ਰਾਜਸਥਾਨ, ਕਰਨਾਟਕ ਅਤੇ ਕਈ ਹੋਰ ਸੂਬਿਆਂ 'ਚ ਕਾਂਗਰਸ ਦੀ ਸੱਤਾ 'ਚ ਹੋਵੇਗੀ ਵਾਪਸੀ

ਖ਼ਬਰਾਂ, ਪੰਜਾਬ

ਜਲੰਧਰ - ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਹੈ ਕਿ ਰਾਜਸਥਾਨ 'ਚ 2 ਲੋਕ ਸਭਾ ਤੇ ਇਕ ਵਿਧਾਨ ਸਭਾ ਸੀਟ 'ਤੇ ਕਾਂਗਰਸ ਦੀ ਭਾਰੀ ਜਿੱਤ ਨਾਲ ਨਾ ਸਿਰਫ ਰਾਜਸਥਾਨ 'ਚ ਇਸ ਸਾਲ ਹੋਣ ਵਾਲੇ ਵਿਧਾਨ ਸਭਾ ਚੋਣਾਂ 'ਚ ਕਾਂਗਰਸ ਦੀ ਵਾਪਸੀ ਹੋਵੇਗੀ ਸਗੋਂ ਕਰਨਾਟਕ ਤੋਂ ਵੀ ਕਾਂਗਰਸ ਦੇ ਪੱਖ 'ਚ ਚੰਗੀਆਂ ਖਬਰਾਂ ਆ ਰਹੀਆਂ ਹਨ, ਜਿਥੇ ਕਾਂਗਰਸ ਦੁਬਾਰਾ ਸੱਤਾ 'ਚ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਰਾਜਸਥਾਨ 'ਚ ਪਾਰਟੀ ਨੂੰ ਮਿਲੀ ਜਿੱਤ ਦਾ ਪੂਰਾ ਸਿਹਰਾ ਜਾਂਦਾ ਹੈ, ਕਿਉਂਕਿ ਰਾਹੁਲ ਗਾਂਧੀ ਦੇ ਪ੍ਰਧਾਨ ਬਣਨ ਤੋਂ ਬਾਅਦ ਦੇਸ਼ 'ਚ ਹਾਲਾਤ ਬਦਲੇ ਹਨ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜਸਥਾਨ ਤੇ ਕਰਨਾਟਕ 'ਚ ਪਾਰਟੀ ਦਾ ਵਿਧਾਨ ਸਭਾ ਚੋਣਾਂ 'ਚ ਚੰਗਾ ਪ੍ਰਦਰਸ਼ਨ ਤਾਂ ਰਹੇਗਾ ਹੀ ਪਰ ਨਾਲ ਹੀ 2019 'ਚ ਹੋਣ ਵਾਲੀਆਂ ਲੋਕ ਸਭਾ ਚੋਣਾਂ 'ਚ ਵੀ ਕਾਂਗਰਸ ਸ਼ਾਨਦਾਰ ਵਾਪਸੀ ਕਰੇਗੀ। ਉਨ੍ਹਾਂ ਕਿਹਾ ਕਿ ਰਾਜਸਥਾਨ 'ਚ ਤਾਂ ਕਾਂਗਰਸ ਇਕਤਰਫਾ ਜਿੱਤ ਵਿਧਾਨ ਸਭਾ ਚੋਣਾਂ 'ਚ ਹਾਸਲ ਕਰਨ ਜਾ ਰਹੀ ਹੈ। ਰਾਹੁਲ ਨੇ ਕਾਂਗਰਸ ਵਰਕਰਾਂ ਅੰਦਰ ਜੋਸ਼ ਭਰਿਆ ਹੈ। ਉਨ੍ਹਾਂ ਕਿਹਾ ਕਿ ਅਗਲੇ ਕੁਝ ਸਾਲਾਂ 'ਚ ਕਈ ਸੂਬਿਆਂ 'ਚ ਕਾਂਗਰਸ ਭਾਜਪਾ ਤੋਂ ਸੱਤਾ ਖੋਹ ਕੇ ਵਾਪਸੀ ਕਰਦੀ ਹੋਈ ਦਿਖਾਈ ਦੇਵੇਗੀ।