ਰਾਈਫ਼ਲ ਸ਼ੂਟਰ ਅਜੀਤੇਸ਼ ਕੌਸ਼ਲ ਨੂੰ ਪੁਲਿਸ ਸਬ-ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ

ਖ਼ਬਰਾਂ, ਪੰਜਾਬ

ਚੰਡੀਗੜ੍ਹ, 27 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਸੂਬੇ ਵਿਚ ਖੇਡਾਂ ਨੂੰ ਪ੍ਰਫੁੱਲਤ ਕਰਨ ਖ਼ਾਸਕਰ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਨਾਮਣਾ ਖੱਟਣ ਵਾਲੇ ਖਿਡਾਰੀਆਂ ਨੂੰ ਨੌਕਰੀਆਂ ਦੇ ਬਿਹਤਰ ਮੌਕੇ ਪ੍ਰਦਾਨ ਦੇ ਉਦੇਸ਼ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਮੰਤਰੀ ਮੰਡਲ ਨੇ ਅੱਜ ਕੌਮਾਂਤਰੀ ਪ੍ਰਸਿੱਧੀ ਹਾਸਲ ਰਾਈਫ਼ਲ ਸ਼ੂਟਰ ਅਜੀਤੇਸ਼ ਕੌਸ਼ਲ ਨੂੰ ਪੰਜਾਬ ਪੁਲੀਸ ਵਿਚ ਸਬ-ਇੰਸਪੈਕਟਰ ਨਿਯੁਕਤ ਕਰਨ ਦੀ ਪ੍ਰਵਾਨਗੀ ਦੇ ਦਿਤੀ ਹੈ।ਅਜੀਤੇਸ਼ ਕੌਸ਼ਲ ਨੇ ਸੂਬਾਈ, ਕੌਮੀ ਅਤੇ ਕੌਮਾਂਤਰੀ ਪੱਧਰ 'ਤੇ ਹੁਣ ਤਕ 85 ਤਮਗ਼ੇ ਹਾਸਲ ਕੀਤੇ ਹਨ। ਸੂਬੇ ਦੇ ਖੇਡ ਵਿਭਾਗ ਨੇ ਉਸ ਦੇ ਵਿਲੱਖਣ ਖੇਡ ਪ੍ਰਦਰਸ਼ਨ ਲਈ ਉਸ ਨੂੰ 'ਏ' ਗ੍ਰੇਡ ਖਿਡਾਰੀ ਵਜੋਂ ਸ਼੍ਰੇਣੀਬੱਧ ਕੀਤਾ ਅਤੇ ਇਸ ਤੋਂ ਪਹਿਲਾਂ 5.22 ਲੱਖ ਰੁਪਏ ਦੇ ਨਕਦ ਇਨਾਮ ਨਾਲ ਸਨਮਾਨਤ ਵੀ ਕੀਤਾ।ਜ਼ਿਕਰਯੋਗ ਹੈ ਕਿ ਅਜੀਤੇਸ਼ ਦੇ ਪਿਤਾ ਰਾਕੇਸ਼ ਕੌਸ਼ਲ ਪੀ.ਪੀ.ਐਸ. ਅਧਿਕਾਰੀ ਹਨ ਜੋ ਇਸ ਵੇਲੇ ਮੋਹਾਲੀ ਵਿਖੇ ਤੀਜੀ ਬਟਾਲੀਅਨ ਦੇ ਕਮਾਂਡੈਂਟ ਹਨ ਅਤੇ ਉਨ੍ਹਾਂ ਨੇ ਪੰਜਾਬ ਵਿਚ ਅਤਿਵਾਦ ਵਿਰੁਧ ਮੂਹਰੇ ਹੋ ਕੇ ਲੜਾਈ ਲੜੀ।