ਰਾਜਨਾਥ ਸਿੰਘ ਵਲੋਂ ਅਜਾਇਬ-ਘਰ ਅਤੇ ਦਰਸ਼ਕ ਗੈਲਰੀ ਦਾ ਉਦਘਾਟਨ

ਖ਼ਬਰਾਂ, ਪੰਜਾਬ

ਫਿਰੋਜ਼ਪੁਰ, 17 ਅਕਤੂਬਰ (ਬਲਬੀਰ ਸਿੰਘ ਜੋਸਨ, ਹਰਜੀਤ ਸਿੰਘ ਲਾਹੌਰੀਆ) : ਗ੍ਰਹਿ ਮੰਤਰੀ ਰਾਜਨਾਥ ਸਿੰਘ ਦੇ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਸੈਨੀਵਾਲਾ ਬਾਰਡਰ ਪਹੁੰਚ ਕੇ ਸ਼ਹੀਦੀ ਸਮਾਰਕ ਸਥਿਤ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੀ ਸਮਾਧੀ ਤੇ ਸ਼ਰਧਾਂਜਲੀਆਂ ਭੇਂਟ ਕੀਤੀਆਂ।ਇਸ ਤੋਂ ਮਗਰੋਂ ਗ੍ਰਹਿ ਮੰਤਰੀ ਰਾਜਨਾਥ ਸਿੰਘ ਵਲੋਂ ਭਾਰਤ-ਪਾਕਿ ਅੰਤਰਰਾਸ਼ਟਰੀ ਹੁਸੈਨੀਵਾਲਾ ਬਾਰਡਰ 'ਤੇ ਬੀ.ਐਸ.ਐਫ. ਵਲੋਂ ਬਣਾਏ ਗਏ ਅਜਾਇਬ-ਘਰ ਅਤੇ ਹਿੰਦ-ਪਾਕਿ ਦੋਹਾਂ ਦੇਸ਼ਾਂ ਵਿਚਕਾਰ ਹੋਣ ਵਾਲੀ ਰਿਟਰੀਟ ਸੈਰੇਮਨੀ ਵੇਖਣ ਲਈ ਬਣਾਈ ਆਧੁਨਿਕ ਦਰਸ਼ਕ ਗੈਲਰੀ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਮੌਕੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸਿਆਸੀ ਲੀਡਰ ਹਾਜ਼ਰ ਸਨ।ਇਸ ਮੌਕੇ ਗ੍ਰਹਿ ਮੰਤਰੀ ਬਾਰਡਰ ਨੇ ਸਰਹੱਦ 'ਤੇ ਤੈਨਾਤ ਬੀ.ਐਸ.ਐਫ. ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ।ਅਪਣੇ ਸੰਬੋਧਨ ਦੌਰਾਨ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਆਖਿਆ ਕਿ ਮਾਰਚ 2015 ਵਿਚ ਹੁਸੈਨੀਵਾਲਾ ਬਾਰਡਰ 'ਤੇ ਬੀ.ਐਸ.ਐਫ. ਵਲੋਂ ਅਜਾਇਬ-ਘਰ ਬਣਾਏ ਜਾਣ ਦਾ ਪ੍ਰਸਤਾਵ ਪਿਛਲੇ ਸਾਲ ਉਨ੍ਹਾਂ ਨੂੰ ਭੇਜਿਆ ਗਿਆ ਸੀ,

 ਜਿਸ ਦੀ ਮਨਜ਼ੂਰੀ ਦੇਣ ਤੋਂ ਬਾਅਦ ਮਈ 2015 'ਚ ਅਜਾਇਬ-ਘਰ ਅਤੇ ਆਧੁਨਿਕ ਦਰਸ਼ਕ ਗੈਲਰੀ ਬਣਾਏ ਜਾਣ ਦਾ ਕੰਮ ਸ਼ੁਰੂ ਹੋਇਆ। ਜਿਸ ਦਾ ਉਦਘਾਟਨ 26 ਜਨਵਰੀ 2016 ਨੂੰ ਹੋਣਾ ਸੀ, ਪਰ ਇਸ ਤੋਂ ਪਹਿਲਾਂ ਹੀ ਪਠਾਨਕੋਟ 'ਚ ਪਾਕਿ ਅਤਿਵਾਦੀਆਂ ਦਾ ਹਮਲਾ ਹੋਣ ਕਾਰਨ ਇਸ ਨੂੰ ਟਾਲ ਦਿਤਾ ਗਿਆ ਸੀ। ਹਾਲਾਂਕਿ ਇਨ੍ਹਾਂ ਰਸਮੀ ਉਦਘਾਟਨ ਦੇ ਦਰਸ਼ਕ ਗੈਲਰੀ ਸ਼ੁਰੂ ਕਰ ਦਿਤੀ ਗਈ ਸੀ ਅਤੇ ਅਜਾਇਬ-ਘਰ 29 ਮਈ 2017 ਨੂੰ ਸ਼ਹੀਦ-ਏ-ਆਜਮ ਭਗਤ ਸਿੰਘ ਦੀ ਬੀ.ਐਸ.ਐ.ਫ ਵਲੋਂ ਇੰਦੌਰ ਤੋਂ ਪਿਸਟਲ ਲਿਆ ਕੇ ਅਜਾਇਬ-ਘਰ ਵਿਚ ਸਥਾਪਤ ਕੀਤੇ ਜਾਣ ਦੇ ਨਾਲ ਹੀ ਖੋਲ ਦਿਤਾ ਗਿਆ ਸੀ, ਜਿਸ ਦਾ ਅੱਜ ਰਸਮੀ ਉਦਘਾਟਨ ਕੀਤਾ ਗਿਆ।ਇਸ ਮੌਕੇ ਐਮ.ਪੀ. ਸ਼ੇਰ ਸਿੰਘ ਘੁਬਾਇਆ, ਵਿਧਾਇਕ ਪਰਮਿੰਦਰ ਸਿੰਘ ਪਿੰਕੀ, ਵਿਧਾਇਕ ਸਤਿਕਾਰ ਕੌਰ ਗਹਿਰੀ, ਵਿਧਾਇਕ ਕੁਲਬੀਰ ਸਿੰਘ ਜ਼ੀਰਾ, ਬੀ.ਐਸ.ਐਫ. ਆਈ.ਜੀ., ਡੀ.ਆਈ.ਜੀ. ਅਤੇ ਪੰਜਾਬ ਪੁਲਿਸ ਦੇ ਕਈ ਅਧਿਕਾਰੀ ਹਾਜ਼ਰ ਸਨ।