ਰੋਹਤਕ,
15 ਸਤੰਬਰ : ਸੌਦਾ ਸਾਧ ਦੇ ਜੇਲ ਜਾਣ ਦੇ 20 ਦਿਨ ਮਗਰੋਂ ਕਲ ਉਸ ਦੀ ਮਾਂ ਜੇਲ ਵਿਚ ਉਸ
ਨੂੰ ਮਿਲਣ ਪਹੁੰਚੀ। ਅਪਣੀ ਮਾਂ ਨੂੰ ਵੇਖਦਿਆਂ ਹੀ ਸੌਦਾ ਸਾਧ ਰੋਣ ਲੱਗ ਪਿਆ ਤੇ ਕੁੱਝ
ਸਮੇਂ ਲਈ ਮਾਂ ਨਾਲ ਅੱਖ ਨਾ ਮਿਲਾ ਸਕਿਆ।
ਇੰਟਰਕਾਮ 'ਤੇ ਗੱਲਬਾਤ ਕਰਦਿਆਂ ਸੌਦਾ ਸਾਧ
ਨੇ ਅਪਣੀ ਮਾਂ ਨੂੰ ਕਿਹਾ ਕਿ ਜੇਲ ਵਿਚ 20 ਸਾਲ ਕਿਵੇਂ ਕੱਟਾਂਗਾ? ਨਸੀਬ ਕੌਰ ਨੇ ਉਸ ਨੂੰ
ਹੌਸਲਾ ਦਿੰਦਿਆਂ ਕਿਹਾ ਕਿ ਛੇਤੀ ਹੀ ਹਾਈ ਕੋਰਟ ਵਿਚ ਅਪੀਲ ਪਾਵਾਂਗੇ। ਪੁੱਤਰ ਨੂੰ
ਰੋਂਦਾ ਵੇਖ ਕੇ ਨਸੀਬ ਕੌਰ ਵੀ ਰੋਣ ਲੱਗ ਪਈ। ਨਸੀਬ ਕੌਰ ਦੁਪਹਿਰ ਬਾਅਦ 3.10 ਵਜੇ
ਸੁਨਾਰੀਆ ਜੇਲ ਵਿਚ ਪਹੁੰਚੀ। ਉਸ ਨਾਲ ਉਸ ਦਾ ਡਰਾਈਵਰ ਇਕਬਾਲ ਸਿੰਘ ਵੀ ਸੀ। ਜਿਸ ਗੱਡੀ
ਵਿਚ ਉਹ ਆਈ ਸੀ, ਉਹ ਰਾਜਸਥਾਨ ਨੰਬਰ ਦੀ ਸੀ। ਪੁਲਿਸ ਨੇ ਗੱਡੀ ਦੀ ਤਲਾਸ਼ੀ ਲਈ ਅਤੇ ਪੂਰੀ
ਵੀਡੀਉ ਬਣਾਈ ਗਈ। ਫਿਰ ਦੋਹਾਂ ਨੂੰ ਪਛਾਣ ਪੱਤਰ ਦਿਤੇ ਗਏ ਅਤੇ ਅੰਦਰ ਜਾਣ ਦਿਤਾ ਗਿਆ।
ਸੌਦਾ
ਸਾਧ ਨੂੰ ਮੁਲਾਕਾਤ ਵਾਲੇ ਕਮਰੇ ਵਿਚ ਲਿਆਂਦਾ ਗਿਆ ਤਾਂ ਮਾਂ ਨੂੰ ਵੇਖ ਕੇ ਉਸ ਦੀ ਅੱਖ
ਭਰ ਆਈ। ਪੁੱਤਰ ਨੂੰ ਰੋਂਦਾ ਵੇਖ ਕੇ ਨਸੀਬ ਕੌਰ ਵੀ ਰੋਣ ਲੱਗ ਪਈ। ਦੋਹਾਂ ਜਣਿਆਂ ਵਿਚਕਾਰ
ਸ਼ੀਸ਼ਾ ਸੀ ਜਿਸ ਕਾਰਨ ਇਕ ਦੂਜੇ ਨੂੰ ਸਿਰਫ਼ ਵੇਖ ਸਕਦੇ ਸਨ ਤੇ ਗੱਲਬਾਤ ਵੀ ਫ਼ੋਨ 'ਤੇ ਹੀ
ਹੋਈ। ਸੌਦਾ ਸਾਧ ਨੂੰ ਆਮ ਕੈਦੀਆਂ ਵਾਂਗ ਮਿਲਵਾਇਆ ਗਿਆ।
ਸੂਤਰਾਂ ਮੁਤਾਬਕ ਸੌਦਾ ਸਾਧ
ਨੇ ਇਹ ਵੀ ਪੁਛਿਆ ਕਿ ਡੇਰਾ ਕਿਵੇਂ ਚੱਲ ਰਿਹਾ ਹੈ? ਨਸੀਬ ਕੌਰ ਨੇ ਕਿਹਾ ਕਿ ਸੱਭ ਠੀਕ
ਹੈ। ਪੁਲਿਸ ਨੇ ਕੁੱਝ ਦਿਨ ਪਹਿਲਾਂ ਡੇਰੇ ਵਿਚ ਤਲਾਸ਼ੀ ਮੁਹਿੰਮ ਚਲਾਈ ਸੀ। ਨਸੀਬ ਕੌਰ ਨੇ
ਘਰ ਵਿਚ ਸਾਰੇ ਜੀਆਂ ਦੇ ਠੀਕ ਹੋਣ ਦੀ ਗੱਲ ਵੀ ਕਹੀ। ਨਸੀਬ ਕੌਰ ਜਿਸ ਗੱਡੀ ਵਿਚ ਆਈ, ਉਸ
ਵਿਚ ਕਈ ਬੈਗ ਅਤੇ ਲਿਫ਼ਾਫ਼ੇ ਸਨ ਜਿਨ੍ਹਾਂ ਵਿਚ ਫੱਲ, ਸੁੱਕੇ ਮੇਵੇ ਅਤੇ ਖਾਣ ਪੀਣ ਦੀਆਂ
ਹੋਰ ਚੀਜ਼ਾਂ ਸਨ। ਇਸ ਸਮਾਨ ਤੋਂ ਇਲਾਵਾ ਕਪੜੇ ਵੀ ਸਨ। (ਏਜੰਸੀ)