ਲੰਡਨ,
14 ਸਤੰਬਰ (ਸਪੋਕਸਮੈਨ ਸਮਾਚਾਰ ਸੇਵਾ): ਦਿੱਲੀ ਯੂਨੀਵਰਸਟੀ ਵਿਦਿਆਰਥੀ ਚੋਣਾਂ ਵਿਚ
ਨੈਸ਼ਨਲ ਸਟੂਡੈਂਟ ਯੂਨੀਅਨ ਆਫ਼ ਇੰਡੀਆ (ਐਨ.ਐਸ.ਯੂ.ਆਈ.) ਦੀ ਜਿੱਤ ਦਾ ਸਵਾਗਤ ਕਰਦਿਆਂ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਾਂਗਰਸ ਦੇ ਮੀਤ ਪ੍ਰਧਾਨ ਰਾਹੁਲ
ਗਾਂਧੀ ਦੇ ਵੰਸ਼ਵਾਦ ਸਬੰਧੀ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕਰਨ 'ਤੇ ਉਨ੍ਹਾਂ ਦੇ ਸਿਆਸੀ
ਵਿਰੋਧੀਆਂ ਦੀ ਤਿੱਖੀ ਆਲੋਚਨਾ ਕੀਤੀ।
ਕੁੱਝ ਟੀ.ਵੀ. ਚੈਨਲਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਰਾਹੁਲ ਗਾਂਧੀ ਦੇ ਬਿਆਨ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਲਈ ਸਿਆਸਤਦਾਨਾਂ (ਭਾਜਪਾ) ਨੂੰ ਲੰਮੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਜਾਣ-ਬੁੱਝ ਕੇ ਅਜਿਹਾ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਕਾਂਗਰਸੀ ਮੀਤ ਪ੍ਰਧਾਨ ਦਾ ਬਿਆਨ ਇਸ ਸੰਦਰਭ ਵਿਚ ਸੀ ਕਿ ਉਨ੍ਹਾਂ ਦੇ ਪੜਦਾਦੇ, ਦਾਦੇ ਅਤੇ ਪਿਤਾ ਨੇ ਕਾਂਗਰਸ ਦੀ ਅਗਵਾਈ ਕਰਦਿਆਂ ਭਾਰਤ ਦਾ ਰਾਜਭਾਗ ਚਲਾਇਆ। ਮੁੱਖ ਮੰਤਰੀ ਨੇ ਕਿਹਾ ਕਿ ਲੋਕਤੰਤਰ, ਜਿਵੇਂ ਕਿ ਭਾਰਤ ਦਾ ਹੈ, ਵਿਚ ਹਰ ਇਕ ਨੂੰ ਉਸ ਦੀ ਪਸੰਦ ਅਤੇ ਨਾ-ਪਸੰਦ ਦੀ ਚੋਣ ਕਰਨ ਦੀ ਆਜ਼ਾਦੀ ਦੇ ਨਾਲ-ਨਾਲ ਸਾਡੇ ਮੁਲਕ ਵਿਚ ਕਿਸੇ ਵਿਅਕਤੀ ਨੂੰ ਵੋਟ ਪਾਉਣਾ ਇਕ ਨਿਜੀ ਫ਼ੈਸਲਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵੋਟਰਾਂ ਦੀਆਂ ਬਾਹਾਂ ਨਹੀਂ ਮਰੋੜ ਰਹੀ, ਉਹ ਜਿਸ ਨੂੰ ਚਾਹੁਣ ਵੋਟ ਪਾਉਣ ਲਈ ਆਜ਼ਾਦ ਹਨ। ਉਨ੍ਹਾਂ ਕਿਹਾ ਜੇਕਰ ਲੋਕ ਸਾਨੂੰ ਵੋਟ ਦੇ ਰਹੇ ਹਨ ਤਾਂ ਫਿਰ ਵੰਸ਼ਵਾਦ ਰਾਜ ਕਿਥੇ ਹੈ? ਉਨ੍ਹਾਂ ਕਿਹਾ ਕਿ ਵੋਟਰਾਂ ਨੂੰ ਅਪਣੀ ਸੋਚ ਤਬਦੀਲ ਕਰਨ ਦੀ ਪੂਰੀ ਖੁੱਲ੍ਹ ਹੈ ਜਿਹੜਾ ਕਿ ਉਹ ਅਕਸਰ ਕਰਦੇ ਰਹਿੰਦੇ ਹਨ ਅਤੇ ਆਸ ਹੈ ਕਿ ਇਹ ਪ੍ਰਕਿਰਿਆ ਇੰਝ ਹੀ ਜਾਰੀ ਰਹੇਗੀ।
ਦਿੱਲੀ
ਯੂਨੀਵਰਸਿਟੀ ਵਿਦਿਆਰਥੀ ਚੋਣਾਂ ਵਿਚ ਐਨ.ਐਸ.ਯੂ.ਆਈ. ਦੀ ਜਿੱਤ ਬਾਰੇ ਕੈਪਟਨ ਅਮਰਿੰਦਰ
ਸਿੰਘ ਨੇ ਕਿਹਾ ਕਿ ਇਹ ਇਕ ਉਤਸ਼ਾਹ ਭਰਪੂਰ ਚਿੰਨ੍ਹ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀਆਂ
ਤਾਜ਼ੀਆਂ ਜਿੱਤਾਂ ਪਹਿਲਾਂ ਪੰਜਾਬ ਵਿਧਾਨ ਸਭਾ ਚੋਣਾਂ, ਫਿਰ ਪੰਜਾਬ ਯੂਨੀਵਰਸਟੀ ਚੰਡੀਗੜ੍ਹ
ਦੀਆਂ ਵਿਦਿਆਰਥੀ ਚੋਣਾਂ ਅਤੇ ਹੁਣ ਦਿੱਲੀ ਯੂਨੀਵਰਸਟੀ ਦੀਆਂ ਵਿਦਿਆਰਥੀ ਚੋਣਾਂ ਦੌਰਾਨ
ਮੁੜ ਕਾਂਗਰਸੀ ਪੱਖੀ ਸਿਆਸੀ ਹਵਾ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਜਿੱਤਾਂ ਨੇ
ਉਨ੍ਹਾਂ ਦੇ ਵਿਸ਼ਵਾਸ ਨੂੰ ਸਹੀ ਸਾਬਤ ਕਰ ਦਿਤਾ ਕਿ ਅਜਿਹੀਆਂ ਤਬਦੀਲੀਆਂ ਲੋਕਤੰਤਰੀ
ਪ੍ਰਕਿਰਿਆ ਦਾ ਹਿੱਸਾ ਹੈ। ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਲੋਕਾਂ ਨੂੰ
ਹੱਦੋਂ-ਵੱਧ ਪ੍ਰਤੀਕਿਰਿਆ ਜ਼ਾਹਰ ਨਹੀਂ ਕਰਨੀ ਚਾਹੀਦੀ ਕਿਉਂਕਿ ਚੋਣਾਂ ਵਿਚ ਉਤਰਾਅ-ਚੜ੍ਹਾਅ
ਸੁਭਾਵਕ ਹਨ।
ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਦੇ ਬਰਤਾਨੀਆ ਦੌਰੇ ਦੀ ਨਿੰਦਾ ਬਾਰੇ
ਮੁੱਖ ਮੰਤਰੀ ਨੇ ਕਿਹਾ ਕਿ ਪਾਰਟੀ ਕੋਲ ਨਾਂਹ ਪੱਖੀ ਸੋਚਣੀ ਤੋਂ ਇਲਾਵਾ ਕੱਖ ਵੀ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ 'ਚੋਂ ਉਨ੍ਹਾਂ ਦੀ ਗ਼ੈਰ-ਮੌਜੂਦਗੀ ਨਾਲ ਸੂਬੇ ਵਿਚ ਕਿਸੇ ਨੂੰ
ਕੋਈ ਸਮੱਸਿਆ ਨਹੀਂ ਅਤੇ ਰਾਜ ਅੰਦਰ ਆਮ ਆਦਮੀ ਪਾਰਟੀ ਤੋਂ ਬਿਨਾਂ ਸੱਭ ਕੁੱਝ ਠੀਕ ਹੈ।
ਉਨ੍ਹਾਂ ਕਿਹਾ ਕਿ 'ਆਪ' ਨੂੰ ਬਿਨਾਂ ਕਿਸੇ ਕਾਰਨ ਅਤੇ ਤਰਕ ਤੋਂ ਰਾਜ ਅੰਦਰ ਖਲਲ ਪਾਉਣ ਦੀ
ਆਦਤ ਹੈ।