ਪੁਲਿਸ ਰੀਮਾਂਡ ਤੋਂ ਬਾਅਦ ਡੇਰਾ ਦੇ ਸੰਚਾਲਕ ਜ਼ੋਰਾ ਸਿੰਘ ਨੂੰ ਭੇਜਿਆ ਜੇਲ

ਖ਼ਬਰਾਂ, ਪੰਜਾਬ


ਰਾਮਪੁਰਾ ਫੂਲ, 9 ਸਤੰਬਰ (ਕੁਲਜੀਤ ਸਿੰਘ ਢੀਗਰਾ): ਸੌਦਾ ਸਾਧ ਦੇ ਸਲਾਬਤਪੁਰਾ ਡੇਰੇ ਦੇ ਸੰਚਾਲਕ ਜ਼ੋਰਾ ੰਿਸੰਘ ਆਦਮਪੁਰਾ ਨੂੰ ਫੂਲ ਪੁਲਿਸ ਵਲੋਂ ਇਕ ਦਿਨਾਂ ਰੀਮਾਂਡ ਤੋਂ ਬਾਅਦ ਅੱਜ ਅਦਾਲਤ ਵਿਚ ਪੇਸ਼ ਕੀਤਾ ਗਿਆ। ਥਾਣਾ ਫੂਲ ਦੇ ਐਸ ਐਚ ਓ ਭੁਪਿੰਦਰ ਸਿੰਘ ਬਰਾੜ ਨੇ ਦਸਿਆ ਕਿ ਜ਼ੋਰਾ ਸਿੰਘ ਆਦਮਪੁਰਾ ਨੂੰ 22 ਸਤੰਬਰ ਤਕ ਜੁਡੀਸ਼ੀਅਲ ਰੀਮਾਂਡ 'ਤੇ ਬਠਿੰਡਾ ਜੇਲ ਭੇਜ ਦਿਤਾ ਹੈ। ਜ਼ਿਕਰਯੋਗ ਹੈ ਕਿ 25 ਅਗੱਸਤ ਨੂੰ ਸੌਦਾ ਸਾਧ ਦੇ ਵਿਰੋਧ ਵਿਚ ਆਏ ਫ਼ੈਸਲੈ ਕਾਰਨ ਦਿੱਲੀ ਸਮੇਤ ਪੰਜਾਬ ਹਰਿਆਣਾ ਦੇ ਕਈ ਸ਼ਹਿਰਾਂ ਵਿਚ ਭੰਨਤੋੜ, ਅੱਗਜ਼ਨੀ ਦੀਆਂ ਘਟਨਾਵਾਂ ਵਾਪਰੀਆਂ ਸਨ।

ਇਸੇ ਕੜੀ ਤਹਿਤ ਹੀ ਪਿੰਡ ਭਾਈਰੂਪਾ ਦੇ ਸੇਵਾ ਕੇਂਦਰ ਨੂੰ ਪ੍ਰੇਮੀਆਂ ਨੇ ਪਟਰੌਲ ਬੰਬ ਨਾਲ ਅੱਗ ਦੇ ਹਵਾਲੇ ਕਰ ਦਿਤਾ ਸੀ ਜਿਸ ਤਹਿਤ ਜ਼ੋਰਾ ਸਿੰਘ ਸਮੇਤ ਸੱਤ ਵਿਆਕਤੀਆਂ ਤੇ ਵੱਖ ਵੱਖ ਧਰਾਵਾਂ ਅਧੀਨ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ । ਉਕਤ ਕਥਿਤ ਦੋਸ਼ੀਆਂ ਵਿਚੋਂ ਛੇ ਵਿਅਕਤੀ ਪਹਿਲਾ ਹੀ ਜੇਲ ਜਾ ਚੁੱਕੇ ਹਨ ਤੇ ਹੁਣ ਜ਼ੋਰਾ ਸਿੰਘ 'ਤੇ ਦੇਸ਼ ਧ੍ਰੋਹ ਦਾ ਮੁਕੱਦਮਾ ਦਰਜ ਕਰ ਕੇ 22 ਸਤੰਬਰ ਤਕ ਜੁਡੀਸ਼ੀਅਲ ਰੀਮਾਂਡ 'ਤੇ ਬਠਿੰਡਾ ਜੇਲ ਭੇਜ ਦਿਤਾ ਹੈ । ਹੁਣ ਤਕ ਇਸ ਮਾਮਲੇ ਵਿਚ ਸੱਤ ਗ੍ਰਿਫ਼ਤਾਰੀਆਂ ਹੋ ਚੁਕੀਆਂ ਹਨ।