ਪੁੱਤਰ ਨੇ ਕੀਤਾ ਪਿਤਾ ਦਾ ਕਤਲ

ਖ਼ਬਰਾਂ, ਪੰਜਾਬ



ਧੂਰੀ, 8 ਸਤੰਬਰ (ਰਵਿੰਦਰ ਸਿੰਘ ਕੋਹਲੀ/ਲਖਵੀਰ ਸਿੰਘ ਧਾਂਦਰਾ) : ਇਥੋਂ ਨੇੜਲੇ ਪਿੰਡ ਬਰੜਵਾਲ ਵਿਖੇ ਪੁੱਤਰ ਵਲੋਂ ਅਪਣੇ ਪਿਤਾ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਹਿਚਾਣ ਅਮਰੀਕ ਸਿੰਘ ਢੀਂਡਸਾ ਵਾਸੀ ਬਰੜਵਾਲ ਵਜੋਂ ਹੋਈ ਹੈ।

ਜਾਣਕਾਰੀ ਅਨੁਸਾਰ ਮ੍ਰਿਤਕ ਅਮਰੀਕ ਸਿੰਘ ਦਾ ਅਪਣੇ ਪੁੱਤਰ ਰਾਜਵਿੰਦਰ ਸਿੰਘ ਉਰਫ਼ ਰਾਜੂ ਜੋ ਕਿ ਅਪਣੇ ਪਿਤਾ ਤੋਂ ਵਾਰ-ਵਾਰ ਪੈਸਿਆਂ ਦੀ ਮੰਗ ਕਰਦਾ ਸੀ ਅਤੇ ਮ੍ਰਿਤਕ ਵਲੋਂ ਪੈਸੇ ਨਾ ਦੇਣ ਕਾਰਨ ਘਰੇਲੂ ਕਲੇਸ਼ ਰਹਿੰਦਾ ਸੀ ਜਿਸ ਕਾਰਨ ਜਦੋਂ ਅਮਰੀਕ ਸਿੰਘ ਬੀਤੀ ਰਾਤ ਅਪਣੇ ਘਰ ਵਿਚ ਸੁੱਤਾ ਪਿਆ ਸੀ ਤਾਂ ਉਸ ਦੇ ਪੁੱਤਰ ਰਾਜਵਿੰਦਰ ਸਿੰਘ ਨੇ ਤੇਜ਼ਧਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਕੇ ਉਸ ਦੀ ਲਾਸ਼ ਨੂੰ ਖੇਤਾਂ ਵਿਚ ਸੁੱਟ ਦਿਤਾ।

ਇਸ ਘਟਨਾ ਕਾਰਨ ਜਿਥੇ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਪਾਇਆ ਜਾ ਰਿਹਾ ਹੈ। ਉਥੇ ਮੌਕੇ 'ਤੇ ਪੁੱਜੀ ਧੂਰੀ ਪੁਲਿਸ ਨੇ ਦੋਸ਼ੀ ਵਿਰੁਧ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿਤੀ ਹੈ। ਇਸ ਘਟਨਾ ਸਬੰਧੀ ਥਾਣਾ ਸਦਰ ਧੂਰੀ ਦੇ ਐਸ. ਐਚ. ਓ. ਪਰਮਿੰਦਰ ਸਿੰਘ ਨੇ ਦਸਿਆ ਕਿ ਮ੍ਰਿਤਕ ਅਮਰੀਕ ਸਿੰਘ ਦੇ ਪਿਤਾ ਸ: ਹਰਚਰਨ ਸਿੰਘ ਦੇ ਬਿਆਨਾਂ 'ਤੇ ਦੋਸ਼ੀ ਰਾਜਵਿੰਦਰ ਸਿੰਘ ਵਿਰੁਧ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।