ਰਾਹੁਲ ਨੇ ਰਾਫ਼ੇਲ ਸੌਦੇ, ਜੈ ਸ਼ਾਹ ਮੁੱਦੇ 'ਤੇ ਮੋਦੀ ਨੂੰ ਘੇਰਿਆ

ਖ਼ਬਰਾਂ, ਪੰਜਾਬ

ਦਾਹੇਗਾਮ (ਗੁਜਰਾਤ), 25 ਨਵੰਬਰ: ਕਾਂਗਰਸ ਮੀਤ ਪ੍ਰਧਾਨ ਰਾਹੁਲ ਗਾਂਧੀ ਨੇ ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਤੇ ਹਮਲਾ ਬੋਲਦਿਆਂ ਦੋਸ਼ ਲਾਇਆ ਕਿ ਮੋਦੀ ਅਪਣੇ ਗ੍ਰਹਿ ਸੂਬੇ ਗੁਜਰਾਤ 'ਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਕਰੋੜਾਂ ਰੁਪਏ ਦੇ ਰਾਫ਼ੇਲ ਸੌਦੇ ਅਤੇ ਜੈ ਸ਼ਾਹ ਮੁੱਦੇ ਪਿੱਛੇ ਦੀ ਸੱਚਾਈ ਨੂੰ ਸਾਹਮਣੇ ਨਹੀਂ ਆਉਣ ਦੇਣਾ ਚਾਹੁੰਦੇ। ਰਾਹੁਲ ਨੇ ਇਹ ਵੀ ਦੋਸ਼ ਲਾਇਆ ਕਿ ਐਨ.ਡੀ.ਏ. ਸਰਕਾਰ ਸੰਸਦ ਦੇ ਸਰਦਰੁੱਤ ਇਜਲਾਸ 'ਚ ਦੇਰੀ ਕਰ ਰਹੀ ਹੈ ਕਿਉਂਕਿ ਮੋਦੀ ਗੁਜਰਾਤ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਦਨ 'ਚ ਰਾਫ਼ੇਲ ਅਤੇ ਜੈ ਸ਼ਾਹ ਨਾਲ ਸਬੰਧਤ ਮੁੱਦਿਆਂ ਉਤੇ ਚਰਚਾ ਨਹੀਂ ਚਾਹੁੰਦੇ। ਗਾਂਧੀਨਗਰ ਜ਼ਿਲ੍ਹੇ 'ਚ ਇਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ''ਮੈਂ ਰਾਫ਼ੇਲ ਮੁੱਦੇ 'ਤੇ ਮੋਦੀ ਨੂੰ ਤਿੰਨ ਸਵਾਲ ਪੁੱਛਾਂਗਾ। ਪਹਿਲਾ, ਕੀ ਪਹਿਲੇ ਅਤੇ ਦੂਜੇ ਸੌਦੇ (ਫ਼ਰਾਂਸੀਸੀ ਕੰਪਨੀ ਨਾਲ) 'ਚ ਜਹਾਜ਼ਾਂ ਦੀਆਂ ਕੀਮਤਾਂ 'ਚ ਫ਼ਰਕ ਹੈ ਅਤੇ ਕੀ ਭਾਰਤ ਨੇ ਦੂਜੇ ਸੌਦੇ ਅਨੁਸਾਰ ਜ਼ਿਆਦਾ ਜਾਂ ਘੱਟ ਪੈਸੇ ਦਾ ਭੁਗਤਾਨ ਕੀਤਾ?'' ਉਨ੍ਹਾਂ ਅੱਗੇ ਕਿਹਾ ਕਿ ਕੀ ਉਦਯੋਗਪਤੀ (ਜਿਸ ਦੀ ਕੰਪਨੀ ਨੇ ਫ਼ਰਾਂਸੀਸੀ ਕੰਪਨੀ ਨਾਲ ਸਾਂਝੀ ਉੱਦਮ ਸਥਾਪਤ ਕੀਤਾ ਹੈ), ਜਿਸ ਨੂੰ ਸੌਦਾ ਦਿਤਾ ਗਿਆ, ਨੇ ਕਦੀ ਜਹਾਜ਼ਾਂ ਦਾ ਨਿਰਮਾਣ ਕੀਤਾ ਹੈ?