ਪੁਰਾਣੀ ਅਤੇ 'ਦੇਸੀ ਲੁੱਕ' ਪਸੰਦ ਆ ਰਹੀ ਹੈ ਪੰਜਾਬੀਆਂ ਨੂੰ

ਖ਼ਬਰਾਂ, ਪੰਜਾਬ

ਇਤਿਹਾਸ ਆਪਣੇ ਆਪ ਨੂੰ ਦੁਹਰਾਉਂਦਾ ਹੈ। ਜੇਕਰ ਬੀਤੇ ਕੁਝ ਸਮੇਂ 'ਤੇ ਝਾਤ ਮਾਰੀਏ ਤਾਂ ਇਹ ਗੱਲ ਸਮਝ ਆ ਜਾਵੇਗੀ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਪੁਰਾਣੇ ਪੰਜਾਬੀ ਪਹਿਰਾਵੇ ਦੀ। ਚਾਹੇ ਫ਼ਿਲਮਾਂ ਦੀ ਗੱਲ ਹੋਵੇ, ਚਾਹੇ ਗੀਤਾਂ ਦੀ ਅਤੇ ਚਾਹੇ ਸਾਡਾ ਰੋਜ਼ਾਨਾ ਦਾ ਮਾਹੌਲ, ਪੁਰਾਤਨ ਦਿੱਖ ਅੱਜ ਮੁਡ਼ ਤੋਂ ਸੁਰਜੀਤ ਹੋ ਰਹੀ ਹੈ। ਪੱਗਾਂ ਬੰਨ੍ਹਣ ਦੇ ਅੰਦਾਜ਼, ਕੱਪਡ਼ਿਆਂ, ਜੁੱਤੀਆਂ ਦੀ ਚੋਣ, ਹਰ ਚੀਜ਼ ਵਿੱਚ ਪੁਰਾਣੀ ਦਿੱਖ ਮੁਡ਼ ਤੋਂ ਰੁਝਾਨ ਵਿੱਚ ਹੈ।  

ਪਹਿਲਾਂ ਗੱਲ ਕਰਦੇ ਹਾਂ ਫ਼ਿਲਮਾਂ ਦੀ। ਅਮਰਿੰਦਰ ਗਿੱਲ ਦੀ ਅੰਗਰੇਜ਼ ਅਤੇ ਲਾਹੌਰੀਏ, ਐਮੀ ਵਿਰਕ ਦੀ ਨਿੱਕਾ ਜ਼ੈਲਦਾਰ 2 ਅਤੇ ਬੰਬੂਕਾਟ, ਤਰਸੇਮ ਜੱਸਡ਼ ਦੀ ਰੱਬ ਦਾ ਰੇਡੀਓ ਅਤੇ ਸਰਦਾਰ ਮੁਹੰਮਦ ਅਤੇ ਗਿੱਪੀ ਗਰੇਵਾਲ ਦੀ ਮੰਜੇ ਬਿਸਤਰੇ। ਇਹਨਾਂ ਸਾਰੀਆਂ ਫ਼ਿਲਮਾਂ ਵਿੱਚ ਪੰਜਾਬ ਦੇ ਬੀਤੇ ਦੌਰ ਦੀ ਝਲਕ ਦੇਖਣ ਨੂੰ ਮਿਲੀ। ਅੰਗਰੇਜ਼ ਅਤੇ ਬੰਬੂਕਾਟ ਜਿੱਥੇ ਅੱਜ ਤੋਂ 70-80 ਜਾਂ 100 ਸਾਲ ਪਹਿਲਾਂ ਦੇ ਪੰਜਾਬ ਦਾ ਮਾਹੌਲ ਸਿਰਜਿਆ ਗਿਆ ਸੀ ਉੱਥੇ ਹੀ ਮੰਜੇ ਬਿਸਤਰੇ ਵਿੱਚ 30-35 ਸਾਲ ਪਹਿਲਾਂ ਦਾ ਪੰਜਾਬੀ ਰਹਿਣ-ਸਹਿਣ ਦਿਖਾਇਆ ਗਿਆ ਸੀ। ਲਾਹੌਰੀਏ ਅਤੇ ਸਰਦਾਰ ਮੁਹੰਮਦ ਦੀਆਂ ਕਹਾਣੀਆਂ ਆਜ਼ਾਦੀ ਦੇ ਦਹਾਕੇ ਨਾਲ ਜੁਡ਼ੀਆਂ ਹੋਈਆਂ ਸੀ।
ਨੌਜਵਾਨ ਪੀਡ਼੍ਹੀ ਅੱਜ ਇਹਨਾਂ ਫ਼ਿਲਮਾਂ ਵਿੱਚ ਪੁਰਾਣੇ ਸਮਿਆਂ ਵਾਂਗ ਹੀ ਵੱਟਾਂ ਵਾਲੀਆਂ, ਪਟਿਆਲਾ ਸ਼ਾਹੀ ਪੱਗਾਂ ਅਤੇ ਕੱਪਡ਼ੇ ਪਹਿਨੀ ਦਿਖਾਈ ਦਿੰਦੀ ਹੈ। ਵੱਟਾਂ ਵਾਲੀਆਂ ਪੱਗਾਂ ਦੇ ਨਾਲ ਹਲਕੀ ਉੱਚੀ ਪੈਂਟ ਅਸੀਂ ਬਲੈਕ ਐਂਡ ਵ੍ਹਾਈਟ ਫ਼ਿਲਮਾਂ ਵਿੱਚ ਦੇਖਦੇ ਸੀ ਅਤੇ ਅੱਜ ਇਹੀ ਸਟਾਈਲ ਸਭ ਤੋਂ ਮਸ਼ਹੂਰ ਹੋ ਰਿਹਾ ਹੈ।


ਦਿਲਚਸਪ ਗੱਲ ਇਹ ਹੈ ਕਿ ਇਹ ਦਿੱਖ ਵੀ ਦੁਬਾਰਾ ਤੋਂ ਨੌਜਵਾਨਾਂ ਨੂੰ ਆਕਰਸ਼ਿਤ ਕਰਨ 'ਚ ਸਫਲ ਰਹੀ ਹੈ ਅਤੇ ਅਜਿਹੇ ਵਿਸ਼ਿਆਂ 'ਤੇ ਆਧਾਰਿਤ ਫ਼ਿਲਮਾਂ ਅਤੇ ਗੀਤ ਵੀ ਸੁਪਰਹਿੱਟ ਰਹੇ ਹਨ। ਬੀਤੇ ਸਮੇਂ ਦੇ ਪੰਜਾਬੀ ਵਿਰਸੇ ਦੀ ਝਲਕ ਦਿਖਾਉਂਦੇ ਵੱਡੇ ਬਜਟ ਦੇ ਥੀਮ ਵਿਆਹ ਵੀ ਅਕਸਰ ਸੁਣਨ ਅਤੇ ਦੇਖਣ ਨੂੰ ਮਿਲਦੇ ਹਨ। ਪ੍ਰੀ-ਵੈਡਿੰਗ ਸ਼ੂਟ ਦੌਰਾਨ ਵੀ ਜੋਡ਼ਿਆਂ ਦੀ ਪਹਿਲ ਪੰਜਾਬੀ ਸੱਭਿਆਚਾਰਕ ਪਹਿਰਾਵੇ ਅਤੇ ਰਹਿਣ-ਸਹਿਣ ਵੱਲ ਹੀ ਹੁੰਦੀ ਹੈ।
ਇੱਕ ਹਲਕਾ ਫੁਲਕਾ ਪੱਖ ਵੀ ਇੱਥੇ ਵਿਚਾਰਨ ਯੋਗ ਹੈ ਕਿ ਮਰਦਾਂ ਦੇ ਪਹਿਰਾਵੇ ਦੇ ਵਿਕਲਪ ਸੀਮਤ ਹੀ ਹਨ ਜਿਹਡ਼ੇ ਕੁਝ ਕੁ ਸਾਲਾਂ ਜਾਂ ਦਹਾਕੇ ਬਾਅਦ ਮੁਡ਼ ਚਲਣ ਵਿੱਚ ਆਉਂਦੇ ਹਨ ਜਿਸਦੇ ਮੁਕਾਬਲੇ ਔਰਤਾਂ ਦੇ ਪਹਿਰਾਵੇ ਦੇ ਵਿਕਲਪ ਹਮੇਸ਼ਾ ਹੀ ਵੱਧ ਰਹਿੰਦੇ ਹਨ।  


ਇਸ 'ਰੈਟਰੋ' ਦਿੱਖ ਦਾ ਸਭ ਤੋਂ ਵੱਡਾ ਅਸਰ ਜਿਹਡ਼ਾ ਦੇਖਣ ਨੂੰ ਮਿਲਿਆ ਹੈ ਉਹ ਇਹ ਹੈ ਕਿ ਅੱਜ ਮੋਨੇ ਮੁੰਡੇ ਵੀ ਵੱਟਾਂ ਵਾਲੀ ਅਤੇ ਪਟਿਆਲਾ ਸ਼ਾਹੀ ਪੱਗ ਬੰਨ੍ਹਣ ਵਿੱਚ ਮਾਣ ਮਹਿਸੂਸ ਕਰਦੇ ਹਨ। ਕਿੰਨਾ ਚੰਗਾ ਹੋਵੇ ਜੇਕਰ ਗਾਇਕ ਅਤੇ ਗੀਤਕਾਰ ਪੁਰਾਣੇ ਫੈਸ਼ਨ ਵਾਂਗ ਆਪਣੇ ਗੀਤਾਂ ਵਿੱਚ ਹਥਿਆਰ, ਅਸ਼ਲੀਲਤਾ ਅਤੇ ਨਸ਼ਿਆਂ ਦਾ ਗੁਣਗਾਣ ਛੱਡ ਪੁਰਾਣੇ ਸਮੇਂ ਦੇ ਗੀਤਾਂ ਵਾਲੀ ਸਾਦਗੀ ਅਤੇ ਰਸ ਲੈ ਆਉਣ। ਅਜਿਹਾ ਕਰਕੇ ਮਾਂ-ਬੋਲੀ ਦੇ ਸੇਵਾਦਾਰ ਹੋਣ ਦਾ ਦਾਅਵਾ ਕਰਨ ਵਾਲੇ ਕਲਾਕਾਰ ਯਕੀਨਣ ਹੀ ਮਾਂ-ਬੋਲੀ ਅਤੇ ਸੱਭਿਆਚਾਰ ਦੀ ਮਿਸਾਲਦਾਇਕ ਸੇਵਾ ਕਰਨਗੇ।