ਰਾਣਾ ਗੁਰਜੀਤ ਦੇ ਅਸਤੀਫ਼ੇ ਨਾਲ ਸਿੱਧ ਹੁੰਦੈ ਕਿ ਉਸ ਨੇ ਅਪਣਾ ਗੁਨਾਹ ਕਬੂਲ ਲਿਆ ਹੈ : ਭਗਵੰਤ ਮਾਨ

ਖ਼ਬਰਾਂ, ਪੰਜਾਬ

ਚੰਡੀਗੜ੍ਹ, 17 ਜਨਵਰੀ (ਸ.ਸ.ਸ.) : ਆਮ ਆਦਮੀ ਪਾਰਟੀ ਨੇ ਬੁਧਵਾਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉੱਤੇ ਹਮਲਾ ਕਰਦਿਆਂ ਅਪਣੇ ਭ੍ਰਿਸ਼ਟ ਮੰਤਰੀ ਨੂੰ ਬਚਾਉਣ ਲਈ ਹੇਠਲੇ ਪੱਧਰ 'ਤੇ ਜਾ ਕੇ ਪੰਜਾਬੀਆਂ ਨਾਲ ਧੋਖਾ ਕਰਨ ਲਈ ਉਨ੍ਹਾਂ ਦੀ ਆਲੋਚਨਾ ਕੀਤੀ। ਪਾਰਟੀ ਵਲੋਂ ਜਾਰੀ ਪ੍ਰੈੱਸ ਬਿਆਨ ਵਿਚ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ, ਸਹਿ ਪ੍ਰਧਾਨ ਅਮਨ ਅਰੋੜਾ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਵਿਰੋਧੀ ਧਿਰ ਦੀ ਉਪ ਨੇਤਾ ਸਰਬਜੀਤ ਕੌਰ ਮਾਣੂਕੇ, ਵਿਧਾਇਕ ਪ੍ਰੋ. ਬਲਜਿੰਦਰ ਕੌਰ, ਵਿਧਾਇਕ ਜਗਤਾਰ ਸਿੰਘ ਹਿੱਸੋਵਾਲ, ਵਿਧਾਇਕ ਕੁਲਵੰਤ ਸਿੰਘ ਪੰਡੋਰੀ ਅਤੇ ਹੋਰਨਾਂ ਨੇ ਕਿਹਾ ਕਿ ਆਮ ਲੋਕਾਂ ਦੇ ਦਬਾਅ ਅਤੇ ਆਮ ਆਦਮੀ ਪਾਰਟੀ ਦੀ ਭ੍ਰਿਸ਼ਟਾਚਾਰ ਵਿਰੋਧੀ ਜੰਗ ਕਾਰਨ ਹੀ ਮੰਤਰੀ ਰਾਣਾ ਗੁਰਜੀਤ ਦਾ ਅਸਤੀਫ਼ਾ ਆਇਆ ਹੈ।ਮਾਨ ਨੇ ਕੈਪਟਨ ਅਮਰਿੰਦਰ ਸਿੰਘ ਤੋਂ ਪੁੱਛਿਆ ਕਿ ਉਹ ਉਸ ਗੱਲ ਦੀ ਸਫ਼ਾਈ ਦੇਣ ਕੀ ਉਨ੍ਹਾਂ ਨੂੰ ਅਜਿਹਾ ਕਿਹੜਾ ਦਬਾਅ ਰਾਣਾ ਗੁਰਜੀਤ ਦਾ ਅਸਤੀਫ਼ਾ ਮਨਜ਼ੂਰ ਕਰਨ ਤੋਂ ਰੋਕ ਰਿਹਾ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਸੂਬੇ ਦੇ ਲੋਕਾਂ ਨੂੰ ਦੱਸਣ ਕਿ ਖੁਦ ਮੰਤਰੀ ਦੁਆਰਾ ਭ੍ਰਿਸਟਾਚਾਰ ਦੇ ਦੋਸਾਂ ਕਾਰਨ ਆਪਣਾ ਅਸਤੀਫ਼ਾ ਦੇਣ ਤੋਂ ਬਾਅਦ ਵੀ ਉਹ ਅਜਿਹੇ ਮੰਤਰੀ ਨੂੰ ਕਿਉਂ ਬਚਾਉਣਾ ਚਾਹੁੰਦੇ ਹਨ। ਮਾਨ ਨੇ ਕਿਹਾ ਕਿ ਸਿਰਫ਼ ਰੇਤ ਘੋਟਾਲਾ ਹੀ ਨਹੀਂ ਬਲਕਿ ਰਾਣਾ ਗੁਰਜੀਤ ਅਣਗਿਣਤ ਅਜਿਹੇ ਕਾਰਜਾਂ ਨੂੰ ਅੰਜਾਮ ਦੇ ਰਿਹਾ ਹੈ ਜਿਸ ਨਾਲ ਕਿ ਸੂਬੇ ਦੇ ਖਜਾਨੇ ਨੂੰ ਭਾਰੀ ਖੋਰਾ ਲੱਗ ਰਿਹਾ ਹੈ।'ਆਪ' ਪ੍ਰਧਾਨ ਨੇ ਕਿਹਾ ਕਿ ਕਾਂਗਰਸ ਪਾਰਟੀ ਅਤੇ ਖਾਸ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਕੀਤੇ ਵਾਅਦੇ ਤੋਂ ਪਲਟ ਕੇ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੇ ਅਪਣੇ ਮੰਤਰੀ ਨੂੰ ਸੂਬੇ ਦੇ ਟੈਕਸ ਧਾਰਕਾਂ ਦਾ ਪੈਸਾ ਲੁੱਟਣ ਦੀ ਖੁਲ੍ਹ ਦਿਤੀ ਹੈ।

 ਮਾਨ ਨੇ ਕਿਹਾ ਕਿ ਅਜਿਹੇ ਭ੍ਰਿਸਟ ਮੰਤਰੀ ਦਾ ਅਸਤੀਫਾ ਤਾਂ ਉਸੇ ਦਿਨ ਹੀ ਆ ਜਾਣਾ ਚਾਹੀਦਾ ਸੀ, ਜਿਸ ਦਿਨ ਆਮ ਆਦਮੀ ਪਾਰਟੀ ਨੇ ਰੇਤ ਖੱਡਾਂ ਦੇ ਮਾਮਲੇ ਵਿਚ ਭ੍ਰਿਸ਼ਟਾਚਾਰ ਨੂੰ ਉਜਾਗਰ ਕੀਤਾ ਸੀ। ਅਰੋੜਾ ਨੇ ਕਿਹਾ ਕਿ ਮੰਤਰੀ ਨੇ ਰੇਤ ਖੱਡਾਂ ਦੇ ਨਾਲ-ਨਾਲ ਨੀਮਾਪੁਰ ਦੇ ਨਜਦੀਕ ਸਿਉਂਕ ਪਿੰਡ ਦੀ ਪੰਚਾਇਤੀ ਜਮੀਨ ਉੱਤੇ ਕਬਜਾ ਕਰਕੇ ਉਸ ਰਾਹੀਂ ਕਰੋੜਾਂ ਰੁਪਏ ਦਾ ਬੈਂਕ ਘੁਟਾਲਾ ਵੀ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਦੀ ਮੰਤਰੀ ਉੱਤੇ ਕਾਰਵਾਈ ਕਰਨ ਦੀ ਢਿੱਲ ਇਹ ਸਿੱਧ ਕਰਦੀ ਹੈ ਕਿ ਮੰਤਰੀ ਤੋਂ ਬਿਨਾ ਹੋਰ ਲੋਕਾਂ ਦੇ ਵੀ ਹਿਤ ਇਸ ਮਾਮਲੇ ਨਾਲ ਜੁੜੇ ਹੋਏ ਹਨ।ਅਮਨ ਅਰੋੜਾ ਨੇ ਕਿਹਾ ਕਿ ਸਰਕਾਰ ਰਾਣਾ ਅਤੇ ਉਸ ਦੇ ਪਰਵਾਰ ਦੁਆਰਾ ਵਿਦੇਸ਼ਾਂ ਵਿਚ ਗਲਤ ਢੰਗ ਨਾਲ ਜਮਾਂ ਕੀਤੇ ਪੈਸੇ ਦੇ ਮਾਮਲੇ ਵਿਚ ਉਸ ਵਿਰੁਧ ਕਾਰਵਾਈ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਫੌਰੀ ਤੌਰ 'ਤੇ ਰਾਣਾ ਵਿਰੁਧ ਕੇਸ ਦਰਜ ਕਰੇ। ਅਰੋੜਾ ਨੇ ਕਿਹਾ ਕਿ ਕੇਂਦਰ ਸਰਕਾਰ ਤੋਂ ਬਿਨਾ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਲਈ ਵੀ ਇਹ ਇਮਤਿਹਾਨ ਦੀ ਘੜੀ ਹੈ ਕਿ ਉਹ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਖੁੱਲ੍ਹ ਕੇ ਸਾਹਮਣੇ ਆਉਣ ਅਤੇ ਰਾਣਾ ਵਿਰੁਧ ਕਾਰਵਾਈ ਕਰਨ।