ਰਾਜੋਆਣਾ ਮੇਰੇ ਲਈ ਰੱਬ ਤੋਂ ਘੱਟ ਨਹੀਂ : ਵਿਸ਼ਵਾਸ ਗੁਪਤਾ

ਖ਼ਬਰਾਂ, ਪੰਜਾਬ

ਚੰਡੀਗੜ੍ਹ, 22 ਸਤੰਬਰ (ਨੀਲ ਭਲਿੰਦਰ ਸਿੰਘ) : ਸੌਦਾ ਸਾਧ ਦੀ 'ਪ੍ਰੇਮਣ' ਦੇ ਸਾਬਕਾ ਪਤੀ ਵਿਸ਼ਵਾਸ ਗੁਪਤਾ ਨੇ ਦਾਅਵਾ ਕੀਤਾ ਹੈ ਕਿ ਸੌਦਾ ਸਾਧ ਨੇ ਉਸ ਨੂੰ ਚੈੱਕ ਬਾਊਂਸ ਦੇ ਇਕ ਕੇਸ 'ਚ ਫਸਾ ਦਿਤਾ ਸੀ ਜਿਸ ਕਾਰਨ ਉਸ ਨੂੰ ਕੁੱਝ ਦਿਨ ਕੇਂਦਰੀ ਜੇਲ ਪਟਿਆਲਾ 'ਚ ਰਹਿਣਾ ਪਿਆ। ਉਸ ਨੂੰ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ 'ਚ ਜੇਲ 'ਚ ਬੰਦ ਭਾਈ ਬਲਵੰਤ ਸਿੰਘ ਰਾਜੋਆਣਾ ਵਾਲੀ ਬੈਰਕ ਲਾਗੇ ਰਖਿਆ ਗਿਆ ਸੀ। ਇਸ ਦੌਰਾਨ ਉਸ ਨੂੰ ਜੇਲ ਵਿਚ ਹੀ ਮਾਰਨ ਦੀ ਸਾਜ਼ਸ਼ ਘੜੀ ਗਈ। ਇਸ ਗੱਲ ਦੀ ਸੂਹ ਬਲਵੰਤ ਸਿੰਘ ਰਾਜੋਆਣਾ ਨੂੰ ਲੱਗੀ ਤਾਂ ਰਾਜੋਆਣਾ ਨੇ ਜੇਲਰ ਨੂੰ ਵੰਗਾਰ ਦਿਤਾ ਤੇ ਉਸ ਦੀ ਜਾਨ ਬਚਾਈ।
ਵਿਸ਼ਵਾਸ ਗੁਪਤਾ ਦੇ ਦਾਅਵੇ ਮੁਤਾਬਕ ਉਸ ਬੈਰਕ ਨੇੜੇ ਕੁੱਝ ਹੋਰ ਕੈਦੀ ਵੀ ਬੰਦ ਸਨ ਜਿਨ੍ਹਾਂ ਕੋਲ ਇਕ ਪੁਲਿਸ ਵਰਦੀ ਵਿਚ ਆਏ ਇਕ ਸਰਦਾਰ ਵਿਅਕਤੀ ਨੇ ਵਿਸ਼ਵਾਸ ਗੁਪਤਾ ਨੂੰ ਮਾਰਨ ਬਦਲੇ 10 ਲੱਖ ਰੁਪਏ ਦੀ ਸੁਪਾਰੀ ਦੇਣ ਦਾ ਲਾਲਚ ਦਿਤਾ। ਉਨ੍ਹਾਂ ਕੈਦੀਆਂ ਨੇ ਉਸੇ ਵੇਲੇ ਇਹ ਗੱਲ ਰਾਜੋਆਣਾ ਨੂੰ ਦੱਸ ਦਿਤੀ।
ਰਾਜੋਆਣਾ ਨੇ ਉਸੇ ਵੇਲੇ ਉਸ ਕੈਦੀ, ਸੁਪਾਰੀ ਦੀ ਪੇਸ਼ਕਸ਼ ਵਾਲੇ ਪੁਲਿਸ ਮੁਲਾਜ਼ਮ ਤੇ ਵਿਸ਼ਵਾਸ ਗੁਪਤਾ ਨੂੰ ਜੇਲਰ ਕੋਲ ਲਿਜਾ ਕੇ ਸ਼ਰੇਆਮ ਚੇਤਾਵਨੀ ਭਰੇ ਲਹਿਜੇ 'ਚ ਕਿਹਾ ਕਿ ਕੋਈ ਵੀ ਇਸ ਮੁੰਡੇ ਨੂੰ ਹੱਥ ਲਗਾ ਕੇ ਵੇਖੇ। ਗੁਪਤਾ ਨੇ ਕਿਹਾ, 'ਕਾਨੂੰਨ ਜਾਂ ਕੋਈ ਵੀ ਵਿਅਕਤੀ ਰਾਜੋਆਣਾ ਬਾਰੇ ਜੋ ਮਰਜ਼ੀ ਸੋਚ ਰਖਦਾ ਹੋਵੇ ਪਰ ਮੇਰੇ ਲਈ ਉਹ ਉਹ ਰੱਬ ਤੋਂ ਘੱਟ ਨਹੀਂ। ਉਸ ਨੇ ਕਿਹਾ ਕਿ ਜੇ ਰਾਜੋਆਣਾ ਦਾ ਸਾਥ ਨਾ ਮਿਲਦਾ ਤਾਂ ਜੇਲ ਵਿਚ ਹੀ ਉਸ ਨੂੰ ਸੁਪਾਰੀ ਦੇ ਕੇ ਮਰਵਾ ਦਿਤਾ ਜਾਣਾ ਸੀ।' ਵਿਸ਼ਵਾਸ ਨੇ ਇਹ ਵੀ ਕਿਹਾ ਕਿ ਜਿੰਨੇ ਦਿਨ ਵੀ ਉਹ ਜੇਲ 'ਚ ਰਿਹਾ, ਰਾਜੋਆਣਾ ਉਸ ਦਾ ਹੌਸਲਾ ਵਧਾਉਂਦਾ ਰਿਹਾ।