ਬਠਿੰਡਾ/ਬਠਿੰਡਾ (ਦਿਹਾਤੀ), 23 ਫ਼ਰਵਰੀ (ਸੁਖਜਿੰਦਰ ਮਾਨ/ਲੁਭਾਸ਼ ਸਿੰਗਲਾ/ਜਸਵੀਰ ਸਿੱਧੂ/ਗੁਰਪ੍ਰੀਤ ਸਿੰਘ) : ਅੱਜ ਬਾਅਦ ਦੁਪਿਹਰ ਵਿਜੀਲੈਂਸ ਬਿਊਰੋ ਦੀ ਟੀਮ ਨੇ ਸਾਢੇ 17 ਹਜ਼ਾਰ ਰੁਪਏ ਰਿਸਵਤ ਲੈਂਦੇ ਹੋਏ ਥਾਣਾ ਤਲਵੰਡੀ ਸਾਬੋ ਦੇ ਐਸ.ਐਚ.ਓ ਅਤੇ ਇਕ ਹੌਲਦਾਰ ਨੂੰ ਕਾਬੂ ਕੀਤਾ ਹੈ। ਵਿਜੀਲੈਂਸ ਬਿਊਰੋ ਬਠਿੰਡਾ ਰੇਂਜ ਦੇ ਐਸ.ਐਸ.ਪੀ ਜਗਜੀਤ ਸਿੰਘ ਭੁਗਤਾਣਾ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਵਿਜੀਲੈਂਸ ਕੋਲ ਬਸੰਤ ਸਿੰਘ ਵਾਸੀ ਪਿੰਡ ਬੱਲੋ ਤਹਿਸੀਲ ਮੋੜ ਨੇ ਸਿਕਾਇਤ ਕੀਤੀ ਸੀ ਕਿ ਉਸ ਨੇ ਪਿੰਡ ਜੋਧਪੁਰ ਦੇ ਚਮਕੌਰ ਸਿੰਘ ਕੋਲੋ ਡੇਢ ਲੱਖ ਰੁਪਏ ਲੈਣੇ ਸਨ। ਚਮਕੌਰ ਸਿੰਘ ਨੇ ਪੈਸੇ ਵਾਪਸ ਕਰਨ ਦੀ ਬਜਾਏ ਉਸ ਨਾਲ ਝਗੜਾ ਕੀਤਾ, ਜਿਸ ਦੀ ਸ਼ਿਕਾਇਤ ਉਸ ਨੇ ਥਾਣਾ ਤਲਵੰਡੀ ਸਾਬੋ ਵਿਖੇ ਕਰ ਦਿਤੀ। ਇਸ ਦੌਰਾਨ ਥਾਣਾ ਮੁਖੀ ਵਲੋਂ ਪੈਸੇ ਵਾਪਸ ਕਰਵਾਉਣ ਦਾ ਭਰੋਸਾ ਦਿਤਾ ਗਿਆ ਪ੍ਰੰਤੂ ਇਸ ਬਦਲੇ ਥਾਣਾ ਮੁਖੀ ਮਹਿੰਦਰਜੀਤ ਦੇ ਦਲਾਲ ਵਜੋਂ ਕੰਮ ਕਰ ਰਹੇ ਹੌਲਦਾਰ ਗੁਰਮੀਤ ਸਿੰਘ, ਜਿਸ ਦੇ ਬਾਰੇ ਪਤਾ ਚਲਿਆ ਹੈ ਕਿ ਉਹ ਮਾਨਸਾ ਦੀ ਪੁਲਿਸ ਲਾਈਨ ਵਿਖੇ ਤੈਨਾਤ ਹੈ, ਦੁਆਰਾ 35 ਹਜ਼ਾਰ ਰੁਪਏ ਬਤੌਰ ਰਿਸ਼ਵਤ ਮੰਗ ਕੀਤੀ ਗਈ। ਐਸ.ਐਸ.ਪੀ ਭੁਗਤਾਣਾ ਮੁਤਾਬਕ ਬਾਅਦ 'ਚ ਸੌਦਾ 30 ਹਜ਼ਾਰ ਰੁਪਏ ਵਿਚ ਹੋ ਗਿਆ। ਸੌਦੇ ਤਹਿਤ ਥਾਣਾ ਮੁਖੀ ਨੇ ਚਮਕੌਰ ਸਿੰਘ ਨੂੰ ਥਾਣੇ ਬੁਲਾ ਕੇ ਬਸੰਤ ਸਿੰਘ ਕੋਲੋਂ ਹੱਥ ਉਧਾਰ ਲਏ ਡੇਢ ਲੱਖ ਰੁਪਏ ਵਾਪਸ ਕਰਨ ਲਈ ਦਬਾਅ ਪਾਇਆ ਤੇ ਅਜਿਹਾ ਨਾ ਕਰਨ 'ਤੇ ਪਰਚਾ ਦਰਜ ਕਰ ਕੇ ਅੰਦਰ ਕਰਨ ਬਾਰੇ ਕਿਹਾ।