ਰੌਲੇ-ਰੱਪੇ ਤੇ ਵਾਕਆਊਟ ਕਾਰਨ ਸਿਰਫ਼ ਡੇਢ ਘੰਟਾ ਚੱਲੀ ਕਾਰਵਾਈ

ਖ਼ਬਰਾਂ, ਪੰਜਾਬ

ਚੰਡੀਗੜ੍ਹ, 28 ਨਵੰਬਰ (ਜੀ.ਸੀ. ਭਾਰਦਵਾਜ): ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਦੇ ਸੈਸ਼ਨ ਦੀ ਦੂਜੇ ਦਿਨ ਦੀ ਬੈਠਕ, ਵਿਰੋਧੀ ਧਿਰ ਵਲੋਂ ਪਾਏ ਰੌਲੇ-ਰੱਪੇ, ਨਾਹਰੇਬਾਜ਼ੀ ਤੇ ਵਾਕ-ਆਊਟ ਦੀ ਭੇਂਟ ਚੜ੍ਹ ਗਈ ਅਤੇ ਬੈਠਕ ਸਿਰਫ਼ ਡੇਢ ਘੰਟਾ ਚੱਲੀ ਜਿਸ ਦੌਰਾਨ ਸਿਰਫ਼ ਦੋ ਤਰਮੀਮੀ ਬਿਲ ਪਾਸ ਕੀਤੇ ਗਏ ਅਤੇ ਚਾਰ ਧਿਆਨ ਦਿਵਾਊ ਮਤੇ ਅਤੇ ਪ੍ਰਸਤਾਵ ਪਾਸ ਕੀਤੇ ਗਏ।ਸਵੇਰੇ 10:00 ਵਜੇ ਪ੍ਰਸ਼ਨ ਕਾਲ ਸ਼ੁਰੂ ਹੁੰਦਿਆਂ ਹੀ ਅਕਾਲੀ-ਭਾਜਪਾ ਗੁਟ ਦੇ ਪਰਮਿੰਦਰ ਸਿੰਘ ਢੀਂਡਸਾ ਨੇ ਅਪਣੀ ਧਿਰ ਵਲੋਂ ਕਿਸਾਨੀ ਕਰਜ਼ਿਆਂ ਦੀ ਮੁਆਫ਼ੀ ਨੂੰ ਲਮਲੇਟ ਕਰਨ ਦੇ ਮੁੱਦੇ 'ਤੇ ਦਿਤੇ ਕੰਮ ਰੋਕੂ ਪ੍ਰਸਤਾਵ 'ਤੇ ਬਹਿਸ ਦੀ ਮੰਗ ਕੀਤੀ। ਇਸੇ ਤਰ੍ਹਾਂ ਵਿਰੋਧੀ ਧਿਰ ਦੇ ਨੇਤਾ 'ਆਪ' ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਲ 35 ਲੱਖ ਰਿਸ਼ਵਤ ਬਾਰੇ ਫੈਲੀ ਵੀਡੀਉ ਤੇ ਨਸ਼ਾ ਤਸਕਰੀ ਮਾਮਲੇ ਦੇ ਦਿਤੇ ਕੰਮ ਰੋਕੂ ਪ੍ਰਸਤਾਵ ਸਬੰਧੀ ਚਰਚਾ ਦੀ ਮੰਗ ਕੀਤੀ। ਸਪੀਕਰ ਰਾਣਾ ਕੰਵਰਪਾਲ ਨੇ ਵਾਰ-ਵਾਰ ਨਿਯਮਾਂ ਅਤੇ ਕਾਨੂੰਨੀ ਧਾਰਾਵਾਂ ਦਾ ਵਾਸਤਾ ਪਾ ਕੇ ਇਹ ਮੁੱਦੇ ਪ੍ਰਸ਼ਨ ਕਾਲ ਤੋਂ ਬਾਅਦ ਸਿਫ਼ਰ ਕਾਲ ਵਿਚ ਉਠਾਉਣ ਲਈ ਕਿਹਾ ਪਰ ਦੋਹਾਂ ਵਿਰੋਧੀ ਧਿਰਾਂ ਨੇ ਅੜੀਅਲ ਰਵਈਆ ਅਪਣਾਅ ਕੇ ਹਾਊਸ ਦੀ ਕਾਰਵਾਈ ਵਿਚ ਰੁਕਾਵਟ ਪਾਈ। ਆਮ ਆਦਮੀ ਪਾਰਟੀ ਦੇ ਮੈਂਬਰ ਸਪੀਕਰ ਦੀ ਕੁਰਸੀ ਸਾਹਮਣੇ ਵੈੱਲ ਵਿਚ ਆ ਕੇ ਰੌਲਾ ਪਾਉਂਦੇ ਰਹੇ, ਨਾਹਰੇਬਾਜ਼ੀ ਕਰਦੇ ਰਹੇ ਜਦਕਿ ਅਕਾਲੀ-ਭਾਜਪਾ ਦੇ ਵਿਧਾਇਕ ਸੁਖਬੀਰ ਬਾਦਲ ਸਮੇਤ ਅਪਣੀਆਂ ਸੀਟਾਂ 'ਤੇ ਖੜੇ ਹੋ ਕੇ ਰੌਲਾ ਪਾਉਂਦੇ ਰਹੇ ਤੇ ਨਾਹਰੇ ਲਾਉਂਦੇ ਰਹੇ। ਇਸ ਹੁੱਲੜਬਾਜ਼ੀ ਵਿਚ ਪ੍ਰਸ਼ਨ ਕਾਲ ਸਿਰਫ਼ ਅੱਧਾ ਘੱਟਾ ਚਲਿਆ, ਸੱਤਾਧਾਰੀ ਬੈਂਚਾਂ ਵਲੋਂ ਵਿਧਾਇਕਾਂ ਨੇ ਪ੍ਰਸ਼ਨ ਪੁੱਛੇ, ਸਬੰਧਤ ਮੰਤਰੀਆਂ ਨੇ ਜਵਾਬ ਦਿਤੇ। ਵਿਰੋਧੀ ਧਿਰਾਂ ਦੇ ਵਿਧਾਇਕਾਂ ਵਲੋਂ ਸਵਾਲ ਨਹੀਂ ਪੁੱਛੇ ਗਏ ਕਿਉਂਕਿ ਸਪੀਕਰ ਨੇ ਵਾਰ-ਵਾਰ ਉਨ੍ਹਾਂ ਦਾ ਨਾਂਅ ਲਿਆ, ਉਹ ਤਾਂ ਨਾਹਰੇਬਾਜ਼ੀ ਕਰ ਰਹੇ ਸਨ। ਸਪੀਕਰ ਨੇ 31 ਮਿੰਟਾਂ ਮਗਰੋਂ, ਪ੍ਰਸ਼ਨਾਂ ਦੀ ਸੂਚੀ ਖ਼ਤਮ ਕਰ ਕੇ ਹਾਊਸ ਦੀ ਕਾਰਵਾਈ ਅੱਧੇ ਘੰਟੇ ਲਈ ਰੋਕ ਦਿਤੀ। ਜਦ 11 ਵਜੇ ਹਾਊਸ ਮੁੜ ਜੁੜਿਆ ਤਾਂ ਸਿਫ਼ਰ ਕਾਲ ਦਾ ਫ਼ਾਇਦਾ ਉਠਾਉਂਦੇ ਹੋਏ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਫਿਰ 35 ਲੱਖ ਵਾਲੀ ਰਿਸ਼ਵਤ ਦੀ ਦਲਾਲੀ ਅਤੇ ਸਾਜ਼ਸ਼ ਸਬੰਧੀ ਅਕਾਲੀ ਦਲ ਤੇ ਕਾਂਗਰਸੀ ਨੇਤਾਵਾਂ ਦਾ ਨਾਂਅ ਲੈ ਕੇ ਸੀਬੀਆਈ ਜਾਂਚ ਕਰਾਉਣ ਦਾ ਮੁੱਦਾ ਚੁਕਿਆ।