂੰ ਜ਼ਖ਼ਮੀ ਹਾਲਤ ਵਿਚ ਸਰਕਾਰੀ ਹਸਪਤਾਲ ਸੈਕਟਰ-16 ਵਿਖੇ ਲਿਜਾਇਆ ਗਿਆ। ਉੱਥੋਂ ਮੱਲਮ ਪੱਟੀ ਕਰਵਾਉਣ ਉਪਰੰਤ ਉਹ ਵਾਪਸ ਅਪਣੇ ਜੰਡਪੁਰ ਸਥਿਤ ਘਰ ਆ ਗਏ। ਘਰ ਪੁੱਜ ਕੇ ਸਵੇਰੇ ਲਗਭਗ 4 ਵਜੇ ਉਸ ਦੀ ਭੈਣ ਨੇ ਅਪਣੇ ਪ੍ਰੇਮੀ ਮੁਹੰਮਦ ਗੁਲਜ਼ਾਰ ਨੂੰ ਬੁਲਾਇਆ ਅਤੇ ਉਹ ਦੋਵੇਂ ਉਸ ਦੇ ਪਤੀ ਨੂੰ ਮੋਟਸਾਇਕਲ 'ਤੇ ਬਿਠਾ ਕੇ ਪਿੰਡ ਹੂਸੈਨਪੁਰ ਵਿਖੇ ਸੁੰਨਸਾਨ ਜਗ੍ਹਾਂ 'ਤੇ ਲੈ ਗਏ ਅਤੇ ਉੱਥੇ ਲੋਹੇ ਦੀ ਰਾਡ ਅਤੇ ਚਾਕੂਆਂ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿਤਾ।ਪੁਲਿਸ ਵਲੋਂ ਦੋਸ਼ੀਆਂ ਦੀ ਨਿਸ਼ਾਨਦੇਹੀ 'ਤੇ ਵਾਰਦਾਤ ਮੌਕੇ ਵਰਤੇ ਗਏ ਦੋਵੇਂ ਚਾਕੂ ਅਤੇ ਖ਼ੂਨ ਨਾਲ ਲੱਥਪੱਥ ਕਪੜੇ ਆਦਿ ਬਰਾਮਦ ਕਰ ਲਏ ਹਨ। ਪੁਲਿਸ ਵਲੋਂ ਤਿੰਨਾਂ ਦੋਸ਼ੀਆਂ ਵਿਰੁੱਧ ਧਾਰਾ 302 ਤਹਿਤ ਮਾਮਲਾ ਦਰਜ ਕਰ ਕੇ ਹਿਰਾਸਤ ਵਿਚ ਰਖਿਆ ਗਿਆ ਹੈ ਜਿਨ੍ਹਾਂ ਨੂੰ ਕਿ ਐਤਵਾਰ ਨੂੰ ਮਾਨਯੋਗ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਇਸ ਮੌਕੇ ਡੀਐੱਸਪੀ ਖਰੜ ਦੀਪ ਕਮਲ ਸਮੇਤ ਹੋਰ ਪੁਲਿਸ ਅਧਿਕਾਰੀ ਮੌਜੂਦ ਸਨ।