ਰਾਸ਼ਟਰਪਤੀ ਨੇ ਪਰਵਾਰ ਸਮੇਤ ਦਰਬਾਰ ਸਾਹਿਬ ਮੱਥਾ ਟੇਕਿਆ

ਖ਼ਬਰਾਂ, ਪੰਜਾਬ

ਅੰਮ੍ਰਿਤਸਰ, 16 ਨਵੰਬਰ (ਸੁਖਵਿੰਦਰਜੀਤ ਸਿੰਘ ਬਹੋੜੂ) : ਭਾਰਤ ਦੇ 14ਵੇਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਅੱਜ ਪਰਵਾਰਕ ਮੈਂਬਰਾਂ ਨਾਲ ਦਰਬਾਰ ਸਾਹਿਬ ਵਿਖੇ ਮੱਥਾ ਟੇਕਿਆ। ਇਸ ਮੌਕੇ ਉਨ੍ਹਾਂ ਨਾਲ ਰਾਜਪਾਲ ਵੀ.ਪੀ. ਸਿੰਘ ਬਦਨੌਰ ਅਤੇ ਰਾਸ਼ਟਰਪਤੀ ਦੇ ਪਰਵਾਰਕ ਮੈਂਬਰ ਵੀ ਸਨ। ਘੰਟਾ ਘਰ ਦੇ ਬਾਹਰ ਪਲਾਜ਼ਾ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਤੇ ਆਦਿ ਨੇ ਰਾਸ਼ਟਰਪਤੀ ਦਾ ਸਵਾਗਤ ਕੀਤਾ। ਉਪ੍ਰੰਤ ਉਹ ਸ੍ਰੀ ਗੁਰੂ ਰਾਮਦਾਸ ਲੰਗਰ ਘਰ ਵਿਖੇ ਗਏ ਅਤੇ ਪੰਗਤ ਵਿਚ ਬੈਠ ਕੇ ਪ੍ਰਸ਼ਾਦਾ ਛਕਿਆ। ਦਰਬਾਰ ਸਾਹਿਬ ਮੱਥਾ ਟੇਕਣ ਸਮੇਂ ਰਾਮਨਾਥ ਕੋਵਿੰਦ, ਉਨ੍ਹਾਂ ਦੇ ਪਰਵਾਰਕ ਮੈਂਬਰਾਂ ਅਤੇ ਗਵਰਨਰ ਵੀ.ਪੀ. ਸਿੰਘ ਬਦਨੌਰ ਨੂੰ ਸਿਰੋਪਾਉ ਬਖ਼ਸ਼ਿਸ਼ ਕੀਤਾ ਗਿਆ। ਰਾਸ਼ਟਰਪਤੀ ਅਕਾਲ ਤਖ਼ਤ ਵਿਖੇ ਮੱਥਾ ਟੇਕਣ ਵੀ ਗਏ।  ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਚੰਗੀ ਕਿਸਮਤ ਹੈ ਕਿ ਉਹ ਪੰਜਾਬ 'ਚ ਨਵੰਬਰ ਦੇ ਮਹੀਨੇ ਆਏ ਹਨ। ਨਵੰਬਰ ਦਾ ਮਹੀਨਾ ਭਾਗਾਂ ਭਰਿਆ ਹੈ ਜਿਸ ਵਿਚ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਨੌਵੀ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਆਉਂਦਾ ਹੈ। 

 ਦਰਬਾਰ ਸਾਹਿਬ ਦੀ ਯਾਤਰੂ ਸਿਮਰਤੀ (ਵਿਜ਼ਟਰ ਬੁਕ) ਵਿਚ ਉਨ੍ਹਾਂ ਲਿਖਿਆ ਕਿ ਇਥੇ ਨਤਮਸਤਕ ਹੋਣ 'ਤੇ ਸੰਗਤ, ਪੰਗਤ ਅਤੇ ਲੰਗਰ ਵਿਚ ਸਾਰੇ ਭੇਦ-ਭਾਵ ਮਿਟਾਉਣ ਦੀ ਸ਼ਕਤੀ ਦਾ ਅਨੁਭਵ ਹੋਇਆ ਹੈ। ਉਨ੍ਹਾਂ ਲਿਖਿਆ ਕਿ ਦਰਬਾਰ ਸਾਹਿਬ ਮੱਥਾ ਟੇਕ ਕੇ ਉਨ੍ਹਾਂ ਨੂੰ ਜੋ ਅਨੁਭਵ ਹੋਇਆ ਉਸ ਨੂੰ ਪਰਮਾਤਮਾ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਸ਼ੀਰਵਾਦ ਵਜੋਂ ਮਹਿਸੂਸ ਕਰਦੇ ਹਨ। ਦਰਬਾਰ ਸਾਹਿਬ ਮੱਥਾ ਟੇਕਣ ਤੋਂ ਬਾਅਦ ਰਾਸ਼ਟਰਪਤੀ ਜਲਿਆ ਵਾਲਾ ਬਾਗ ਪੁੱਜੇ ਜਿਥੇ ਉਨ੍ਹਾਂ ਦੇਸ਼ ਤੋਂ ਆਪਾ ਵਾਰਨ ਵਾਲੇ ਸ਼ਹੀਦਾਂ ਨੂੰ ਅਕੀਦਤ ਦੇ ਫੁੱਲ ਭੇਂਟ ਕੀਤੇ। ਇਸ ਤੋਂ ਬਾਅਦ ਉਹ ਦੁਰਗਿਆਣਾ ਮੰਦਰ ਮੱਥਾ ਟੇਕਣ ਗਏ ਜਿਥੋਂ ਦੇ ਪ੍ਰਬੰਧਕਾਂ ਨੇ ਉਨ੍ਹਾਂ ਦਾ ਸਨਮਾਨ ਕੀਤਾ। ਉਪ੍ਰੰਤ ਉਹ ਵਾਪਸ ਨਵੀਂ ਦਿੱਲੀ ਲਈ ਰਵਾਨਾ ਹੋਏ ਗਏ।  ਇਸ ਤੋਂ ਪਹਿਲਾਂ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਰਾਸ਼ਟਰਪਤੀ ਦਾ ਸਵਾਗਤ ਪੰਜਾਬ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰਾਣਾ ਗੁਰਜੀਤ ਸਿੰਘ ਸਿੰਚਾਈ ਮੰਤਰੀ ਨੇ ਕੀਤਾ