ਰੰਗਰੇਟਾ ਕਤਲੇਆਮ ( ਕੀ ਅਠਾਰਵੀਂ ਸਦੀ ਦਾ ਪਟਿਆਲਾ-ਪਤੀ ਰਾਜਾ ਆਲਾ ਸਿੰਘ ਨੇ ਕਰਵਾਇਆ)

ਖ਼ਬਰਾਂ, ਪੰਜਾਬ

ਗੁ  ਰਬਾਣੀ ਤੇ ਗੁਰਇਤਿਹਾਸ ਦੀ ਰੌਸ਼ਨੀ ਵਿਚ ਉਂਜ ਤਾਂ ਹਰ 'ਗੁਰਸਿੱਖ' ਗੁਰੂ ਕਾ ਬੇਟਾ ਹੈ ਕਿਉਂਕਿ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਮੂਹ ਗੁਰਸਿੱਖਾਂ ਨੂੰ ਗੁਰੂ ਨਾਨਕ ਸਾਹਿਬ ਦੇ 'ਗੁਰਸਿੱਖ ਪੁੱਤਰੋ' ਕਹਿ ਕੇ ਸੰਬੋਧਨ ਕੀਤਾ ਹੈ। ਜਿਵੇਂ ਗੁਰਵਾਕ ਹੈ “ਜਨ ਨਾਨਕ ਕੇ 'ਗੁਰਸਿਖ ਪੁਤਹਹੁ' ਹਰਿ ਜਪਿਅਹੁ ਹਰਿ ਨਿਸਤਾਰਿਆ£” (ਗੁ.ਗ੍ਰੰ.-ਪੰ.੩੧੨) ਪਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਉਪਰੰਤ ਦਿੱਲੀ ਦਾ ਇਕ ਗੁਰਸਿੱਖ ਭਾਈ ਜੈਤਾ ਉਨ੍ਹਾਂ ਦਾ ਲਹੂ-ਲੁਹਾਨ ਪਾਵਨ ਸੀਸ ਲੈ ਕੇ ਸ੍ਰੀ ਕੀਰਤਪੁਰ ਸਾਹਿਬ ਪਹੁੰਚਿਆ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਜੀ ਮਹਾਰਾਜ ਨੇ ਭਾਈ ਜੀ ਨੂੰ ਗਲੇ ਲਗਾਇਆ ਤੇ ਵਿਸ਼ੇਸ਼ ਨਿਵਾਜ਼ਸ਼ ਭਰਿਆ ਬਚਨ ਕੀਤਾ 'ਰੰਘਰੇਟਾ, ਗਰੂ ਕਾ ਬੇਟਾ'। ਪ੍ਰੰਤੂ ਜਦੋਂ ਤੋਂ ਖ਼ਾਲਸੇ ਦੇ ਸਵਾਮੀ ਦਸਵੇਂ ਪਾਤਸ਼ਾਹ ਨੇ ਪਿਆਰ ਤੇ ਸਤਿਕਾਰ ਸਹਿਤ ਭਾਈ ਜੈਤਾ ਜੀ ਨੂੰ 'ਰੰਘਰੇਟਾ, ਗੁਰੂ ਕਾ ਬੇਟਾ' ਕਹਿ ਕੇ ਨਿਵਾਜਿਆ, ਤਦੋਂ ਤੋਂ ਗੁਰੂ ਕੇ ਸਿੱਖਾਂ ਨੇ ਉਪਰੋਕਤ ਸ਼੍ਰੇਣੀ ਦੇ ਸਾਰੇ ਗੁਰਸਿੱਖ ਭਰਾਵਾਂ ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਦੀ ਮਜਬੂਰੀ ਵਸੋਂ 'ਰੰਘਰੇਟੇ' ਨਾਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿਤੀ। ਭਾਵੇਂ ਕਿ ਪਿਛੋਂ ਜਾ ਕੇ 'ਚੂੜ੍ਹਾ' ਬਰਾਦਰੀ ਦੇ ਪਿਛੋਕੜ ਵਾਲੇ ਗੁਰਸਿੱਖ ਭਰਾਵਾਂ ਨੇ ਰੰਘਰੇਟੇ ਲਫ਼ਜ਼ ਦੀ ਥਾਂ 'ਮਜ਼੍ਹਬੀ' ਅਖਵਾਉਣ ਅਤੇ ਚਮਾਰ ਪਿਛੋਕੜ ਵਾਲਿਆਂ ਨੇ ਅਪਣੇ ਆਪ ਨੂੰ ਰਵਿਦਾਸੀਏ ਅਖਵਾਉਣ ਵਿਚ ਮਾਣ ਮਹਿਸੂਸ ਕਰਨਾ ਸ਼ੁਰੂ ਕਰ ਦਿਤਾ ਕਿਉਂਕਿ ਇਹ ਸਮਝਣ ਲੱਗ ਪਏ ਕਿ ਇਸ ਢੰਗ ਨਾਲ ਅਸੀ ਅਪਣੇ ਤੋਂ ਵੀ ਨੀਚ ਮੰਨੇ ਜਾਂਦੇ ਮੁਸਲਮਾਨ ਪਿਛੋਕੜ ਵਾਲੇ ਰੰਘੜਾਂ ਤੇ ਚੰਡਾਲਾਂ ਤੋਂ ਵਖਰੇ ਹੋ  ਜਾਂਦੇ ਹਾਂ। 

ਇਹੀ ਕਾਰਨ ਹੈ ਕਿ ਮਿਸਲਾਂ ਦੇ ਰਾਜ-ਕਾਲ ਸਮੇਂ ਜਦੋਂ ਮਿਸਲਦਾਰ ਸਰਦਾਰਾਂ ਤੇ ਹੋਰ ਵੱਖ-ਵੱਖ ਇਲਾਕਾ ਵਾਸੀਆਂ ਨੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ-ਤੇੜੇ ਰਹਾਇਸ਼ੀ ਬੁੰਗੇ ਬਣਾਏ ਤਾਂ ਰੰਘਰੇਟੇ ਆਗੂਆਂ ਨੇ ਅਪਣੀ ਵਖਰੀ ਹੋਂਦ ਪ੍ਰਗਟਾਉਣ ਲਈ ਜੋ ਬੰਗਾ ਉਸਾਰਿਆ, ਉਸ ਦਾ ਨਾਂ ਰਖਿਆ 'ਬੁੰਗਾ ਮਜ਼੍ਹਬੀ ਸਿੱਖਾਂ' ਭਾਵੇਂ ਕਿ ਇਹ ਦੋਵੇਂ ਨਾਂ ਵੀ ਪੰਜਾਬ ਵਿਚ ਖ਼ਾਲਸੇ ਦਾ ਦਬਦਬਾ ਕਾਇਮ ਹੋਣ ਉਪਰੰਤ ਜਾਤ ਅਭਿਮਾਨੀ ਲੋਕਾਂ ਦੇ ਉਵੇਂ ਹੀ ਦਿਤੇ ਹੋਏ ਹਨ ਜਿਵੇਂ ਕਿ ਗਾਂਧੀ ਭਗਤ ਕਾਂਗਰਸੀਆਂ ਨੇ ਵੋਟਾਂ ਦੀ ਖ਼ਾਤਰ ਉਪਰੋਕਤ ਬਰਾਦਰੀਆਂ ਨੂੰ ਅਪਣੇ ਨਾਲ ਜੋੜੀ ਰੱਖਣ ਲਈ 'ਹਰੀਜਨ' ਕਹਿਣਾ ਸ਼ੁਰੂ ਕਰ ਦਿਤਾ ਸੀ। 'ਮਜ਼੍ਹਬੀ' ਪਦ ਦਾ ਅਰਥ ਹੈ- (ਖ਼ਾਲਸਾ) ਮਜ਼੍ਹਬ ਨੂੰ ਧਾਰਨ ਕਰਨ ਵਾਲਾ ਅਤੇ 'ਰਵਿਦਾਸੀਏ' ਦਾ ਅਰਥ ਹੈ-ਭਗਤ ਰਵਿਦਾਸ ਜੀ ਦੀ ਕੁੱਲ ਦਾ।
ਇਸੇ ਲਈ ਸੂਝਵਾਨ ਗੁਰਸਿੱਖ ਕਿਸੇ ਅਜਿਹੇ ਭਰਾ ਦੇ ਪਿਛੋਕੜ ਦੀ ਪਹਿਚਾਣ ਕਰਵਾਉਣ ਵਾਸਤੇ ਮਜਬੂਰੀ ਵੱਸ ਵੀ 'ਚੂੜ੍ਹਾ' ਜਾਂ 'ਮਜ਼੍ਹਬੀ' ਕਹਿਣ ਦੀ ਥਾਂ ਹੁਣ ਤਕ 'ਰੰਘਰੇਟਾ ਸਿੰਘ' ਕਹਿਣਾ ਹੀ ਯੋਗ ਸਮਝਦੇ ਹਨ ਕਿਉਂਕਿ ਇਸ ਪ੍ਰਕਾਰ 'ਰੰਘਰੇਟੇ ਗੁਰੂ ਕੇ ਬੇਟੇ' ਜਾਣਦਿਆਂ ਉਸ ਅੰਦਰ ਭਰਾਤਰੀ ਭਾਵ ਵੀ ਵਧਦਾ ਹੈ। ਇਹੀ ਕਾਰਨ ਹੈ ਕਿ 19ਵੀਂ ਸਦੀ ਦੇ ਪੰਜਵੇਂ ਦਹਾਕੇ ਵਿਚ ਸੰਨ 1841 ਵਿਖੇ ਲਿਖੇ ਰਤਨ ਸਿੰਘ ਭੰਗੂ ਦੇ ਪੰਥ ਪ੍ਰਕਾਸ਼ ਵਿਚ ਇਤਹਾਸਕ ਦ੍ਰਿਸ਼ਟੀਕੋਣ ਤੋਂ ਸਿੱਖ ਜਰਨੈਲ ਸ. ਬੀਰੂ ਸਿੰਘ (ਬੀਰ ਸਿੰਘ) ਦੀ ਵਿਸ਼ੇਸ਼ ਪਹਿਚਾਣ ਕਰਵਾਉਣ ਲਈ 'ਰੰਘਰੇਟਾ' ਵਿਸ਼ੇਸ਼ਣ ਵਰਤਿਆ ਹੈ, ਨਾ ਕਿ 'ਚੂੜ੍ਹਾ' ਜਾਂ 'ਮਜ਼੍ਹਬੀ'। ਹਾਂ ਇਹ ਜਾਣਕਾਰੀ ਜ਼ਰੂਰ ਦਿਤੀ ਹੈ ਕਿ ਅਨਮਤੀ ਲੋਕ (ਗ਼ੈਰ ਸਿੱਖ) ਉਸ ਨੂੰ 'ਚੂੜ੍ਹਾ' ਕਹਿੰਦੇ ਸਨ। ਉਸ ਪਾਸ 1300 ਘੋੜ ਸਵਾਰ ਸਿੰਘਾਂ ਦਾ ਜਥਾ ਸੀ ਅਤੇ ਉਹ ਅਪਣੇ ਜਥੇ  ਦਾ ਨਿਸ਼ਾਨ ਤੇ ਨਗਾਰਾ ਵਖਰਾ ਰਖਦਾ ਸੀ। ਭਾਈ ਵੀਰ ਸਿੰਘ ਸਾਹਿਤ ਸਦਨ ਵਲੋਂ ਪ੍ਰਕਾਸ਼ਤ ਸੰਨ 1993 ਦੀ ਨਵੀਂ ਐਡੀਸ਼ਨ ਦੀ ਲਿਖਤ ਹੈ :-

ਹੁਤ ਰੰਘਰੇਟੋ, ਚੂਹੜੋ ਕਹਿ, ਬੀਰੂ ਸਿੰਘ ਜਵਾਨ£
ਸੰਗ ਤੇਰਾਂ ਸੌ ਘੋੜਾ ਚੜ੍ਹੈ, ਹੁਤ ਨਗਾਰੋ ਜੁਦੋ ਨਿਸ਼ਾਨ£Ð(ਪੰ.੪੬੯)
ਇਹ ਵੀ ਜ਼ਿਕਰ ਹੈ ਕਿ ਕਿਸੇ ਵੇਲੇ ਤੁਰਕਾਂ ਦੀ ਚਾਲ ਵਿਚ ਫਸ ਕੇ ਜਥੇ ਸਮੇਤ ਉਹ ਤੁਰਕਾਂ ਨਾਲ ਜਾ ਰਲਿਆ ਤੇ ਉਨ੍ਹਾਂ ਦੀ ਨੌਕਰੀ ਵੀ ਕਬੂਲ ਕਰ ਲਈ ਭਾਵੇਂ ਕਿ ਜੱਸਾ ਸਿੰਘ ਰਾਮਗੜ੍ਹੀਏ ਵਾਂਗ ਉਹ ਛੇਤੀ ਹੀ ਸੰਭਲ ਗਿਆ ਅਤੇ ਖ਼ਾਲਸਈ ਸਨੇਹ ਪ੍ਰਗਟਾਉਂਦਾ ਹੋਇਆ ਵਾਪਸ ਸਿੱਖ ਭਰਾਵਾਂ ਵਿਚ ਆ ਮਿਲਿਆ :
ਏਕ ਸਮੇਂ ਬੀਰੂ ਸਿੰਘ ਭੀ, ਜਾਇ ਰਲਯੋ ਤੁਰਕਨ ਕੇ ਨਾਲ£
ਤੇਰਾਂ ਸੌ ਘੋੜ ਉਨੈਂ, ਰਖਯੋ ਚਾਕਰ ਤਤਕਾਲ£Ð(ਪੰ.੪੬੯)

ਪਰ ਅਜਿਹਾ ਹੋਣ ਦੇ ਬਾਵਜੂਦ ਵੀ ਖ਼ਾਲਸਾ ਪੰਥ ਵਿਚ ਉਸ ਦਾ ਕਿੰਨਾ ਸਤਿਕਾਰ ਸੀ, ਇਸ ਸਬੰਧ ਵਿਚ ਇਕ ਬੜੀ ਮਹੱਤਵ ਪੂਰਨ ਘਟਨਾ ਦਾ ਵਰਨਣ ਹੈ 'ਪ੍ਰਾਚੀਨ ਪੰਥ ਪ੍ਰਕਾਸ਼' ਵਿਚ। ਲਿਖਿਆ ਹੈ ਜਦੋਂ ਕਿਤੇ ਪੰਥ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਿੱਖ ਰਾਜੇ ਆਲਾ ਸਿੰਘ ਪਟਿਆਲੇ ਵਾਲੇ ਨੂੰ ਕਿਸੇ ਰਾਜਨੀਤਕ ਭੁੱਲ ਲਈ ਬਖ਼ਸ਼ਿਆ ਤਾਂ ਉਸ ਨੇ ਖ਼ੁਸ਼ੀ ਵਿਚ ਸਿੱਖ ਜਰਨੈਲਾਂ ਨੂੰ ਵਧੀਆ ਘੋੜੇ ਵੰਡੇ। ਅਜਿਹੀ ਵੰਡ ਸਮੇਂ ਜੱਸਾ ਸਿੰਘ ਆਹਲੂਵਾਲੀਆ ਵਰਗੇ ਮੋਢੀ ਤੇ ਮੁਖੀ ਸਰਦਾਰਾਂ ਨੂੰ ਛੱਡ ਕੇ ਸੱਭ ਤੋਂ ਪਹਿਲਾ ਘੋੜਾ ਸ. ਬੀਰੂ ਸਿੰਘ ਰੰਘਰੇਟੇ ਦੇ ਹੱਥ ਫੜਾਇਆ ਅਤੇ ਬਾਕੀਆਂ ਨੂੰ ਉਸ ਤੋਂ ਪਿਛੋਂ ਵੰਡੇ ਗਏ। ਉਨ੍ਹਾਂ ਦਾ ਅਜਿਹਾ ਸਤਿਕਾਰ ਸਦਾ ਇਸ ਲਈ ਕੀਤਾ ਜਾਂਦਾ ਸੀ ਕਿਉਂਕਿ ਇਹ ਤੁਰਕਾਂ ਨਾਲ ਹੋਣ ਵਾਲੇ ਯੁੱਧਾਂ ਵਿਚ ਸੱਭ ਤੋਂ ਮੂਹਰੇ ਹੋ ਕੇ ਲੜਦਾ ਸੀ। ਉਨ੍ਹਾਂ ਦੀ ਇਸ ਦਲੇਰੀ ਨੂੰ ਪੰਥ ਕਦੇ ਵੀ ਭੁਲਦਾ ਨਹੀਂ ਸੀ। ਭੰਗੂ ਜੀ ਦੇ ਲਫ਼ਜ਼ ਹਨ:
ਪਹਿਲੋਂ ਘੋੜੋ ਉਸੈ ਫੜਵਾਯੋ£
ਪਾਛੈ ਔਰ ਸੁ ਪੰਥ ਬਰਤਾਯੋ£
ਸੋ ਜੰਗ ਦੌੜ ਮਧ ਮੁਹਰੇ ਰਹੇ£
ਉਸ ਯਾਦ ਕਰ ਪੰਥ ਪਹਿਲੋਂ ਦਏ£ (ਪੰ.੪੬੯)
ਪਰ ਬਹੁਤ ਦੁੱਖ ਦੀ ਗੱਲ ਹੈ ਕਿ ਅਪਣੇ ਆਪ ਨੂੰ ਸ਼ਹੀਦ ਬਾਬਾ ਜੀਵਨ ਸਿੰਘ (ਭਾਈ ਜੈਤਾ ਜੀ) ਅਤੇ ਸ. ਬੀਰੂ ਸਿੰਘ ਉਰਫ਼ ਬੀਰ ਸਿੰਘ ਬੰਗਸ਼ੀ ਦੇ ਵਾਰਸ ਸਦਾਉਣ ਵਾਲੇ ਕੁੱਝ ਲੋਕ ਧੜੇਬੰਦੀ ਤੇ ਸੁਆਰਥ ਵਸ ਦਲਿਤ-ਵਿਰੋਧੀ ਤੇ ਪੰਥ-ਵਿਰੋਧੀ ਸਾਜ਼ਿਸ਼ਾਂ ਦਾ ਸ਼ਿਕਾਰ ਹੋ ਰਹੇ ਹਨ। ਅਜਿਹਾ ਖ਼ਤਰਨਾਕ ਪ੍ਰਚਾਰ ਕਰ ਰਹੇ ਹਨ ਕਿ ਪੰਜਾਬ ਦੇ ਅਜੋਕੇ ਮੁਖ ਮੰਤਰੀ ਕੈਪਟਨ ਅਰਮਿੰਦਰ ਸਿੰਘ ਦੇ ਪੜਦਾਦਾ ਤੇ ਪਟਿਆਲਾ ਰਿਆਸਤ ਦੇ ਬਾਨੀ ਸ. ਆਲਾ ਸਿੰਘ ਅਤੇ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਦਾਦਾ ਸ੍ਰ ਚੜ੍ਹਤ ਸਿੰਘ ਸ਼ੁਕਰਚਕੀਏ ਨੇ 2 ਸਤੰਬਰ 1764 ਨੂੰ ਸ੍ਰੀ ਅਕਾਲ ਤਖ਼ਤ ਅੰਮ੍ਰਿਤਸਰ ਵਿਖੇ ਧੋਖੇ ਨਾਲ ਜਥੇਦਾਰ ਬੀਰ ਸਿੰਘ ਬੰਗਸ਼ੀ ਸਮੇਤ 500 ਰੰਘਰੇਟੇ ਸਿੱਖਾਂ ਦਾ ਕਤਲ ਕਰ ਦਿਤਾ ਗਿਆ ਸੀ, ਜੋ ਕਿ ਬਿਲਕੁਲ ਕੋਰਾ ਤੇ ਕਲਪਤ ਝੂਠ ਹੈ। ਇਹ ਵੀ ਲਿਖਿਆ ਹੈ ਇਨ੍ਹਾਂ ਨੇ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਾਂ ਦੀ ਦੁਰਵਰਤੋਂ ਕਰਦਿਆਂ ਸ. ਬੀਰ ਸਿੰਘ ਨੂੰ ਨਕਲੀ ਚਿੱਠੀ ਲਿਖ ਕੇ ਸ੍ਰੀ ਅੰਮ੍ਰਿਤਸਰ ਬੁਲਾਇਆ ਸੀ। ਪ੍ਰਸਿੱਧ ਇਤਿਹਾਸਕਾਰ ਡਾ. ਦਿਲਗੀਰ ਨੇ ਲਿਖਿਆ ਹੈ ਕਿ ਇਹ ਫੁੱਟ-ਪਾਊ ਗੱਪ ਕਿਸੇ ਗੁਰਨਾਮ ਸਿੰਘ ਮੁਕਤਸਰ ਨਾਂ ਦੇ ਲੇਖਕ ਨੇ 'ਬ੍ਰੀਫ਼ ਹਿਸਟਰੀ ਆਫ਼ ਮਜ਼੍ਹਬੀ ਸਿਖਜ਼' (ਮਜ਼੍ਹਬੀ ਸਿੱਖਾਂ ਦਾ ਇਤਿਹਾਸ) ਨਾਂ ਦੀ ਪੁਸਤਕ ਵਿਚ ਲਿਖੀ ਹੈ। ਸੱਚ ਤਾਂ ਇਹ ਹੈ ਕਿ ਉਸ ਨੇ ਪ੍ਰਾਚੀਨ ਪੰਥ ਪ੍ਰਕਾਸ਼ ਦੇ ਜਿਹੜੇ ਅੰਤਲੇ ਦੋ ਪੰਨਿਆਂ ਦੀ ਲਿਖਤ ਨੂੰ ਅਧਾਰ ਬਣਾਇਆ ਹੈ, ਉਥੇ ਉਪਰੋਕਤ ਕਿਸਮ ਦਾ ਕੋਈ ਵਰਨਣ ਨਹੀਂ ਹੈ। ਨਾ ਕਿਸੇ ਸੰਨ-ਸੰਮਤ ਦਾ, ਨਾ ਕਿਸੇ ਸਥਾਨ ਦਾ, ਨਾ ਹੀ ਸ੍ਰ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਕਿਸੇ ਆਗੂ ਵਲੋਂ ਬੁਲਾਉਣ ਦਾ ਅਤੇ ਨਾ ਹੀ ਬੀਰ ਸਿੰਘ ਸਮੇਤ ਕਤਲ ਹੋਣ ਵਾਲੇ 500 ਸਿੰਘਾਂ ਦੀ ਗਿਣਤੀ ਦਾ।

ਇਸ ਪੱਖੋਂ ਸੱਭ ਤੋਂ ਪਹਿਲਾ ਤੇ ਅਹਿਮ ਸਵਾਲ ਇਹ ਖੜਾ ਹੁੰਦਾ ਹੈ ਕਿ ਫ਼ਰਵਰੀ 1762 ਵਿਚ ਜਾਂ ਇਉਂ ਕਹੀਏ ਕਿ ਉਪਰੋਕਤ ਘਟਨਾ ਦੇ ਦਿਤੇ ਹੋਏ ਨਕਲੀ ਸੰਨ ਤੋਂ ਅਜੇ ਦੋ ਸਾਲ ਪਹਿਲਾਂ 30 ਹਜ਼ਾਰ ਤੋਂ ਵੱਧ ਲਗਭਗ ਅੱਧੀ ਸਿੱਖ ਕੌਮ ਦੁਸ਼ਮਣਾਂ ਵਲੋਂ ਸ਼ਹੀਦ ਕਰ ਦਿਤੀ ਗਈ ਹੋਵੇ। ਉਸ ਵੇਲੇ ਸ. ਚੜ੍ਹਤ ਸਿੰਘ ਵਰਗਾ ਕਿਹੜਾ ਮੁਖੀ ਸਿੱਖ ਆਗੂ ਅਜਿਹਾ ਮੂਰਖ਼ਤਾ ਭਰਿਆ ਨਿਰਦਈ ਕਾਰਾ ਕਰ ਸਕਦਾ ਹੈ? ਫਿਰ 500 ਸੂਰਬੀਰ ਵੀ ਉਹ ਜਿਹੜੇ ਸੱਭ ਤੋਂ ਮੂਹਰੇ ਹੋ ਕੇ ਜੂਝਣ ਵਾਲੇ ਹੋਣ ਅਤੇ ਜਿਨ੍ਹਾਂ ਦੀ ਸੂਰਮਗਤੀ ਕਾਰਨ ਰਾਜਾ ਆਲਾ ਸਿੰਘ ਸਮੇਤ ਸਾਰਾ ਪੰਥ ਸਤਿਕਾਰ ਕਰਦਾ ਹੋਵੇ। ਫਿਰ ਅਸਥਾਨ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਰਗਾ, ਜਿਥੇ ਸਾਰੇ ਸਿੱਖ ਜਰਨੈਲ ਇਕ ਦੂਜੇ ਨਾਲ ਸਿਰ ਵਢਵੇਂ ਵੈਰ ਹੋਣ ਦੇ ਬਾਵਜੂਦ ਵੀ ਏਨਾ ਵਿਸ਼ਵਾਸ਼ ਕਰਦੇ ਹੋਣ ਕਿ ਇਥੇ ਕੋਈ ਵੀ ਗੁਰਸਿੱਖ ਭਰਾ ਕਿਸੇ ਦੂਜੇ ਭਰਾ ਉਤੇ ਮਾਰੂ ਵਾਰ ਨਹੀਂ ਸੀ ਕਰਦਾ।

ਉਪਰੋਕਤ ਕਿਸਮ ਦੀਆਂ ਪੰਥ ਵਿਰੋਧੀ ਤੇ ਦਲਿਤ ਵਿਰੋਧੀ ਬਿਪਰਵਾਦੀ ਸਰਕਾਰੀ ਸਾਜ਼ਸ਼ਾਂ ਦਾ ਸ਼ਿਕਾਰ ਹੋਣ ਵਾਲੇ ਭੁੱਲੜ ਰੰਘਰੇਟੇ ਵੀਰੋ! ਗ਼ਰੀਬ ਨਿਵਾਜ਼ ਸਤਿਗੁਰੂ ਸਾਹਿਬਾਨ ਤੇ ਖ਼ਾਲਸਾ ਪੰਥ ਵਲੋਂ ਮਿਲੇ ਪਿਆਰ, ਸਤਿਕਾਰ ਤੇ ਅਪਣੇ ਪ੍ਰਤੀ ਖ਼ਾਲਸਈ ਉਪਕਾਰਾਂ ਨੂੰ ਧਿਆਨ ਵਿਚ ਲਿਆਉ। ਧੀਰਜ ਸਹਿਤ ਬਿਬੇਕ ਬੁਧੀ ਨਾਲ ਵਿਚਾਰ ਕਰੋ ਕਿ ਉਹ ਵੇਲਾ ਸਾਰੇ ਮਿਸਲਦਾਰ ਸਰਦਾਰਾਂ ਦਾ ਆਪਸੀ ਇਲਾਕਿਆਂ ਦੇ ਕਬਜ਼ਿਆਂ ਦੀ ਖਹਿਬਾਜ਼ੀ ਤੇ ਧੜੇਬੰਦਕ ਵੈਰ-ਭਾਵ ਤਿਆਗ ਕੇ ਇਕੱਠੇ ਹੋ ਕੇ ਦੁਸ਼ਮਣਾਂ ਨੂੰ ਮੂੰਹ ਭੰਨਵਾਂ ਜਵਾਬ ਦੇਣ ਦਾ ਸੀ ਜਾਂ ਅਪਣੇ ਸੂਰਬੀਰ ਭਰਾਵਾਂ ਨੂੰ ਧੋਖੇ ਨਾਲ ਮਾਰਨ ਦਾ, ਜਿਨ੍ਹਾਂ ਦਾ ਹਾਕਮਾਂ ਵਲੋਂ ਪਹਿਲਾਂ ਹੀ ਸਿਰਾਂ ਦੇ ਇਨਾਮ ਰੱਖ ਕੇ ਜਾਨਵਰਾਂ ਵਾਂਗ ਸ਼ਿਕਾਰ ਖੇਡਿਆ ਜਾ ਰਿਹਾ ਹੋਵੇ?

ਦੂਜੀ ਗੱਲ ਵਿਚਾਰਨ ਵਾਲੀ ਹੈ ਕਿ ਹੈ ਕੋਈ ਅਜਿਹੀ ਕੌਮ ਹੈ ਜਿਸ ਦੇ ਆਗੂਆਂ ਵਿਚ ਮੁੱਢ ਤੋਂ ਹੀ ਰਾਜਨੀਤਕ ਸੱਤਾ ਦੀ ਲਾਲਸਾ ਅਤੇ ਨਿਜੀ ਜਾਂ ਜਾਤੀ ਹਉਮੈ ਵਸ ਖਹਿਬਾਜ਼ੀ ਦੀਆਂ ਆਪਸੀ ਲੜਾਈਆਂ ਨਾ ਚਲਦੀਆਂ ਆ ਰਹੀਆਂ ਹੋਣ? ਇਹ ਝਗੜੇ ਸਾਡੇ ਮੁਢਲੇ ਪੰਥਪ੍ਰਸਤ ਬਜ਼ੁਰਗ ਆਗੂਆਂ ਵਿਚ ਵੀ ਸਨ ਤੇ ਅਜੋਕਿਆਂ ਵਿਚ ਵੀ। ਅਜਿਹਾ ਵੀ ਨਹੀਂ ਕਿ ਜੱਟਾਂ ਦੀ ਈਰਖਾ ਕੇਵਲ ਦਲਿਤਾਂ ਤੇ ਭਾਪਿਆਂ ਨਾਲ ਹੀ ਹੋਵੇ ਤੇ ਇਨ੍ਹਾਂ ਦੋਹਾਂ ਦੀ ਜੱਟਾਂ ਨਾਲ। ਪੰਜਾਬੀ ਅਖਾਣ ਮੁਤਾਬਕ ਸੱਚ ਤਾਂ ਇਹ ਹੈ 'ਰਾਜ ਪਿਆਰੇ ਰਾਜਿਆਂ, ਵੀਰ ਦੁਪਰਿਆਰੇ'। ਜੇ ਕਾਂਗਰਸ ਵਲ ਝਾਕੀਏ ਤਾਂ ਗਿਆਨੀ ਜ਼ੈਲ ਸਿੰਘ, ਸ. ਦਰਬਾਰਾ ਸਿੰਘ ਤੇ ਸ. ਬੂਟਾ ਸਿੰਘ ਵਰਗੇ ਤੇ ਜੇ ਅਕਾਲੀਆਂ ਵੱਲ ਵੇਖੀਏ ਤਾਂ ਬਾਦਲ, ਬਰਨਾਲਾ, ਟੋਹੜਾ ਤੇ ਤਲਵੰਡੀ ਆਦਿਕ ਸਾਰੇ ਹੀ ਇਕ ਦੂਜੇ ਦੀਆਂ ਲੱਤਾਂ ਹੀ ਖਿਚਦੇ ਆ ਰਹੇ ਸਨ। ਇਸ ਲਈ ਅਜਿਹੇ ਝਗੜਿਆਂ ਨੂੰ ਮਜ਼੍ਹਬ ਨਾਲ ਜੋੜ ਕੇ ਵਿਵਾਦ ਨਹੀਂ ਖੜੇ ਕਰਨੇ ਚਾਹੀਦੇ। ਇਹ ਵਿਵਾਦ ਸਮੁੱਚੀ ਕੌਮ ਲਈ ਹਾਨੀਕਾਰਕ ਹਨ।

ਅਠਾਰਵੀਂ ਸਦੀ ਦੇ ਇਤਿਹਾਸ ਨੂੰ ਨਿਰਪੱਖ ਹੋ ਕੇ ਜੇ ਗਹੁ ਨਾਲ ਵੀਚਾਰੀਏ ਤਾਂ ਸਪੱਸ਼ਟ ਹੁੰਦਾ ਹੈ ਕਿ ਰੰਗਰੇਟਾ ਬੀਰੂ ਸਿੰਘ ਹਮੇਸ਼ਾ ਯਤਨਸ਼ੀਲ ਰਿਹਾ ਕਿ ਮਜ਼੍ਹਬੀ ਸਿੱਖਾਂ ਦਾ ਜਥਾ ਵਖਰੀ ਹੋਂਦ ਵਿਚ ਕਾਇਮ ਰਹੇ ਪਰ ਗੁਰਮਤਿ ਦੀ ਡੂੰਘੀ ਸੂਝ ਰੱਖਣ ਵਾਲੇ ਤੇ ਸਰਬ-ਪ੍ਰਵਾਨਤ ਆਗੂ ਨਵਾਬ ਕਪੂਰ ਸਿੰਘ ਤੇ ਸ. ਜੱਸਾ ਸਿੰਘ ਆਹਲੂਵਾਲੀਆ ਇਸ ਹੱਕ ਵਿਚ ਨਹੀਂ ਸਨ। ਕਿਉਂਕਿ ਉਹ ਸਮਝਦੇ ਸਨ ਕਿ ਅਜਿਹਾ ਕਰਨ ਨਾਲ ਸਿੱਖੀ ਵਿਚ ਬਰਾਦਰੀਵਾਦ ਮੁੜ ਉਭਰੇਗਾ। ਇਹ “ਜਾਤਿ ਕਾ ਗਰਬੁ ਨ ਕਰਿ ਮੂਰਖ ਗਵਾਰਾ£” (ਗੁ.ਗ੍ਰੰ.-ਪੰ.੧੧੨੭) ਵਰਗੇ ਤਾੜਨਾ ਭਰੇ ਗੁਰਵਾਕਾਂ ਦੀ ਉਲੰਘਣਾ ਤੇ ਇਕ ਬਾਟੇ ਵਿਚ ਅੰਮ੍ਰਿਤ ਛਕਾਉਣ ਦੇ ਖ਼ਾਲਸਈ ਸਿਧਾਂਤ ਤੋਂ ਵੀ ਉਲਟ ਹੈ ਕਿਉਂਕਿ ਇਸ ਕ੍ਰਿਆ ਦਾ ਇਕੋ-ਇਕ ਸੰਦੇਸ਼ ਸੀ ਕਿ ਅੱਜ ਤੋਂ ਸਿੱਖ ਆਪਸ ਵਿਚ ਊਚ-ਨੀਚ, ਜਾਤ-ਪਾਤ ਤੇ ਸੁੱਚ-ਭਿੱਟ ਦੇ ਭਿੰਨ-ਭੇਦ ਮਿਟਾ ਕੇ ਮਾਂ ਜਾਏ ਭਰਾਵਾਂ ਵਾਂਗ ਮਿਲ ਕੇ ਰਹਿਣਗੇ। ਪਰ ਅਜਿਹਾ ਵਿਚਾਰਧਾਰਕ ਵਖਰੇਵਾਂ ਹੋਣ ਦੇ ਬਾਵਜੂਦ ਇਕ ਵੀ ਅਜਿਹੀ ਉਦਾਹਰਣ ਨਹੀਂ ਮਿਲਦੀ ਜਦੋਂ ਇਨ੍ਹਾਂ ਆਗੂਆਂ ਨੇ ਇਕ ਦੂਜੇ ਦਾ ਸਤਿਕਾਰ ਨਾ ਕੀਤਾ ਹੋਵੇ ਅਤੇ ਸਿੱਖੀ ਤੇ ਕੌਮੀ ਆਜ਼ਾਦੀ ਦੇ ਸਾਂਝੇ ਦੁਸ਼ਮਣਾਂ ਵਿਰੁਧ ਇਕ ਦੂਜੇ ਤੋਂ ਮੂਹਰੇ ਹੋ ਕੇ ਨਾ ਲੜੇ ਹੋਣ।

ਹਾਂ! ਫਿਰ ਵੀ ਜੇ ਕਿਸੇ ਵੇਲੇ ਸਿੰਘਾਂ ਦੀ ਭਾਸ਼ਾ ਵਿਚ ਕੋਈ ਮਾਰਾ-ਬਿਕਾਰਾ ਹੋ ਗਿਆ ਹੋਵੇ ਤਾਂ ਉਸ ਘਟਨਾ ਨੂੰ ਉਵੇਂ ਹੀ ਲੈਣ ਦੀ ਲੋੜ ਹੈ ਜਿਵੇਂ ਦੋ ਸਕੇ ਭਰਾ ਆਪਸ ਵਿਚ ਖਹਿ ਪਏ ਹੋਣ ਜਾਂ ਰਾਜ-ਸੱਤਾ ਲਈ ਝਗੜੇ ਹੋਣ। ਇਹ ਸਾਧਾਰਣ ਮਨੁੱਖੀ ਸੁਭਾਅ ਹੈ। ਅਜਿਹੇ ਝਗੜੇ ਬਾਬਾ ਬੰਦਾ ਸਿੰਘ ਦੇ ਰਾਜ ਵੇਲੇ ਵੀ ਹੋਏ ਤੇ ਮਹਾਰਾਜਾ ਰਣਜੀਤ ਸਿੰਘ ਦੇ ਖ਼ਾਲਸਈ ਰਾਜ-ਭਾਗ ਦਾ ਸੂਰਜ ਵੀ ਇਨ੍ਹਾਂ ਲੜਾਈਆਂ ਕਾਰਨ ਹੀ ਡੁਬਿਆ ਸੀ। ਇਸ ਲਈ 'ਰਾਈ ਦਾ ਪਹਾੜ ਬਣਾਉਂਦਿਆਂ' ਕਿਸੇ ਅਜਿਹੇ ਛੋਟੇ-ਮੋਟੇ ਝਗੜੇ ਨੂੰ 'ਰੰਘਰੇਟਾ ਕਤਲੇਆਮ' ਦੱਸ ਕੇ ਪੰਥ ਵਿਚ ਦੋਫ਼ਾੜ ਪੈਦਾ ਕਰਨੀ ਕਿਥੋਂ ਦੀ ਸਿਆਣਪ ਹੈ? ਇਹ ਪੰਥ-ਦਰਦੀ ਗੁਰਸਿੱਖਾਂ ਦਾ ਵਰਤਾਰਾ ਨਹੀਂ।


ਹੋ ਸਕਦਾ ਹੈ ਕਿ ਕਿਸੇ ਪੰਥ-ਵਿਰੋਧੀ ਸਾਜ਼ਸ਼ੀ ਨੇ ਇਤਿਹਾਸ ਵਿਚ ਅਜਿਹਾ ਕੋਈ ਫੁੱਟ-ਪਾਊ ਬੀਜ ਬੀਜਿਆ ਹੋਵੇ ਕਿਉਂਕਿ ਭਾਈ ਵੀਰ ਸਿੰਘ ਜੀ ਨੇ 'ਪ੍ਰਾਚੀਨ ਪੰਥ ਪ੍ਰਕਾਸ਼' ਦੀ ਭੂਮਿਕਾ ਵਿਚ ਮੰਨਿਆ ਹੈ ਕਿ ਇਹ ਪੋਥੀ ਵੀ ਰਲੇ ਤੋਂ ਬਚ ਨਹੀਂ ਸਕੀ।
ਮੁਕਦੀ ਗੱਲ! ਹੁਣ ਜਦੋਂ ਭਾਜਪਾ ਦੀ ਹਿੰਦੂਤਵੀ ਕੇਂਦਰੀ ਹਕੂਮਤ ਹਿੰਦੂ-ਰਾਸ਼ਟਰ ਦੇ ਏਜੰਡੇ ਤਹਿਤ ਭਾਰਤ ਨੂੰ ਹਿੰਦੋਸਤਾਨ ਵਿਚ ਬਦਲਣ ਲਈ ਪੱਬਾਂ ਭਾਰ ਹੋਈ ਪਈ ਹੈ ਤੇ ਭਾਰਤੀ ਘੱਟ-ਗਿਣਤੀਆਂ ਨੂੰ ਆਪਸ ਵਿਚ ਉਲਝਾਉਂਦਿਆਂ, ਕਮਜ਼ੋਰ ਕਰ ਕੇ, ਅਪਣਾ ਮਨੋਰਥ ਪੂਰਾ ਕਰਨਾ ਚਾਹੁੰਦੀ ਹੈ।

ਇਸ ਮੌਕੇ ਲੋੜ ਤਾਂ ਇਹ ਸੀ ਕਿ ਅਸੀ ਸਾਰੇ ਇਕ-ਜੁੱਟ ਹੋ ਕੇ ਉਸ ਔਰੰਗਜ਼ੇਬੀ ਸੰਕੀਰਨ ਸੋਚ ਦਾ ਮੁਕਾਬਲਾ ਕਰੀਏ ਤੇ ਖ਼ਾਲਸਾ ਪੰਥ ਸਗੋਂ ਇਸ ਦੀ ਅਗਵਾਈ ਕਰੇ। ਪਰ, ਅਸਲੀਅਤ ਇਹ ਹੈ ਕਿ ਜਦ ਤੋਂ ਘਟ ਗਿਣਤੀਆਂ ਦੇ ਆਗੂ ਇਕੱਠੇ ਹੋਣ ਲਈ ਯਤਨਸ਼ੀਲ ਹੋਏ ਹਨ, ਉਦੋਂ ਤੋਂ ਕੇਂਦਰੀ ਏਜੰਸੀਆਂ ਵੀ ਉਨ੍ਹਾਂ ਨੂੰ ਰੋਕਣ ਲਈ ਸਰਗਰਮ ਹੋ ਗਈਆਂ ਹਨ।  
ਮੋਬਾਈਲ : ੧-੫੧੬-੩੨੩-੯੧੮੮